ਟਰੇਨ ਦੀ ਲਪੇਟ ''ਚ ਆਉਣ ਕਾਰਨ ਵਿਅਕਤੀ ਦੀ ਮੌਤ

Tuesday, Jun 11, 2019 - 10:58 PM (IST)

ਟਰੇਨ ਦੀ ਲਪੇਟ ''ਚ ਆਉਣ ਕਾਰਨ ਵਿਅਕਤੀ ਦੀ ਮੌਤ

ਜਲੰਧਰ, (ਗੁਲਸ਼ਨ)- ਮੰਗਲਵਾਰ ਦੁਪਹਿਰ ਨਾਗਰਾ ਫਾਟਕ ਦੇ ਕੋਲ ਰੇਲ ਲਾਈਨਾਂ 'ਤੇ ਬੈਠ ਕੇ ਸ਼ਰਾਬ ਪੀਣਾ ਇਕ ਵਿਅਕਤੀ ਨੂੰ ਭਾਰੀ ਪੈ ਗਿਆ। ਜੰਮੂ ਤਵੀ-ਅਹਿਦਾਬਾਦ ਐਕਸਪ੍ਰੈੱਸ ਟਰੇਨ ਦੀ ਲਪੇਟ ਵਿਚ ਆ ਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਤਨਾਮ ਕੁਮਾਰ (55)ਪੁੱਤਰ ਹਰਗੋਵਿੰਦ ਰਾਮ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਮ੍ਰਿਤਕ ਮਕਸੂਦਾਂ ਮੰਡੀ ਵਿਚ ਫਰੂਟ ਵੇਚਣ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਬਾਬੀ ਦੀ ਵੀ ਮਕਸੂਦਾਂ ਵਿਚ ਕਰਨ-ਬਾਬੀ ਐਂਡ ਕੰਪਨੀ ਦੇ ਨਾਂ ਤੋਂ ਫਰੂਟ ਦੀ ਦੁਕਾਨ ਹੈ।
ਜਾਣਕਾਰੀ ਅਨੁਸਾਰ ਸਤਨਾਮ ਰੇਲ ਲਾਈਨਾਂ 'ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ ਤੇ ਦੂਜੇ ਪਾਸਿਓ ਟਰੇਨ ਆ ਰਹੀ ਸੀ। ਸ਼ਰਾਬ ਦੇ ਨਸ਼ੇ ਵਿਚ ਉਸ ਨੂੰ ਟਰੇਨ ਆਉਣ ਦਾ ਪਤਾ ਨਹੀਂ ਲੱਗਾ। ਟਰੇਨ ਦੇ ਡਰਾਈਵਰ ਨੇ ਕਾਫੀ ਹੌਰਨ ਬਜਾਇਆ ਜਦੋਂ ਫਿਰ ਵੀ ਉਹ ਰੇਲ ਲਾਈਨਾਂ ਤੋਂ ਨਹੀਂ ਹਟਿਆ ਤਾਂ ਡਰਾਈਵਰ ਨੇ ਅਮਰਜੈਂਸੀ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਟਰੇਨ ਰੁਕਣ ਤੋਂ ਪਹਿਲਾ ਉਹ ਇੰਜਨ ਨਾਲ ਟੱਕਰਾ ਕੇ ਇੰਜਨ ਦੇ ਅੱਗੇ ਵੀ ਫੱਸ ਗਿਆ, ਜਿਸ ਨੂੰ ਟਰੇਨ ਕਾਫੀ ਦੂਰ ਤੱਕ ਲੈ ਗਈ। ਇਸ ਦੌਰਾਨ ਉਸ ਦੀ ਮੌਤ ਹੋ ਗਈ।
ਸੂਚਨਾ ਮਿਲਣ 'ਤੇ ਜੀ. ਆਰ. ਪੀ. ਏ. ਐੱਸ. ਆਈ. ਪਾਲ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ। ਮ੍ਰਿਤਕ ਦੀ ਜੇਬ 'ਚੋਂ ਮਿਲੇ ਵਿਜ਼ਿਟਿੰਗ ਕਾਰਡ ਨਾਲ ਉਸ ਦੀ ਪਛਾਣ ਹੋਈ ਜੋ ਕਿ ਉਹ ਕਾਰਡ ਉਸ ਦੇ ਭਰਾ ਦਾ ਸੀ। ਜਿਸ ਤੋਂ ਬਾਅਦ ਮ੍ਰਿਤਕ ਦਾ ਭਰਾ ਬਾਬੀ, ਬੇਟਾ ਤੇ ਹੋਰ ਲੋਕ ਮੌਕੇ 'ਤੇ ਪਹੁੰਚੇ ਅਤੇ ਲਾਸ਼ ਦੀ ਪਛਾਣ ਕੀਤੀ।
ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਉਕਤ ਵਿਅਕਤੀ ਖੁਦਕੁਸ਼ੀ ਕਰਨ ਲਈ ਰੇਲ ਲਾਈਨਾਂ 'ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ ਜਦਕਿ ਉਸ ਦੇ ਭਰਾ ਬਾਬੀ ਦਾ ਕਹਿਣਾ ਹੈ ਕਿ ਉਹ ਚਾਰ ਭਰਾ ਹਨ। ਸਤਨਾਮ ਸਭ ਤੋਂ ਵੱਡਾ ਭਰਾ ਸੀ। ਉਸ ਨੂੰ ਸ਼ਰਾਬ ਪੀਣ ਦੀ ਆਦਤ ਸੀ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ। ਉਹ ਸਵੇਰੇ 4 ਵਜੇ ਮੰਡੀ ਆਇਆ ਅਤੇ ਰੋਜ਼ਾਨਾ ਦੀ ਤਰ੍ਹਾਂ ਦੁਪਹਿਰ ਨੂੰ ਮੰਡੀ ਤੋਂ ਘਰ ਜਾਣ ਲਈ ਨਿਕਲਿਆ ਸੀ। ਪੁਲਸ ਦਾ ਫੋਨ ਆਉਣ ਦੇ ਬਾਅਦ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ।
ਬਾਬੀ ਨੇ ਦੱਸਿਆ ਕਿ ਮ੍ਰਿਤਕ ਦੇ 2 ਬੇਟੇ ਅਤੇ ਇਕ ਬੇਟੀ ਹੈ। ਇਕ ਬੇਟਾ ਅਤੇ ਬੇਟੀ ਸ਼ਾਦੀਸ਼ੁਦਾ ਹੈ ਜਦਕਿ ਅਜੇ ਇਕ ਬੇਟਾ ਕੁਆਰਾ ਹੈ। ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਇਸ ਸਬੰਧ 'ਚ ਕਾਰਵਾਈ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ। ਏ. ਐੱਸ. ਆਈ. ਪਾਲ ਕੁਮਾਰ ਨੇ ਕਿਹਾ ਕਿ ਕੱਲ ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।


author

KamalJeet Singh

Content Editor

Related News