ਪ੍ਰੇਸ਼ਾਨ ਸਵਾਰੀਆਂ ਨੇ ਬੱਸ ਦੀ ਕੀਤੀ ਭੰਨ-ਤੋਡ਼

Saturday, Oct 20, 2018 - 12:34 AM (IST)

ਪ੍ਰੇਸ਼ਾਨ ਸਵਾਰੀਆਂ ਨੇ ਬੱਸ ਦੀ ਕੀਤੀ ਭੰਨ-ਤੋਡ਼

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਦਿੱਲੀ ਤੋਂ ਮਨਾਲੀ (ਹਿ.ਪ੍ਰ.) ਸਵਾਰੀਆਂ ਲੈ ਕੇ ਜਾ ਰਹੀ ਇਕ ਪ੍ਰਾਈਵੇਟ ਬੱਸ ਦੇ ਵਾਰ-ਵਾਰ ਖਰਾਬ ਹੋਣ ਕਾਰਨ ਦੁਖੀ ਹੋਈਆਂ ਸਵਾਰੀਆਂ ਨੇ ਗੁੱਸੇ ਵਿਚ ਆ ਕੇ  ਬੱਸ ਦੀ ਭੰਨ-ਤੋਡ਼ ਕਰ ਦਿੱਤੀ।
  ਜਾਣਕਾਰੀ ਅਨੁਸਾਰ ਬੱਸ ਜੋ ਕਿ ਹਰੀ ਟਰੈਵਲ ਦਿੱਲੀ ਤੋਂ ਸਵਾਰੀਆਂ ਲੈ ਕੇ ਮਨਾਲੀ ਜਾ ਰਹੀ ਸੀ , ਇਸ ਦੌਰਾਨ ਬੱਸ ਵਿਚ ਨੁਕਸ ਪੈ ਜਾਣ ਕਾਰਨ ਬੱਸ ਪਿੰਡ ਦੇਹਣੀ ਲਾਗੇ ਖਰਾਬ ਹੋ ਗਈ ਜਿਸ ਨੂੰ ਠੀਕ ਕਰਨ ਲਈ ਬਰੂਵਾਲ ਵਿਖੇ ਏਜੰਸੀ ਵਿਚ ਲਿਆਂਦਾ ਗਿਆ ਪਰ ਸਵਾਰੀਅਾਂ ਵੱਲੋਂ ਬੱਸ ਡਰਾਈਵਰ ਰਾਜਿੰਦਰ ਕੁਮਾਰ ਪੁੱਤਰ ਰਮੇਸ਼ਵਰ ਪ੍ਰਸਾਦ ਵਾਸੀ ਟੋਡੀਕੀ ਦਾਣੀ ਥਾਣਾ ਮਨਹੋਰਪੁਰ   ਜ਼ਿਲਾ  ਜੈਪੁਰ ਰਾਜਸਥਾਨ ਨੂੰ ਮਨਾਲੀ ਜਾਣ ਲਈ ਹੋਰ ਪ੍ਰਬੰਧ ਕਰਨ ਲਈ ਕਿਹਾ ਜਿਸ ਤੋਂ ਬਾਅਦ ਡਰਾਈਵਰ ਨੇ ਬੱਸ ਮਾਲਕ ਨਾਲ ਗੱਲ ਕਰ ਕੇ ਸਵਾਰੀਆਂ ਨੂੰ ਮਨਾਲੀ ਜਾਣ ਲਈ ਹੋਰ ਪ੍ਰਬੰਧ ਕਰਨ ਲਈ ਨਜ਼ਦੀਕੀ ਬੱਸ ਸਟੈਂਡ ਕੀਰਤਪੁਰ ਸਾਹਿਬ ਵਿਖੇ  ਗਿਆ ਅਤੇ ਉਥੇ ਹੋਰ ਬੱਸ ਦਾ ਪ੍ਰਬੰਧ ਕੀਤਾ। ਜਦੋਂ ਉਸ ਨੇ ਸਵਾਰੀਆਂ ਨੂੰ ਆ ਕੇ ਦੱਸਿਆ ਕੇ ਬੱਸ 5 ਵਜੇ ਆਉਣੀ ਹੈ ਤਾਂ ਪਹਿਲਾਂ ਹੀ ਪ੍ਰੇਸ਼ਾਨ ਸਵਾਰੀਆਂ ਨੇ ਬੱਸ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ। ਜਿਸ ਨੂੰ ਦੇਖਦਿਆਂ ਲੋਕ ਇਕੱਠੇ ਹੋ ਗਏ ਤੇੇ ਉਨ੍ਹਾਂ ਨੇ ਇਸ ਸਬੰਧੀ ਥਾਣਾ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਸੂਚਨਾ ਦਿੱਤੀ । ਇਸ ਸਬੰਧੀ ਬੱਸ ਵਿਚ ਸਵਾਰ ਸਵਾਰੀਆਂ ਨੇ ਦੱਸਿਆ ਕਿ ਉਨ੍ਹਾਂ  ਨੇ ਵੋਲਵੋ ਬੱਸ ਦੀ ਬੁਕਿੰਗ ਕਰਵਾਈ ਸੀ ਜਿਸ ਲਈ ਉਨ੍ਹਾਂ   1500 ਰੁਪਏ ਦੇ ਹਿਸਾਬ ਨਾਲ ਪਰ ਸਵਾਰੀ ਕਿਰਾਇਆ ਦਿੱਤਾ ਪਰ ਬਾਅਦ ਵਿਚ ਉਨ੍ਹਾਂ ਨੂੰ ਇਕ ਪ੍ਰਾਈਵੇਟ ਬੱਸ ਭੇਜ ਦਿੱਤੀ ਗਈ ਜਿਸ ਦਾ ਦਿੱਲੀ ਤੋਂ ਚੱਲਣ ਦਾ ਟਾਈਮ ਸ਼ਾਮ 6 ਵਜੇ ਸੀ ਪਰ  ਰਾਤ 11.40 ਵਜੇ ਬੱਸ ਉਥੋਂ ਚੱਲੀ, ਰਸਤੇ ਵਿਚ ਬੱਸ 5-6 ਵਾਰ ਖਰਾਬ ਹੋਈ ਅਤੇ ਸਵੇਰੇ 10 ਵਜੇ ਦੇ ਕਰੀਬ ਬੱਸ ਹਿਮਾਚਲ ਪ੍ਰਦੇਸ਼ ਬਾਰਡਰ  ਦੇ ਨਜ਼ਦੀਕ ਖਰਾਬ ਹੋ ਗਈ ਜਿਸ ਨੂੰ ਠੀਕ ਕਰਨ ਲਈ ਏਜੰਸੀ ਲਿਆਂਦਾ ਗਿਆ ਪਰ ਏਜੰਸੀ ਵਾਲਿਆਂ ਨੇ ਬੱਸ ਠੀਕ ਕਰਨ ਤੋਂ ਇਨਕਾਰ ਕਰ ਦਿੱਤਾ। 
ਜਦੋਂ ਅਸੀਂ ਡਰਾਈਵਰ ਨਾਲ ਗੱਲ ਕੀਤੀ ਕਿ ਸਾਡੇ ਜਾਣ ਦਾ ਹੋਰ ਬਦਲਵਾਂ ਪ੍ਰਬੰਧ ਕੀਤਾ ਜਾਵੇ ਤਾਂ ਬੱਸ ਡਰਾਈਵਰ ਨੇ ਸਾਡੇ ਨਾਲ ਗਲਤ ਵਿਵਹਾਰ ਕੀਤਾ । ਹਾਜ਼ਰ ਸਵਾਰੀਆਂ ਨੇ ਦੱਸਿਆ ਕਿ ਬੱਸ ਵਿਚ  41 ਸਵਾਰੀਆਂ ਸਵਾਰ ਸਨ ਜਿਨ੍ਹਾਂ  ਲੋਕਾਂ ਨੇ ਬੱਸ ਦੀ ਭੰਨ-ਤੋਡ਼ ਕੀਤੀ ਹੈ ਉਹ ਦੌਡ਼ ਗਏ ਹਨ। ਉੱਧਰ ਮੌਕੇ ’ਤੇ ਪਹੁੰਚੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਏ. ਐੱਸ. ਆਈ. ਬਲਵੀਰ ਸਿੰਘ ਦੀ ਪੁਲਸ ਪਾਰਟੀ ਵੱਲੋਂ ਬੱਸ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ  ਜਦੋਂ ਬੱਸ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੱਸ ਹਿਮਾਚਲ ਟਰੈਵਲ ਹਾਈਟ ਵਾਲਿਆਂ ਨੇ ਬੁੱਕ ਕੀਤੀ ਸੀ ਜੋ ਬੱਸ ਉਨ੍ਹਾਂ ਮੰਗੀ ਸੀ ਉਹੀ ਬੱਸ ਭੇਜੀ ਗਈ ਹੈ। ਜੇ ਬੱਸ ਖਰਾਬ ਹੋਈ ਸੀ ਤਾਂ ਉਸ  ਨੂੰ ਠੀਕ ਵੀ ਕਰਵਾਇਆ ਜਾ ਰਿਹਾ ਸੀ।


Related News