ਦੋਆਬਾ ਰਿਹੈ ਕਬੂਤਰਬਾਜ਼ਾਂ ਦਾ ਗੜ੍ਹ, ਫਰਜ਼ੀ ਟ੍ਰੈਵਲ ਏਜੰਟ ਬਿਨਾਂ ਲਾਇਸੈਂਸ ਕਰ ਰਹੇ ਨੇ ਕੰਮ

01/14/2020 12:57:15 PM

ਕਪੂਰਥਲਾ (ਭੂਸ਼ਣ)— ਸੂਬੇ 'ਚ ਲਗਾਤਾਰ ਕਬੂਤਰਬਾਜ਼ੀ ਦੀਆਂ ਘਟਨਾਵਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਵੱਡੀ ਗਿਣਤੀ 'ਚ ਨੌਜਵਾਨਾਂ ਦੀ ਦੱਖਣੀ ਅਮਰੀਕੀ ਦੇਸ਼ਾਂ 'ਚ ਜਾਣ ਦੀ ਕੋਸ਼ਿਸ਼ 'ਚ ਮੌਤ ਮਾਮਲੇ ਨੂੰ ਲੈ ਕੇ ਹਰਕਤ 'ਚ ਆਈ ਸੂਬਾ ਸਰਕਾਰ ਵੱਲੋਂ ਟ੍ਰੈਵਲ ਏਜੰਟਾਂ ਨੂੰ ਲਾਇਸੈਂਸ ਨਾਲ ਹੀ ਕੰਮ ਕਰਨ ਨੂੰ ਲੈ ਕੇ ਜਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਜ਼ਿਲਾ ਭਰ 'ਚ ਵੱਡੀ ਗਿਣਤੀ 'ਚ ਅਜਿਹੇ ਕਬੂਤਰਬਾਜ਼ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੇ ਹਨ, ਜੋ ਲੋਕਾਂ ਨੂੰ ਯੂਰਪ ਅਤੇ ਅਮਰੀਕਾ ਆਦਿ ਦੇਸ਼ਾਂ 'ਚ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਰਕਮ ਵਸੂਲ ਰਹੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਖਾਸ ਕਰਕੇ ਦੋਆਬਾ ਖੇਤਰ ਲੰਬੇ ਸਮੇਂ ਤੋਂ ਕਬੂਤਰਬਾਜ਼ਾਂ ਦਾ ਗੜ੍ਹ ਰਿਹਾ ਹੈ। ਸੂਬੇ ਦੇ ਨੌਜਵਾਨਾਂ 'ਚ ਵਿਦੇਸ਼ ਜਾਣ ਦੇ ਕਰੇਜ ਨੂੰ ਵੇਖਦੇ ਹੋਏ ਵੱਡੀ ਗਿਣਤੀ 'ਚ ਅਜਿਹੇ ਫਰਜ਼ੀ ਟ੍ਰੈਵਲ ਏਜੰਟ ਸਰਗਰਮ ਹਨ, ਜੋ ਭੋਲੇ-ਭਾਲੇ ਲੋਕਾਂ ਨੂੰ ਅਮੀਰ ਦੇਸ਼ਾਂ 'ਚ ਭੇਜਣ ਦੇ ਨਾਂ 'ਤੇ ਮੋਟੀ ਰਕਮ ਵਸੂਲ ਰਹੇ ਹਨ। ਜਿਸ ਦੌਰਾਨ ਯੂਰਪ ਜਾਣ ਦੀ ਕੋਸ਼ਿਸ਼ 'ਚ ਕਈ ਨੌਜਵਾਨ ਸਮੁੰਦਰ ਵਿਚ ਡੁੱਬ ਗਏ ਹਨ। ਉਥੇ ਹੀ ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਵੱਡੀ ਗਿਣਤੀ ਵਿਚ ਨੌਜਵਾਨ ਗਵਾਟੇਮਾਲਾ, ਕੋਲੰਬੀਆ, ਪਨਾਮਾ ਅਤੇ ਮੈਕਸੀਕੋ ਵਿਚ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਜਿਸ ਨੂੰ ਵੇਖਦੇ ਹੋਏ ਸੂਬੇ ਸਰਕਾਰ ਨੇ ਸਾਰੀਆਂ ਜੇਲਾਂ 'ਚ ਟ੍ਰੈਵਲ ਏਜੰਟਾਂ 'ਤੇ ਲਗਾਮ ਕੱਸਣ ਦੇ ਮਕਸਦ ਨਾਲ ਲਾਇਸੈਂਸ ਪ੍ਰਕ੍ਰਿਆ ਨੂੰ ਜਾਰੀ ਕੀਤਾ ਸੀ, ਜਿਸ ਤਹਿਤ ਸੂਬੇ ਭਰ ਵਿਚ ਭਾਰੀ ਗਿਣਤੀ 'ਚ ਲਾਇਸੈਂਸ ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ ਵੀ ਫਰਜ਼ੀ ਟ੍ਰੈਵਲ ਏਜੰਟਾਂ ਦੀ ਖੇਡ ਲਗਾਤਾਰ ਜਾਰੀ ਹੈ।

ਯੂਰਪ ਭੇਜਣ ਦੇ ਨਾਂ 'ਤੇ ਵਸੂਲੇ ਜਾ ਰਹੇ ਹਨ 15 ਤੋਂ 30 ਲੱਖ ਰੁਪਏ!
ਇਸ ਪੂਰੀ ਖੇਡ 'ਚ ਅਜਿਹੇ ਕਬੂਤਰਬਾਜ਼ ਸਰਗਰਮ ਹਨ, ਜੋ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਜਿੱਥੇ ਅਮਰੀਕਾ ਅਤੇ ਯੂਰਪ ਭੇਜਣ ਦੇ ਨਾਂ 'ਤੇ 15 ਤੋਂ ਲੈ ਕੇ 30 ਲੱਖ ਰੁਪਏ ਦੀ ਰਕਮ ਵਸੂਲ ਰਹੇ ਹਨ, ਉਥੇ ਹੀ ਅਜਿਹੇ ਫਰਜ਼ੀ ਟ੍ਰੈਵਲ ਏਜੰਟਾਂ ਦੇ ਕੋਲ ਕੋਈ ਵੀ ਸਰਕਾਰੀ ਲਾਇਸੈਂਸ ਨਹੀਂ ਹੈ। ਜਿਸ ਕਾਰਨ ਅਜਿਹੇ ਲੋਕਾਂ ਨੂੰ ਸਰਕਾਰੀ ਤੌਰ 'ਤੇ ਕੋਈ ਨਾਂ ਅਤੇ ਪਤਾ ਰਜਿਸਟਰਡ ਨਹੀਂ ਹੈ। ਅਜਿਹੇ ਲੋਕ ਐੱਫ. ਆਈ. ਆਰ. ਦਰਜ ਹੋਣ ਦੇ ਬਾਅਦ ਫਰਾਰ ਹੋ ਜਾਂਦੇ ਹਨ।

ਜ਼ਿਲੇ ਦੇ 15 ਥਾਣਿਆਂ 'ਚ ਕਬੂਤਬਾਜ਼ਾਂ ਖਿਲਾਫ ਦਰਜ ਹਨ 40 ਮਾਮਲੇ
ਜੇਕਰ ਸਾਲ 2019 ਦੇ ਦੌਰਾਨ ਜ਼ਿਲਾ ਕਪੂਰਥਲਾ ਦੀ ਪੁਲਸ ਵੱਲੋਂ ਦਰਜ ਕਬੂਤਰਬਾਜ਼ੀ ਦੇ ਮਾਮਲਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਪੁਲਸ ਨੇ 15 ਥਾਣਿਆਂ 'ਚ ਕਰੋੜਾਂ ਰੁਪਏ ਹੜੱਪਣ ਦੇ 40 ਮਾਮਲੇ ਦਰਜ ਕੀਤੇ ਹਨ। ਜਿਨ੍ਹਾਂ 'ਚ ਕਈ ਮਾਮਲਿਆਂ 'ਚ ਸ਼ਾਮਲ ਕਬੂਤਰਬਾਜ਼ ਫਰਾਰ ਦੱਸੇ ਜਾ ਰਹੇ ਹੈ। ਉਥੇ ਹੀ ਪਿਛਲੇ ਲੰਬੇ ਸਮੇਂ ਤੋਂ ਸਿਵਲ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਫਰਜ਼ੀ ਟ੍ਰੈਵਲ ਏਜੰਟਾਂ ਖਿਲਾਫ ਚੱਲ ਰਹੀ ਮੁਹਿੰਮ ਠੰਡੀ ਪੈਣ ਅਤੇ ਚੈਕਿੰਗ ਪ੍ਰਕ੍ਰਿਆ ਲਗਭਗ ਬੰਦ ਹੋਣ ਨਾਲ ਅਜਿਹੇ ਫਰਜ਼ੀ ਟ੍ਰੈਵਲ ਏਜੰਟ ਫਿਰ ਤੋਂ ਆਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲੱਗੇ ਹਨ ਅਤੇ ਵੱਡੀ ਗਿਣਤੀ ਵਿਚ ਭੋਲ਼ੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਰਹੇ ਹਨ। ਫਰਜ਼ੀ ਟ੍ਰੈਵਲ ਏਜੰਟਾਂ ਖਿਲਾਫ ਜ਼ਿਲਾ ਪੁਲਸ ਨੇ ਸਖ਼ਤ ਕਾਰਵਾਈ ਕੀਤੀ ਹੈ ਅਤੇ ਵੱਡੀ ਗਿਣਤੀ ਵਿਚ ਕਬੂਤਰਬਾਜ਼ਾਂ ਨੂੰ ਨਾਮਜ਼ਦ ਕੀਤਾ ਹੈ। ਉਥੇ ਹੀ ਲੋਕਾਂ ਨੂੰ ਅਜਿਹੇ ਫਰਜ਼ੀ ਟ੍ਰੈਵਲ ਏਜੰਟਾਂ ਦੇ ਸਬੰਧ 'ਚ ਪੁਲਸ ਨੂੰ ਸ਼ਿਕਾਇਤ ਦੇਣੀ ਚਾਹੀਦੀ ਹੈ। –ਸਤਿੰਦਰ ਸਿੰਘ, ਐੱਸ. ਐੱਸ. ਪੀ.।


shivani attri

Content Editor

Related News