ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ ''ਚ ਫੈਲੀ ਸਨਸਨੀ
Wednesday, Dec 27, 2023 - 03:11 AM (IST)
ਲਾਂਬੜਾ (ਵਰਿੰਦਰ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਤਰਾੜਾਂ ਨੇੜੇ ਨਹਿਰ ਦੇ ਕੰਢੇ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਕਾਰਨ ਲਾਂਬੜਾ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੀਤੀ ਦੇਰ ਰਾਤ ਪਿੰਡ ਤਰਾੜਾਂ ਤੋਂ 2 ਮੱਝਾਂ ਚੋਰੀ ਹੋ ਗਈਆਂ ਤੇ ਮੰਗਲਵਾਰ ਸਵੇਰੇ ਕਰੀਬ 11.30 ਵਜੇ ਪਿੰਡ ਵਾਸੀ ਮੱਝਾਂ ਦੀ ਭਾਲ ’ਚ ਨਹਿਰ ਦੇ ਕਿਨਾਰੇ ਪੁੱਜੇ, ਜਿੱਥੇ ਉਨ੍ਹਾਂ ਨੂੰ ਔਰਤ ਦੀ ਲਾਸ਼ ਪਈ ਮਿਲੀ।
ਲਾਸ਼ ਨੂੰ ਦੇਖ ਕੇ ਪਿੰਡ ਵਾਸੀਆਂ ਨੇ ਲਾਂਬੜਾ ਥਾਣਾ ਦੀ ਪੁਲਸ ਨੂੰ ਸੂਚਨਾ ਦਿੱਤੀ ਤੇ ਐੱਸ.ਐੱਚ.ਓ. ਮੌਕੇ ’ਤੇ ਪਹੁੰਚੇ। ਜਤਿੰਦਰ ਕੁਮਾਰ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤੇ ਅਣਪਛਾਤੀ ਔਰਤ ਦੀ ਫੋਟੋ ਸੋਸ਼ਲ ਮੀਡੀਆ ਰਾਹੀਂ ਇਲਾਕਾ ਨਿਵਾਸੀਆਂ ਨੂੰ ਭੇਜ ਦਿੱਤੀ ਤਾਂ ਜੋ ਔਰਤ ਦੀ ਪਛਾਣ ਹੋ ਸਕੇ ਪਰ ਖਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਐੱਸ.ਐੱਚ.ਓ. ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਅਣਪਛਾਤੀ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਤੇ ਬਾਅਦ ’ਚ ਮੁਲਜ਼ਮ ਲਾਸ਼ ਨੂੰ ਪਿੰਡ ਤਰਾੜਾਂ ਦੀ ਨਹਿਰ ਦੇ ਕੰਢੇ ਸੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਤਲ ਦੀ ਸਥਿਤੀ ਸਪੱਸ਼ਟ ਹੋਵੇਗੀ।
ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਔਰਤ ਦੇ ਗਲੇ ’ਤੇ ਗਲਾ ਘੁੱਟਣ ਦੇ ਨਿਸ਼ਾਨ ਹਨ, ਜਿਸ ਸਬੰਧੀ ਪੁਲਸ ਜਾਂਚ ਕਰ ਰਹੀ ਹੈ। ਪੁਲਸ ਦੀ ਥਿਊਰੀ ਇਹ ਵੀ ਦੱਸ ਰਹੀ ਹੈ ਕਿ ਉਕਤ ਔਰਤ ਦਾ ਕਿਸੇ ਹੋਰ ਥਾਂ ’ਤੇ ਕਤਲ ਕਰ ਕੇ ਉਸ ਦੀ ਲਾਸ਼ ਨੂੰ ਪਿੰਡ ਤਰਾੜਾਂ ਦੀ ਨਹਿਰ ਦੇ ਕੰਢੇ ਸੁੱਟ ਦਿੱਤਾ ਗਿਆ ਸੀ।
ਪੁਲਸ ਨੇ ਸਵੇਰ ਤੋਂ ਹੀ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਲਈ 2 ਟੀਮਾਂ ਬਣਾਈਆਂ ਹਨ। ਹੁਣ ਤੱਕ ਸੀ.ਸੀ.ਟੀ.ਵੀ ਫੁਟੇਜ ’ਚ ਕੁਝ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਸੀ, ਕਿਉਂਕਿ ਬੀਤੀ ਦੇਰ ਸ਼ਾਮ ਤੋਂ ਪੂਰੇ ਪੰਜਾਬ ’ਚ ਸੰਘਣੀ ਧੁੰਦ ਛਾਈ ਹੋਈ ਸੀ, ਜਿਸ ਕਾਰਨ ਅਜੇ ਤੱਕ ਕੋਈ ਸਪੱਸ਼ਟ ਫੁਟੇਜ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ
ਸੂਤਰਾਂ ਅਨੁਸਾਰ ਪੁਲਸ ਪੋਸਟਮਾਰਟਮ ਤੋਂ ਬਾਅਦ ਹੀ ਦੱਸ ਸਕੇਗੀ ਕਿ ਮ੍ਰਿਤਕ ਅਣਪਛਾਤੀ ਔਰਤ ਨਾਲ ਕੋਈ ਛੇੜਛਾੜ ਹੋਈ ਹੈ ਜਾਂ ਨਹੀਂ। ਪੁਲਸ ਨੇ ਉਕਤ ਔਰਤ ਦੀ ਸ਼ਨਾਖਤ ਲਈ ਅਣਪਛਾਤੀ ਔਰਤ ਦੀ ਲਾਸ਼ ਦੀ ਫੋਟੋ ਆਲੇ-ਦੁਆਲੇ ਤੇ ਹੋਰ ਜ਼ਿਲਿਆਂ ’ਚ ਭੇਜ ਦਿੱਤੀ ਹੈ ਤਾਂ ਜੋ ਔਰਤ ਦੇ ਵਾਰਸਾਂ ਦਾ ਪਤਾ ਲਾਇਆ ਜਾ ਸਕੇ।
ਸੂਤਰਾਂ ਅਨੁਸਾਰ ਕ੍ਰਿਸਮਸ ਦੇ ਤਿਉਹਾਰ ਕਾਰਨ ਲਾਂਬੜਾ ਦੇ ਕਈ ਇਲਾਕਿਆਂ ’ਚ ਕਈ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਸਨ ਤੇ ਇਨ੍ਹਾਂ ਪ੍ਰੋਗਰਾਮਾਂ ’ਚ ਹੋਰਨਾਂ ਸੂਬਿਆਂ ਤੋਂ ਵੀ ਕਈ ਔਰਤਾਂ ਅਤੇ ਮਰਦ ਪੁੱਜੇ ਹੋਏ ਸਨ। ਪੁਲਸ ਅਧਿਕਾਰੀ ਇਹ ਵੀ ਸੋਚ ਰਹੇ ਹਨ ਕਿ ਇਨ੍ਹਾਂ ’ਚ ਕੋਈ ਔਰਤ ਆਈ ਹੋ ਸਕਦੀ ਹੈ, ਕਿਸੇ ਗੱਲ ਨੂੰ ਲੈ ਕੇ ਉਸ ਨਾਲ ਲੜਾਈ ਹੋਈ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਕੇ ਨਹਿਰ ਦੇ ਕੰਢੇ ਸੁੱਟ ਦਿੱਤਾ ਗਿਆ ਹੋ ਸਕਦਾ ਹੈ।
ਸਵੇਰੇ 12 ਵਜੇ ਦੇ ਕਰੀਬ ਲੋਕਾਂ ’ਚ ਚਰਚਾ ਸੀ ਕਿ ਮਿਲੀ ਲਾਸ਼ ਕਿਸੇ ਕਿੰਨਰ ਦੀ ਹੈ ਤੇ ਪੁਲਸ ਨੇ ਉਸ ਦੀ ਸ਼ਨਾਖਤ ਲਈ ਇਲਾਕੇ ਦੇ 2 ਕਿੰਨਰਾਂ ਨੂੰ ਵੀ ਬੁਲਾਇਆ ਪਰ ਉਸ ਦੀ ਪਛਾਣ ਨਹੀਂ ਹੋ ਸਕੀ। ਇਸ ਤੋਂ ਬਾਅਦ ਸਿਵਲ ਹਸਪਤਾਲ ’ਚ ਮ੍ਰਿਤਕ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਮ੍ਰਿਤਕ ਕਿੰਨਰ ਨਹੀਂ ਸਗੋਂ ਔਰਤ ਸੀ।
ਇਹ ਵੀ ਪੜ੍ਹੋ- ਸਕੂਟਰੀ ਚਲਾ ਰਹੇ 10 ਸਾਲਾ ਮੁੰਡੇ ਦਾ ਟ੍ਰੈਫਿਕ ਪੁਲਸ ਨੇ ਕੀਤਾ ਚਲਾਨ, ਉਮਰ ਜਾਣ ਖੁਦ ਅਧਿਕਾਰੀ ਵੀ ਰਹਿ ਗਏ ਹੈਰਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8