ਦਿਵਿਆਂਗ ਤੇ ਬਜ਼ੁਰਗ ਵੋਟਰਾਂ ਨੂੰ ਵੋਟ ਲਈ ਉਤਸ਼ਾਹਤ ਕਰਨ ਲਈ DC ਹਿਮਾਂਸ਼ੂ ਨੇ ਭੇਜਿਆ ''ਸੱਦਾ ਪੱਤਰ''
Saturday, May 25, 2024 - 06:24 PM (IST)
ਜਲੰਧਰ (ਬਿਊਰੋ)- ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਸਨਜ਼ ਵਿਦ ਡਿਸਏਬਿਲਟੀਜ਼ (ਪੀ. ਡਬਲਿਊ. ਡੀ) ਅਤੇ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਜਲੰਧਰ ਲੋਕ ਸਭਾ ਚੋਣਾਂ 'ਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਦੇ ਹਸਤਾਖ਼ਰਾਂ ਵਾਲਾ ‘ਸੱਦਾ ਪੱਤਰ’ਭੇਜ ਕੇ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 10234 ਦਿਵਿਆਂਗ ਵੋਟਰਾਂ ਅਤੇ 85 ਸਾਲ ਤੋਂ ਵੱਧ ਉਮਰ ਦੇ 14224 ਵੋਟਰਾਂ ਨੂੰ ਬੀ. ਐੱਲ. ਓਜ਼ ਰਾਹੀਂ ‘ਸੱਦਾ ਪੱਤਰ’ਦਿੱਤੇ ਜਾ ਰਹੇ ਹਨ।
ਇਸ ਸੱਦਾ ਪੱਤਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀ. ਡਬਲਿਊ. ਡੀ. ਅਤੇ ਬਜ਼ੁਰਗ ਵੋਟਰਾਂ ਦੀ ਸੁਵਿਧਾ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਵੋਟਰਾਂ ਦੀ ਸੁਵਿਧਾ ਲਈ ਤਿਆਰ ‘ਸਕਸ਼ਮ’ ਅਤੇ ‘ਵੋਟਰ ਹੈਲਪ ਲਾਈਨ’ਮੋਬਾਇਲ ਐਪ ਬਾਰੇ ਵੀ ਦੱਸਿਆ ਗਿਆ ਹੈ, ਜਿਨ੍ਹਾਂ ਨੂੰ ਡਾਊਨਲੋਡ ਕਰਕੇ ਅਜਿਹੇ ਵੋਟਰ ਚੋਣ ਕਮਿਸ਼ਨ ਵੱਲੋਂ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਉਨ੍ਹਾਂ ਅੱਗੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਨੂੰ ਹੋਮ ਵੋਟਿੰਗ ਦੀ ਸੁਵਿਧਾ ਤੋਂ ਇਲਾਵਾ ਪੋਲਿੰਗ ਬੂਥਾਂ ’ਤੇ ਵੀਲ੍ਹ ਚੇਅਰ, ਰੈਂਪ, ਆਉਣ-ਜਾਣ ਲਈ ਆਵਾਜਾਈ ਦੀ ਮੁਫ਼ਤ ਸੁਵਿਧਾ, ਕਤਾਰ ਰਹਿਤ ਵੋਟਿੰਗ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਵੋਟ ਪਾਉਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਵੋਟਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਸੁਝਾਅ ਲਈ ਟੋਲ ਫ੍ਰੀ ਨੰਬਰ 1950 ਵੀ ਡਾਇਲ ਕਰ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਪ੍ਰਸ਼ਾਸਨ ਜ਼ਿਲ੍ਹੇ ਭਰ ਦੇ ਪੋਲਿੰਗ ਬੂਥਾਂ ’ਤੇ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਦੀ ਸੁਵਿਧਾ ਲਈ ਵਿਸ਼ੇਸ਼ ਇੰਤਜ਼ਾਮ ਕਰਨ ਲਈ ਵਚਨਬੱਧ ਹੈ ਅਤੇ ਇਸ ਕਾਰਜ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਪੀ. ਡਬਲਿਊ. ਡੀ. ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਫਾਇਦਾ ਲੈਂਦਿਆਂ ਆਪਣੀ ਵੋਟ ਜ਼ਰੂਰ ਪਾਉਣ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8