ਜਲੰਧਰ ਦੇ ਜੁਡੀਸ਼ੀਅਲ ਕੰਪਲੈਕਸ ਦੀ ਸ਼ਿਫਟਿੰਗ ’ਤੇ ਫਿਰ ਛਿੜੀ ਬਹਿਸ, ਵਧਿਆ ਵਿਵਾਦ
Monday, Jun 01, 2026 - 12:41 PM (IST)
ਜਲੰਧਰ (ਖੁਰਾਣਾ)-ਜਲੰਧਰ ਦੇ ਪ੍ਰਸਤਾਵਿਤ ਨਵੇਂ ਜੁਡੀਸ਼ੀਅਲ ਕੰਪਲੈਕਸ ਦੀ ਲੋਕੇਸ਼ਨ ਨੂੰ ਲੈ ਕੇ ਇਕ ਵਾਰ ਫਿਰ ਬਹਿਸ ਤੇਜ਼ ਹੋ ਗਈ ਹੈ। ਪਿਛਲੇ ਕਈ ਵਰ੍ਹਿਆਂ ਤੋਂ ਰਾਮਾ ਮੰਡੀ ਇਲਾਕੇ ਦੇ ਨਜ਼ਦੀਕ ਨੰਗਲਸ਼ਾਮਾ-ਭੋਜੋਵਾਲ ਇਲਾਕੇ ਨੂੰ ਨਵੇਂ ਜੁਡੀਸ਼ੀਅਲ ਕੰਪਲੈਕਸ ਲਈ ਉਚਿਤ ਸਥਾਨ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ 66 ਫੁੱਟੀ ਰੋਡ ਇਲਾਕੇ ਨੇੜੇ ਸਥਿਤ ਊਧੋਵਾਲ ਪਿੰਡ ਦਾ ਨਾਂ ਵੀ ਚਰਚਾ ਵਿਚ ਆਉਣ ਨਾਲ ਮਾਮਲਾ ਨਵਾਂ ਮੋੜ ਲੈ ਚੁੱਕਾ ਹੈ। ਵਰਣਨਯੋਗ ਹੈ ਕਿ ਸਾਲ 2023 ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਿਲਡਿੰਗ ਕਮੇਟੀ ਨੇ ਨਵੇਂ ਜੁਡੀਸ਼ੀਅਲ ਕੰਪਲੈਕਸ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਸੀ। ਉਸ ਸਮੇਂ ਨੰਗਲਸ਼ਾਮਾ ਅਤੇ ਭੋਜੋਵਾਲ ਇਲਾਕੇ ਨੂੰ ਸੰਭਾਵਿਤ ਸਥਾਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ। ਪ੍ਰਸਤਾਵਿਤ ਪ੍ਰਾਜੈਕਟ ਵਿਚ ਅਦਾਲਤਾਂ, ਵਕੀਲਾਂ ਦੇ ਚੈਂਬਰਾਂ, ਜੁਡੀਸ਼ੀਅਲ ਅਧਿਕਾਰੀਆਂ ਅਤੇ ਸਟਾਫ਼ ਦੀ ਰਿਹਾਇਸ਼, ਰਿਕਾਰਡ ਰੂਮ ਅਤੇ ਵਿਸ਼ਾਲ ਪਾਰਕਿੰਗ ਵਰਗੀਆਂ ਸਹੂਲਤਾਂ ਦੀ ਕਲਪਨਾ ਕੀਤੀ ਗਈ ਸੀ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਸਤਾ ਰਿਹਾ ਹੜ੍ਹਾਂ ਦਾ ਡਰ, ਪੈ ਸਕਦੀ ਹੈ ਵੱਡੀ ਮੁਸੀਬਤ
ਹੁਣ ਊਧੋਵਾਲ ਪਿੰਡ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਇਸ ਪ੍ਰਸਤਾਵ ਨੂੰ ਲੈ ਕੇ ਨਵੇਂ ਸਵਾਲ ਉੱਠਣ ਲੱਗੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਲੀਗਲ ਸੈੱਲ ਦੇ ਜਨਰਲ ਸੈਕਟਰੀ ਐਡਵੋਕੇਟ ਪਰਮਿੰਦਰ ਸਿੰਘ ਵਿਗ ਨੇ ਇਸ ਪੂਰੇ ਮਾਮਲੇ ਵਿਚ ਪਾਰਦਰਸ਼ਿਤਾ ਦੀ ਮੰਗ ਕਰਦੇ ਹੋਏ ਖਦਸ਼ਾ ਪ੍ਰਗਟਾਇਆ ਹੈ ਕਿ ਊਧੋਵਾਲ ਇਲਾਕੇ ਨੂੰ ਸ਼ਾਮਲ ਕਰਨ ਦੇ ਪਿੱਛੇ ਰੀਅਲ ਐਸਟੇਟ ਲਾਬੀ ਦੇ ਹਿੱਤ ਜੁੜੇ ਹੋ ਸਕਦੇ ਹਨ, ਜਿਸ ਦੀ ਜਾਂਚ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾ ਦਾਅਵਾ ਤਾਂ ਇਥੋਂ ਤੱਕ ਹੈ ਕਿ ਮਾਮਲਾ ਵਿਜੀਲੈਂਸ ਕੋਲ ਲਿਜਾਇਆ ਜਾ ਸਕਦਾ ਹੈ।
ਐਡਵੋਕੇਟ ਵਿਗ ਦਾ ਕਹਿਣਾ ਹੈ ਕਿ ਨੰਗਲਸ਼ਾਮਾ ਇਲਾਕੇ ਦਾ ਕੁਲੈਕਟਰ ਰੇਟ ਜਿੱਥੇ ਮੁਕਾਬਲਤਨ ਘੱਟ ਅਤੇ ਸਿਰਫ 22 ਲੱਖ ਰੁਪਏ ਪ੍ਰਤੀ ਏਕੜ ਹੈ, ਉੱਥੇ ਹੀ ਊਧੋਵਾਲ ਇਲਾਕੇ ਦਾ ਕੁਲੈਕਟਰ ਰੇਟ ਕਾਫ਼ੀ ਜ਼ਿਆਦਾ ਲੱਗਭਗ ਇਕ ਕਰੋੜ ਰੁਪਏ ਪ੍ਰਤੀ ਏਕੜ ਹੋ ਚੁੱਕਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਨਿੱਜੀ ਹਿੱਤਾਂ ਨਾਲ ਜੁੜੇ ਲੋਕਾਂ ਅਤੇ ਰੀਅਲ ਐਸਟੇਟ ਲਾਬੀ ਵੱਲੋਂ ਸੀ. ਐੱਲ. ਯੂ. ਅਤੇ ਹੋਰ ਪ੍ਰਕਿਰਿਆਵਾਂ ਜ਼ਰੀਏ ਜ਼ਮੀਨ ਦੇ ਮੁੱਲ ਵਿਚ ਭਾਰੀ ਵਾਧਾ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿਚ ਇਸੇ ਇਲਾਕੇ ਦੀ ਜ਼ਮੀਨ ਨੂੰ ਐਕਵਾਇਰ ਕੀਤਾ ਜਾਂਦਾ ਹੈ ਤਾਂ ਜ਼ਮੀਨ ਦੇ ਮਾਲਕਾਂ ਨੂੰ ਵੱਡਾ ਆਰਥਿਕ ਲਾਭ ਮਿਲ ਸਕਦਾ ਹੈ। ਉਨ੍ਹਾਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਸਾਰੇ ਤੱਥਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਹਾਏ...ਗਰਮੀ ਨੇ ਕੀਤਾ ਬੁਰਾ ਹਾਲ, ਕੱਪੜੇ ਭਿੱਜ ਗਏ ਮੁੜਕੇ ਨਾਲ, ਦੇਖੋ Pinkoo Tv ਦੀ ਮਜ਼ੇਦਾਰ ਵੀਡੀਓ
ਊਧੋਵਾਲ ਪਿੰਡ ਨੇੜੇ ਪ੍ਰਸਤਾਵਿਤ ਜੁਡੀਸ਼ੀਅਲ ਕੰਪਲੈਕਸ ਦੀ ਸ਼ਿਫਟਿੰਗ ਬਾਬਤ ਜਦੋਂ ਕੁਝ ਹੋਰ ਵਕੀਲਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਊਧੋਵਾਲ ਜਲੰਧਰ ਦੀ ਜੁਡੀਸ਼ੀਅਲ ਲਿਮਿਟ ਦਾ ਆਖਰੀ ਕਿਨਾਰਾ ਹੈ। ਨਵਾਂ ਸਥਾਨ ਤੈਅ ਕਰਦੇ ਸਮੇਂ ਜਲੰਧਰ-1 ਅਤੇ ਜਲੰਧਰ-2 ਤਹਿਸੀਲ ਦੇ ਨਾਲ-ਨਾਲ ਨਗਰ ਨਿਗਮ ਦੇ ਏਰੀਆ ਅਤੇ ਆਦਮਪੁਰ, ਕਰਤਾਰਪੁਰ, ਭੋਗਪੁਰ ਵਰਗੀਆਂ ਤਹਿਸੀਲਾਂ/ਸਬ-ਤਹਿਸੀਲਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਜਲੰਧਰ ਸ਼ਹਿਰ ਏਰੀਆ ਦੇ ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਨੂੰ ਅਕਸਰ ਜੁਡੀਸ਼ੀਅਲ ਕੰਪਲੈਕਸ ਜਾਣਾ ਪੈਂਦਾ ਹੈ, ਅਜਿਹੇ ਵਿਚ ਉਨ੍ਹਾਂ ਨੂੰ ਬਹੁਤ ਦੂਰ ਦਾ ਸਫ਼ਰ ਤਹਿ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਅਜੇ ਤੱਕ ਪ੍ਰਸ਼ਾਸਨ ਜਾਂ ਸਬੰਧਤ ਸਰਕਾਰੀ ਏਜੰਸੀਆਂ ਵੱਲੋਂ ਇਨ੍ਹਾਂ ਪ੍ਰਸਤਾਵਾਂ ਜਾਂ ਖਦਸ਼ਿਆਂ ’ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਇਸੇ ਵਿਚਾਲੇ ਪ੍ਰਸਤਾਵਿਤ ਜੁਡੀਸ਼ੀਅਲ ਕੰਪਲੈਕਸ ਦੀ ਲੋਕੇਸ਼ਨ ਨੂੰ ਲੈ ਕੇ ਜ਼ਿਲਾ ਬਾਰ ਐਸੋਸੀਏਸ਼ਨ ਜਲੰਧਰ ਨੇ ਆਪਣੇ ਮੈਂਬਰਾਂ ਦੀ ਰਾਏ ਜਾਣਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...
ਬਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ 2 ਜੂਨ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੈਲੇਟ ਪੇਪਰ ਜ਼ਰੀਏ ਵੋਟਿੰਗ ਕਰਵਾਈ ਜਾਵੇਗੀ। ਵੋਟਿੰਗ ਪ੍ਰਕਿਰਿਆ ਦੀ ਨਿਗਰਾਨੀ ਲਈ ਐਡਵੋਕੇਟ ਗੁਰਮੇਲ ਸਿੰਘ ਲਿੱਧੜ, ਐਡਵੋਕੇਟ ਸੁਖਜੀਤ ਸਿੰਘ ਜੌਲੀ ਅਤੇ ਐਡਵੋਕੇਟ ਮਧੂ ਰਚਨਾ ’ਤੇ ਆਧਾਰਿਤ ਇਕ ਕਮੇਟੀ ਗਠਿਤ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਇਹ ਸਿਰਫ ਇਕ ਵੋਟਿੰਗ ਨਹੀਂ, ਸਗੋਂ ਜਲੰਧਰ ਦੀ ਨਿਆਇਕ ਵਿਵਸਥਾ, ਵਕਾਲਤ ਪੇਸ਼ੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਜੁੜਿਆ ਮਹੱਤਵਪੂਰਨ ਫ਼ੈਸਲਾ ਹੈ। ਵੋਟਿੰਗ ਦੇ ਨਤੀਜਿਆਂ ਦੇ ਆਧਾਰ ’ਤੇ ਜਨਰਲ ਹਾਊਸ ਆਪਣਾ ਅੰਤਿਮ ਰੁਖ਼ ਤੈਅ ਕਰੇਗਾ। ਹੁਣ ਸਭ ਦੀਆਂ ਨਜ਼ਰਾਂ 2 ਜੂਨ ਨੂੰ ਹੋਣ ਵਾਲੀ ਵੋਟਿੰਗ ’ਤੇ ਟਿਕੀਆਂ ਹਨ, ਕਿਉਂਕਿ ਇਸ ਨਾਲ ਇਹ ਸਪੱਸ਼ਟ ਹੋ ਸਕੇਗਾ ਕਿ ਜਲੰਧਰ ਦੇ ਵਕੀਲ ਭਾਈਚਾਰੇ ਦੀ ਪਹਿਲ ਨੰਗਲਸ਼ਾਮਾ ਹੈ, ਊਧੋਵਾਲ ਹੈ ਜਾਂ ਫਿਰ ਕਿਸੇ ਹੋਰ ਬਦਲ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
