ਆਦਮਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਦਲਣ ਦੀਆਂ ਚਰਚਾਵਾਂ ਹੋਈਆਂ ਤੇਜ਼

01/28/2022 4:39:22 PM

ਜਲੰਧਰ (ਚੋਪੜਾ)-ਪੰਜਾਬ ’ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਲਈ ਪਹੁੰਚੇ ਰਾਹੁਲ ਗਾਂਧੀ ਵੱਲੋਂ ਜਲੰਧਰ ਵਿਚ ਕੀਤੀ ਗਈ ਵਰਚੁਅਲ ਰੈਲੀ ’ਚ ਸੂਬੇ ਭਰ ਦੇ ਕਈ ਕਾਂਗਰਸੀ ਉਮੀਦਵਾਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਹਲਕਾ ਉੱਤਰੀ ਤੋਂ ਬਾਵਾ ਹੈਨਰੀ, ਹਲਕਾ ਜਲੰਧਰ ਵੈਸਟ ਤੋਂ ਸੁਸ਼ੀਲ ਰਿੰਕੂ, ਹਲਕਾ ਸੈਂਟਰਲ ਤੋਂ ਰਜਿੰਦਰ ਬੇਰੀ, ਹਲਕਾ ਕੈਂਟ ਤੋਂ ਪਰਗਟ ਸਿੰਘ, ਹਲਕਾ ਕਰਤਾਰਪੁਰ ਤੋਂ ਚੌਧਰੀ ਸੁਰਿੰਦਰ ਸਿੰਘ, ਹਲਕਾ ਨਕੋਦਰ ਤੋਂ ਡਾ. ਨਵਜੋਤ ਦਹੀਆ, ਹਲਕਾ ਸ਼ਾਹਕੋਟ ਤੋਂ ਲਾਡੀ ਸ਼ੇਰੋਵਾਲੀਆ ਅਤੇ ਹਲਕਾ ਫਿਲੌਰ ਤੋਂ ਵਿਕਰਮ ਚੌਧਰੀ ਵੀ ਸ਼ਾਮਲ ਸਨ ਪਰ ਹਲਕਾ ਆਦਮਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦਾ ਨਾ ਪੁੱਜਣਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਦੇ ਨਾਲ ਹੀ ਜਦੋਂ ਰਾਹੁਲ ਗਾਂਧੀ ਸਟੇਜ ’ਤੇ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਲਈ ਸੀਨੀਅਰ ਕਾਂਗਰਸੀ ਆਗੂਆਂ ਦੇ ਨਾਲ ਮਹਿੰਦਰ ਕੇ. ਪੀ. ਵੀ ਮੌਜੂਦ ਸਨ। ਜਦੋਂ ਕੇ. ਪੀ. ਨੇ ਉਨ੍ਹਾਂ ਨਾਲ ਹੱਥ ਮਿਲਾਇਆ ਤਾਂ ਕੇ. ਪੀ. ਨੇ ਉਨ੍ਹਾਂ ਨੂੰ ਕੁਝ ਕਿਹਾ, ਜਿਸ ਨੂੰ ਸੁਣ ਕੇ ਇਕ ਵਾਰ ਤਾਂ ਰਾਹੁਲ ਅੱਗੇ ਵਧ ਗਏ ਪਰ ਉਹ ਅਚਾਨਕ ਵਾਪਸ ਮੁੜੇ ਅਤੇ ਕੇ. ਪੀ. ਦੇ ਕੰਨ ’ਚ ਕੁਝ ਕਿਹਾ।

ਇਹ ਵੀ ਪੜ੍ਹੋ : ਮਨਦੀਪ ਮੰਨਾ ਦੇ ਕੈਪਟਨ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀ ਦਲ ਨਾਲ ਹੋਇਆ ਗੁਪਤ ਸਮਝੌਤਾ

ਇਸ ਸਾਰੀ ਘਟਨਾ ’ਤੇ ਕੋਟਲੀ ਦੇ ਨਾ ਹੋਣ ਕਾਰਨ ਕਾਂਗਰਸ ਦੇ ਗਲਿਆਰਿਆਂ ’ਚ ਚਰਚਾ ਛਿੜ ਗਈ ਹੈ ਕਿ ਹਾਈਕਮਾਂਡ ਆਦਮਪੁਰ ਹਲਕੇ ਤੋਂ ਉਮੀਦਵਾਰ ਬਦਲਣ ਦੀ ਤਿਆਰੀ ਕਰ ਰਹੀ ਹੈ। ਕੀ ਕੋਟਲੀ ਨੂੰ ਕੋਈ ਸੰਕੇਤ ਮਿਲਿਆ ਹੈ, ਜਿਸ ਕਾਰਨ ਉਸ ਨੇ ਰਾਹੁਲ ਦੀ ਅੱਜ ਦੀ ਰੈਲੀ ਤੋਂ ਦੂਰੀ ਬਣਾਈ ਰੱਖੀ ਹੈ? ਪਰ ਲੱਗਦਾ ਹੈ ਕਿ ਕਾਂਗਰਸ ਹਾਈਕਮਾਂਡ ਬਾਕੀ 8 ਟਿਕਟਾਂ ਦਾ ਐਲਾਨ ਕਰਦੇ ਹੋਏ ਆਦਮਪੁਰ ਹਲਕਾ ਬਾਰੇ ਵੀ ਆਪਣਾ ਫੈਸਲਾ ਦੇ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਨਾ ਸਿਰਫ਼ ਆਦਮਪੁਰ ਬਲਕਿ ਸੂਬੇ ਦੇ ਹੋਰ ਵਿਧਾਨ ਸਭਾ ਹਲਕਿਆਂ ’ਚ ਵੀ ਬਗਾਵਤ ਦੇ ਮੱਦੇਨਜ਼ਰ ਉਮੀਦਵਾਰ ਬਦਲੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਕਰੀਬ ਇਕ ਮਹੀਨਾ ਪਹਿਲਾਂ ਬਸਪਾ ਛੱਡ ਕੇ ਕਾਂਗਰਸ ਵਿਚ ਆਏ ਕੋਟਲੀ ਨੂੰ ਕੇ. ਪੀ. ਦੀ ਥਾਂ ਆਦਮਪੁਰ ਤੋਂ ਟਿਕਟ ਦੇਣ ਤੋਂ ਬਾਅਦ ਕੇ. ਪੀ. ਨੇ ਹਾਈਕਮਾਂਡ ਅੱਗੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਕੇ. ਪੀ. ਨੇ ਦਾਅਵਾ ਕੀਤਾ ਸੀ ਕਿ ਉਹ ਇਸ ਵਾਰ ਚੋਣ ਜ਼ਰੂਰ ਲੜਨਗੇ। ਜਿਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ, ਜੋ ਕੇ. ਪੀ. ਦੇ ਕਰੀਬੀ ਰਿਸ਼ਤੇਦਾਰ ਹਨ, ਨੇ ਵੀ ਉਨ੍ਹਾਂ ਦੀ ਟਿਕਟ ਕੱਟਣ ਦੇ ਹਾਈਕਮਾਂਡ ਦੇ ਫੈਸਲੇ ਨੂੰ ਗ਼ਲਤ ਦੱਸਿਆ ਹੈ। ਭਾਵੇਂ ਕੇ. ਪੀ. ਨੇ ਹਰ ਹਾਲਤ ਵਿਚ ਚੋਣ ਲੜਨ ਦਾ ਦਾਅਵਾ ਕੀਤਾ ਸੀ ਪਰ ਉਨ੍ਹਾਂ ਦੀ ਨਾਰਾਜ਼ਗੀ ਦੇ ਬਾਵਜੂਦ ਰਾਹੁਲ ਗਾਂਧੀ ਦੀ ਰੈਲੀ ਵਿਚ ਸ਼ਾਮਲ ਹੋਣਾ, ਇਹ ਵੀ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਤੋਂ ਮੁੜ ਟਿਕਟ ਮਿਲਣ ਬਾਰੇ ਅਜੇ ਵੀ ਪੂਰਾ ਭਰੋਸਾ ਹੈ।


Manoj

Content Editor

Related News