ਕ੍ਰਿਕਟ ਮੈਚ ਦੇ ਬੁੱਕੀਆਂ ਖ਼ਿਲਾਫ਼ ਪ੍ਰੈੱਸ ਕਾਨਫ਼ਰੰਸ ’ਚ ਖ਼ੁਲਾਸਾ ਕਰਨ ਤੋਂ ਪਹਿਲਾਂ ਕਰਵਾ ਦਿੱਤਾ ਹਮਲਾ

Sunday, Jul 28, 2024 - 05:37 PM (IST)

ਕ੍ਰਿਕਟ ਮੈਚ ਦੇ ਬੁੱਕੀਆਂ ਖ਼ਿਲਾਫ਼ ਪ੍ਰੈੱਸ ਕਾਨਫ਼ਰੰਸ ’ਚ ਖ਼ੁਲਾਸਾ ਕਰਨ ਤੋਂ ਪਹਿਲਾਂ ਕਰਵਾ ਦਿੱਤਾ ਹਮਲਾ

ਜਲੰਧਰ (ਜ. ਬ.)–ਥਾਣਾ ਨੰਬਰ 3 ਅਧੀਨ ਪੈਂਦੇ ਸੈਂਟਰਲ ਟਾਊਨ ਵਿਚ ਕ੍ਰਿਕਟ ਮੈਚ ਦੀ ਬੁੱਕ ਦੇ ਲੈਣ-ਦੇਣ ’ਤੇ ਰਾਜ਼ੀਨਾਮਾ ਕਰਵਾਉਣ ਦੇ ਬਹਾਨੇ ਦੋਸਤ ਨੇ ਬਰਥਡੇਅ ਪਾਰਟੀ ’ਤੇ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਵਾ ਦਿੱਤਾ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈ। ਹਮਲੇ ਵਿਚ ਰਵਿੰਦਰ ਸਿੰਘ ਨਿਵਾਸੀ ਢੰਨ ਮੁਹੱਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੀੜਤ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਨੰਬਰ 3 ਦੀ ਪੁਲਸ ਨੇ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ। ਉਕਤ ਮਾਮਲੇ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਸ ਮੁਕੱਦਮੇ ਵਿਚ ਨਾਮਜ਼ਦ ਲੋਕਾਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਹਸਪਤਾਲ ਵਿਚ ਦਾਖ਼ਲ ਢੰਨ ਮੁਹੱਲਾ ਨਿਵਾਸੀ ਰਵਿੰਦਰ ਸਿੰਘ ਗੋਲਡੀ ਪੁੱਤਰ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਅੰਮ੍ਰਿਤਧਾਰੀ ਗੁਰਸਿੱਖ ਹੈ। ਉਨ੍ਹਾਂ ਮੁਤਾਬਕ ਉਹ ਕ੍ਰਿਕਟ ਦੇ ਮੈਚਾਂ ’ਤੇ ਸੱਟੇਬਾਜ਼ੀ ਖੇਡਦਾ ਸੀ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਅੰਮ੍ਰਿਤ ਛਕਿਆ ਸੀ।
ਪੀੜਤ ਮੁਤਾਬਕ ਨਕੋਦਰ ਰੋਡ ’ਤੇ ਸਥਿਤ ਇਕ ਰੈਸਟੋਰੈਂਟ ਦਾ ਮਾਲਕ, ਜਿਹੜਾ ਕਿ ਕ੍ਰਿਕਟ ਦੇ ਮੈਚਾਂ ’ਤੇ ਬੁੱਕ ਖਿਡਾਉਂਦਾ ਹੈ, ਉਸ ਕੋਲ ਉਸ ਨੇ ਵੀ ਸੱਟਾ ਲਾਇਆ ਸੀ, ਜਿਸ ’ਤੇ ਉਹ ਕੁਝ ਪੈਸੇ ਹਾਰ ਗਿਆ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਅਣਬਣ ਚੱਲ ਰਹੀ ਸੀ।

ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਪੁਲਸ ਨੇ ਪੂਰੇ ਸੂਬੇ 'ਚ ਲਾਈ ਇਹ ਪਾਬੰਦੀ

ਦੋਸ਼ ਹੈ ਕਿ ਲਗਭਗ 10 ਦਿਨ ਪਹਿਲਾਂ ਉਕਤ ਬੁੱਕੀ ਨੇ ਥਾਣਾ ਨੰਬਰ 4 ਵਿਚ ਸ਼ਿਕਾਇਤ ਦਿੱਤੀ ਸੀ ਕਿ ਪੀੜਤ ਰਵਿੰਦਰ ਸਿੰਘ ਉਰਫ਼ ਗੋਲਡੀ ਨੇ ਉਸ ਦੇ ਰੈਸਟੋਰੈਂਟ ਵਿਚ ਦਾਖ਼ਲ ਹੋ ਕੇ ਉਸ ਦੀ ਧੀ ਦੀ ਗਰਦਨ ’ਤੇ ਕਿਰਪਾਨ ਰੱਖੀ ਸੀ। ਇਸ ਮਾਮਲੇ ਦੀ ਅਜੇ ਜਾਂਚ ਚੱਲ ਹੀ ਰਹੀ ਸੀ ਕਿ ਪੀੜਤ ਰਵਿੰਦਰ ਸਿੰਘ ਉਰਫ਼ ਗੋਲਡੀ ’ਤੇ ਸੈਂਟਰਲ ਟਾਊਨ ਵਿਚ ਜਾਨਲੇਵਾ ਹਮਲਾ ਕਰਵਾ ਦਿੱਤਾ ਗਿਆ। ਦੋਸ਼ ਲਾਉਂਦਿਆਂ ਰਵਿੰਦਰ ਸਿੰਘ ਨੇ ਦੱਸਿਆ ਕਿ ਨਕੋਦਰ ਰੋਡ ’ਤੇ ਸਥਿਤ ਇਕ ਰੈਸਟੋਰੈਂਟ ਚਲਾਉਣ ਵਾਲੇ ਬੁੱਕੀ ਨਾਲ ਬੁੱਕ ਦੇ ਪੈਸਿਆਂ ਸਬੰਧੀ ਵਿਵਾਦ ਚੱਲ ਰਿਹਾ ਹੈ। ਸੈਂਟਰਲ ਟਾਊਨ ਨਿਵਾਸੀ ਉਸਦੇ ਦੋਸਤ ਵਿਸ਼ਾਲ ਗੁਪਤਾ ਉਰਫ ਢੋਲਕੀ ਨੇ ਉਸਨੂੰ ਰਾਜ਼ੀਨਾਮੇ ਲਈ ਬੁਲਾਇਆ ਅਤੇ ਸਾਜ਼ਿਸ਼ ਤਹਿਤ ਹਮਲਾ ਕਰਵਾ ਦਿੱਤਾ। ਪੂਰੇ ਮਾਮਲੇ ਵਿਚ ਸਾਜ਼ਿਸ਼ਕਰਤਾ ਢੋਲਕੀ ਹੈ, ਉਸ ’ਤੇ ਇਹ ਹਮਲਾ ਬੁੱਕੀ ਨੇ ਕਰਵਾਇਆ।

ਉਨ੍ਹਾਂ ਕਿਹਾ ਕਿ ਬੁੱਕੀ ਨਾਲ ਪੈਸਿਆਂ ਨੂੰ ਲੈ ਕੇ ਉਸ ਦਾ ਵਿਵਾਦ ਚੱਲ ਰਿਹਾ ਸੀ। ਇਸ ਸਬੰਧੀ ਉਸ ਦੇ ਸੈਂਟਰਲ ਟਾਊਨ ਵਿਚ ਰਹਿੰਦੇ ਵਿਸ਼ਾਲ ਉਰਫ਼ ਢੋਲਕੀ ਦਾ 19 ਜੁਲਾਈ ਨੂੰ ਫੋਨ ਆਇਆ ਕਿ ਉਸ ਦਾ ਜਨਮ ਦਿਨ ਹੈ, ਉਹ ਉਸ ਦੇ ਘਰ ਆ ਜਾਵੇ। ਪੀੜਤ ਅਨੁਸਾਰ ਜਿਉਂ ਹੀ ਉਹ ਢੋਲਕੀ ਦੇ ਘਰ ਪੁੱਜਾ ਤਾਂ ਪਹਿਲਾਂ ਤੋਂ ਹੀ ਤਿਆਰ ਖੜ੍ਹੇ ਵਿਜੇਪਾਲ ਸਿੰਘ ਅਤੇ ਰਵਿੰਦਰਪਾਲ ਸਿੰਘ ਉਰਫ਼ ਜੱਜ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ। ਹਮਲੇ ਦੀ ਆਵਾਜ਼ ਸੁਣ ਕੇ ਸੈਂਟਰਲ ਟਾਊਨ ਨਿਵਾਸੀ ਬਾਹਰ ਆ ਗਏ, ਜਿਨ੍ਹਾਂ ਨੇ ਉਸ ਨੂੰ ਬਚਾਇਆ। ਪੀੜਤ ਰਵਿੰਦਰ ਸਿੰਘ ਉਰਫ਼ ਗੋਲਡੀ ਦਾ ਦੋਸ਼ ਹੈ ਕਿ ਇਸ ਹਮਲੇ ਦੇ ਪਿੱਛੇ ਰੈਸਟੋਰੈਂਟ ਦੇ ਮਾਲਕ ਬੁੱਕੀ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਜਲੰਧਰ ਵਿਚ ਚੱਲਣ ਵਾਲੀ ਬੁੱਕ ਅਤੇ ਬੁੱਕੀਆਂ ਦੇ ਚਿਹਰੇ ਬੇਨਕਾਬ ਕਰਨਗੇ। ਥਾਣਾ ਨੰਬਰ 3 ਦੀ ਪੁਲਸ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਪੁਲਸ ਸਟੇਸ਼ਨ 'ਚ ਦਾਖ਼ਲ ਹੋ ਕੇ ਚੌਂਕੀ ਇੰਚਾਰਜ ਮੁਨਸ਼ੀ ਤੇ ਕਾਂਸਟੇਬਲ 'ਤੇ ਕੀਤਾ ਹਮਲਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News