ਸੀਨੀਅਰ ਸਹਾਇਕ ਸੰਜੀਵ ਕਾਲੀਆ ਨੇ ਦਲਜੀਤ ਸਿੰਘ ਆਹਲੂਵਾਲੀਆ ਨੂੰ ਭੇਜਿਆ ਲੀਗਲ ਨੋਟਿਸ

02/26/2020 4:39:46 PM

ਜਲੰਧਰ (ਚੋਪੜਾ)–ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦਾ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਦੋਹਰਾ ਪੈਮਾਨਾ ਅਪਨਾਉਣ ਦਾ ਮਾਮਲਾ ਉਸ ਸਮੇਂ ਗਰਮਾ ਗਿਆ, ਜਦੋਂ ਟਰੱਸਟ ਦੇ ਸੀਨੀਅਰ ਸਹਾਇਕ ਸੰਜੀਵ ਕਾਲੀਆ ਨੇ ਅੱਜ ਆਪਣੇ ਵਕੀਲ ਰਾਹੀਂ ਚੇਅਰਮੈਨ ਆਹਲੂਵਾਲੀਆ ਨੂੰ ਲੀਗਲ ਨੋਟਿਸ ਭੇਜਿਆ। ਇਸ ਨੋਟਿਸ ਵਿਚ ਸੰਜੀਵ ਕਾਲੀਆ ਨੇ ਚੇਅਰਮੈਨ ਅਤੇ ਦੋ ਹੋਰਨਾਂ ਤੋਂ ਆਪਣੇ ’ਤੇ ਲਾਏ ਦੋਸ਼ਾਂ ਦਾ ਜਵਾਬ ਮੰਗਦਿਆਂ ਕਿਹਾ ਹੈ ਕਿ 7 ਦਿਨਾਂ ਵਿਚ ਚੇਅਰਮੈਨ ਆਹਲੂਵਾਲੀਆ ਅਤੇ ਹੋਰਨਾਂ ਵਲੋਂ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਉਹ ਸਾਬਿਤ ਕਰਨ, ਨਹੀਂ ਤਾਂ ਉਹ ਕੋਰਟ ’ਚ ਮਾਣਹਾਨੀ ਦਾ ਦਾਅਵਾ ਕਰਨਗੇ। ਕਾਲੀਆ ਦਾ ਨੋਟਿਸ ਵਿਚ ਕਹਿਣਾ ਹੈ ਕਿ ਟਰੱਸਟ ਚੇਅਰਮੈਨ ਨੇ ਉਨ੍ਹਾਂ ਖਿਲਾਫ ਪੰਜਾਬ ਸਰਕਾਰ ਨੂੰ ਇਕ ਡੀ. ਓ. ਲੈਟਰ ਲਿਖਿਆ ਸੀ, ਜਿਸ ਵਿਚ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਸਣੇ ਕਈ ਗੰਭੀਰ ਦੋਸ਼ ਲਾਏ ਹਨ। ਕਾਲੀਆ ਨੇ ਦੱਸਿਆ ਕਿ ਇਹ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।

ਸੀਨੀਅਰ ਸਹਾਇਕ ਕਾਲੀਆ ਨੇ ਨੋਟਿਸ ਭੇਜਣ ਦੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੇਅਰਮੈਨ ਆਹਲੂਵਾਲੀਆ ਨੇ ਸਰਕਾਰ ਨੂੰ ਭੇਜੇ ਡੀ. ਓ. ਵਿਚ ਲਿਖਿਆ ਹੈ ਕਿ ਮੇਰੇ ਜਲੰਧਰ ਇੰਪਰੂਵਮੈਂਟ ਟਰੱਸਟ ਵਿਚ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਕਾਰਣ ਟਰੱਸਟ ਨੂੰ ਮਾਲੀ ਨੁਕਸਾਨ ਪਹੁੰਚਿਆ ਹੈ। ਚੇਅਰਮੈਨ ਨੇ ਲੈਟਰ ਵਿਚ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਪਹਿਲਾਂ ਵੀ ਸੀਨੀਅਰ ਸਹਾਇਕ ਦਾ ਤਬਾਦਲਾ ਕਿਸੇ ਹੋਰ ਟਰੱਸਟ ਵਿਚ ਕਰਨ ਦਾ ਲਿਖਿਆ ਸੀ ਪਰ ਉਹ ਵਾਰ-ਵਾਰ ਕਿਸੇ ਢੰਗ ਨਾਲ ਆਪਣਾ ਤਬਾਦਲਾ ਜਲੰਧਰ ਟਰੱਸਟ ਵਿਚ ਕਰਵਾ ਲੈਂਦਾ ਹੈ ਤਾਂ ਜੋ ਸੀਨੀਅਰ ਸਹਾਇਕ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਦਾ ਖੁਲਾਸਾ ਨਾ ਹੋ ਸਕੇ ਜਾਂ ਦਬਾਇਆ ਜਾ ਸਕੇ। ਕਾਲੀਆ ਨੇ ਕਿਹਾ ਕਿ ਉਹ ਪਿਛਲੇ 23 ਸਾਲਾਂ ’ਚ ਪੰਜਾਬ ਦੇ ਵੱਖ-ਵੱਖ ਇੰਪਰੂਵਮੈਂਟ ਟਰੱਸਟਾਂ ਵਿਚ ਕੰਮ ਕਰਦੇ ਆਏ ਹਨ। ਉਨ੍ਹਾਂ ਕਈ ਆਈ. ਏ. ਐੱਸ. ਅਧਿਕਾਰੀਆਂ ਦੇ ਹੇਠਾਂ ਵੀ ਕੰਮ ਕੀਤਾ ਹੈ ਪਰ ਅੱਜ ਤੱਕ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਸਬੰਧੀ ਕੋਈ ਸ਼ਿਕਾਇਤ ਨਹੀਂ ਹੋਈ।

ਕਾਲੀਆ ਨੇ ਕਿਹਾ ਕਿ ਚੇਅਰਮੈਨ ਆਹਲੂਵਾਲੀਆ ਨੇ ਨਿੱਜੀ ਹਿੱਤਾਂ ਕਾਰਣ ਉਨ੍ਹਾਂ ਖਿਲਾਫ ਸਰਕਾਰ ਨੂੰ ਡੀ. ਓ. ਲਿਖਿਆ ਹੈ। ਇਸ ਤੋਂ ਇਲਾਵਾ ਚੇਅਰਮੈਨ ਨੇ ਆਪਣੇ ਵਲੋਂ ਲਿਖਿਆ ਓ. ਡੀ. ਲੈਟਰ ਜਾਣਬੁਝ ਕੇ ਵਾਇਰਲ ਕਰ ਦਿੱਤਾ ਤਾਂ ਜੋ ਸਮਾਜ ਵਿਚ ਮੇਰਾ ਅਕਸ ਖਰਾਬ ਹੋਵੇ। ਕਾਲੀਆ ਨੇ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਦੇ 86 ਸਾਲਾ ਪਿਤਾ ਨੂੰ ਵੀ ਇਸ ਦਾ ਡੂੰਘਾ ਸਦਮਾ ਲੱਗਾ ਹੈ।

ਕਾਲੀਆ ਨੇ ਚੇਅਰਮੈਨ ਆਹਲੂਵਾਲੀਆ ਕੋਲੋਂ ਪੁੱਛਿਆ ਹੈ ਕਿ ਉਹ ਦੱਸਣ ਕਿ ਟਰੱਸਟ ਵਿਚ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦੀਆਂ ਕਿੰਨੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਕਿੰਨੀਆਂ ਸ਼ਿਕਾਇਤਾਂ ’ਤੇ ਉਨ੍ਹਾਂ ਕਾਰਵਾਈ ਕੀਤੀ ਅਤੇ ਕਿੰਨੀਆਂ ਸ਼ਿਕਾਇਤਾਂ ਨੂੰ ਟਰੱਸਟ ਨੇ ਕਾਰਵਾਈ ਲਈ ਲੋਕਲ ਬਾਡੀਜ਼ ਵਿਭਾਗ ਨੂੰ ਰੈਫਰ ਕੀਤਾ ਹੈ। ਕਾਲੀਆ ਨੇ ਕਿਹਾ ਕਿ ਅੱਜ ਤੱਕ ਸਰਕਾਰ ਵਲੋਂ ਉਹ ਕਿਸੇ ਇਕ ਵੀ ਮਾਮਲੇ ਵਿਚ ਚਾਰਜਸ਼ੀਟ ਨਹੀਂ ਹੋਏ ਅਤੇ ਨਾ ਹੀ ਉਨ੍ਹਾਂ ਕਦੇ ਕੋਈ ਗਲਤ ਕੰਮ ਕੀਤਾ ਹੈ। ਕਾਲੀਆ ਨੇ ਦੱਸਿਆ ਕਿ ਉਨ੍ਹਾਂ ਨੋਟਿਸ ਭੇਜ ਕੇ ਚੇਅਰਮੈਨ ਆਹਲੂਵਾਲੀਆ ਅਤੇ ਹੋਰਨਾਂ ਨੂੰ 7 ਦਿਨਾਂ ਵਿਚ ਉਨ੍ਹਾਂ ’ਤੇ ਲਾਏ ਦੋਸ਼ਾਂ ਨੂੰ ਸਾਬਿਤ ਕਰਨ ਨੂੰ ਕਿਹਾ ਹੈ। ਜੇਕਰ ਦੋਸ਼ ਸਾਬਿਤ ਨਾ ਹੋਏ ਤਾਂ ਉਹ ਜਨਤਕ ਤੌਰ ’ਤੇ ਮੁਆਫੀ ਮੰਗਣ, ਨਹੀਂ ਤਾਂ ਉਹ ਚੇਅਰਮੈਨ ਦਲਜੀਤ ਸਿੰਘ ਆਹੂਵਾਲੀਆ ਅਤੇ ਹੋਰਨਾਂ ਖਿਲਾਫ ਅਦਾਲਤ ’ਚ ਮਾਣਹਾਨੀ ਦਾ ਕੇਸ ਕਰਨਗੇ।

ਕਾਲੀਆ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਨੇ ਈ. ਓ. ਜਤਿੰਦਰ ਸਿੰਘ ਨੂੰ ਵੀ ਲਪੇਟਿਆ

ਇੰਪਰੂਵਮੈਂਟ ਟਰੱਸਟ ਵਿਚ ਪਿਛਲੇ ਕਈ ਮਹੀਨਿਆਂ ਤੋਂ ਤਬਾਦਲਿਆਂ ਨੂੰ ਲੈ ਕੇ ਘਮਾਸਾਨ ਚੱਲ ਰਿਹਾ ਹੈ। ਕਦੀ ਈ. ਓ. ਸੁਰਿੰਦਰ ਕੁਮਾਰੀ ਅਤੇ ਕਦੇ ਸੀਨੀਅਰ ਸਹਾਇਕ ਸੰਜੀਵ ਕਾਲੀਆ ਚੇਅਰਮੈਨ ਆਹਲੂਵਾਲੀਆ ਦੇ ਨਿਸ਼ਾਨੇ ’ਤੇ ਰਹੇ ਹਨ। ਭਾਵੇਂ ਚੇਅਰਮੈਨ ਆਹਲੂਵਾਲੀਆ ਦੋਵਾਂ ਅਧਿਕਾਰੀਆਂ ਦਾ ਤਬਾਦਲਾ ਕਰਵਾਉਣ ’ਚ ਸਫਲ ਰਹੇ ਹਨ ਪਰ ਈ. ਓ. ਸੁਰਿੰਦਰ ਕੁਮਾਰੀ ਤੋਂ ਬਾਅਦ ਸੀਨੀਅਰ ਸਹਾਇਕ ਦੇ ਮੁੜ ਹੋਏ ਤਬਾਦਲੇ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਨੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਮੌਜੂਦਾ ਈ. ਓ. ਜਤਿੰਦਰ ਸਿੰਘ ਨੂੰ ਵੀ ਲਪੇਟੇ ’ਚ ਲੈ ਲਿਆ ਹੈ।

ਚੇਅਰਮੈਨ ਆਹਲੂਵਾਲੀਆ ਨੇ ਲੋਕਲ ਬਾਡੀਜ਼ ਵਿਭਾਗ ਨੂੰ ਭੇਜੇ ਆਪਣੇ ਪਹਿਲੇ ਡੀ. ਓ. ਲੈਟਰ ਦੀ ਬਦੌਲਤ 19 ਦਸੰਬਰ 2019 ਨੂੰ ਕਾਲੀਆ ਦਾ ਤਬਾਦਲਾ ਜਲੰਧਰ ਇੰਪਰੂਵਮੈਂਟ ਟਰੱਸਟ ਤੋਂ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਵਿਚ ਕਰ ਦਿੱਤਾ ਗਿਆ ਸੀ ਪਰ 13 ਫਰਵਰੀ 2020 ਨੂੰ ਸਰਕਾਰ ਵਲੋਂ ਕਾਲੀਆ ਦਾ ਤਬਾਦਲਾ ਵਾਪਸ ਜਲੰਧਰ ਟਰੱਸਟ ਵਿਚ ਬਤੌਰ ਸੀਨੀਅਰ ਸਹਾਇਕ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕਾਲੀਆ ਨੇ ਟਰੱਸਟ ਦਫਤਰ ਜਾ ਕੇ ਆਪਣੀ ਡਿਊਟੀ ਵੀ ਜੁਆਇਨ ਕਰ ਲਈ ਸੀ ਪਰ ਕਾਲੀਆ ਦਾ ਤਬਾਦਲਾ ਰੱਦ ਹੋਣ ਅਤੇ ਉਨ੍ਹਾਂ ਦੀ ਵਾਪਸੀ ਜਲੰਧਰ ਟਰੱਸਟ ਵਿਚ ਹੋਣ ਤੋਂ ਬਾਅਦ ਚੇਅਰਮੈਨ ਆਹਲੂਵਾਲੀਆ ਨੇ 17 ਫਰਵਰੀ 2020 ਨੂੰ ਨਵਾਂ ਡੀ. ਓ. ਲੈਟਰ ਲੋਕਲ ਬਾਡੀਜ਼ ਵਿਭਾਗ ਨੂੰ ਭੇਜਿਆ ਅਤੇ ਸਿਫਾਰਸ਼ ਕੀਤੀ ਕਿ ਭ੍ਰਿਸ਼ਟਾਚਾਰ ਮਾਮਲਿਆਂ ਦੇ ਕਾਰਣ ਸੀਨੀਅਰ ਅਸਿਸਟੈਂਟ ਦਾ ਤਬਾਦਲਾ ਕਿਤੇ ਹੋਰ ਕੀਤਾ ਜਾਵੇ ਤਾਂ ਜੋ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਦਬਾਇਆ ਨਾ ਜਾ ਸਕੇ, ਜਿਸ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਨੇ ਕਾਲੀਆ ਦੀ ਬਦਲੀ ਇਕ ਵਾਰ ਫਿਰ ਕਰਤਾਰਪੁਰ ਟਰੱਸਟ ਵਿਚ ਕਰ ਦਿੱਤੀ।

ਇਕ ਸੀਨੀਅਰ ਸਹਾਇਕ ਦਾ ਤਬਾਦਲਾ ਕਰਵਾਉਣ ਲਈ ਵਾਰ-ਵਾਰ ਲਿਖੇ ਡੀ. ਓ. ਲੈਟਰ ਨਾਲ ਚੇਅਰਮੈਨ ਆਹਲੂਵਾਲੀਆ ਦੀ ਕਾਰਜਸ਼ੈਲੀ ’ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਕਿ ਜੇਕਰ ਇਕ ਹੇਠਲੇ ਪੱਧਰ ਦਾ ਅਧਿਕਾਰੀ ਟਰੱਸਟ ਵਿਚ ਕੰਮ ਕਰਦੇ ਹੋਏ ਆਪਣੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਦਬਾ ਸਕਦਾ ਹੈ ਤਾਂ ਇਕ ਈ. ਓ. ਜਿਸ ਦੇ ਖਿਲਾਫ ਜਲੰਧਰ ਟਰੱਸਟ ਦੀਆਂ ਕਈ ਸਕੀਮਾਂ/ਐੱਲ. ਡੀ. ਪੀ. ਪਲਾਟਾਂ ਦੀ ਅਲਾਟਮੈਂਟ ਦੇ ਮਾਮਲੇ ’ਚ ਕੀਤੇ ਭ੍ਰਿਸ਼ਟਾਚਾਰ ਦੇ ਚੱਲ ਰਹੀ ਜਾਂਚ ਪ੍ਰਭਾਵਿਤ ਨਹੀਂ ਹੋਵੇਗੀ? ਪਰ ਇੰਪਰੂਵਮੈਂਟ ਟਰੱਸਟ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਰਵੱਈਏ ਨੇ ਚਰਚਾ ਛੇੜ ਦਿੱਤੀ ਹੈ ਕਿ ਜੇਕਰ ਸੀਨੀਅਰ ਸਹਾਇਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਣ ਟਰੱਸਟ ਵਿਚ ਕੰਮ ਕਰਨ ਦੇ ਯੋਗ ਨਹੀਂ ਹੈ ਤਾਂ ਈ. ਓ. ਜਤਿੰਦਰ ਸਿੰਘ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਜਿਨ੍ਹਾਂ ਦੀ ਲੋਕਲ ਬਾਡੀਜ਼ ਵਲੋਂ ਉੱਚ ਪੱਧਰੀ ਜਾਂਚ ਚੱਲ ਰਹੀ ਹੈ, ਕੀ ਉਹ ਜਾਂਚ ਉਨ੍ਹਾਂ ਦੇ ਜਲੰਧਰ ਟਰੱਸਟ ਵਿਚ ਰਹਿੰਦਿਆਂ ਪ੍ਰਭਾਵਿਤ ਨਹੀਂ ਹੋਵੇਗੀ। ਜਦੋਂਕਿ ਲੋਕਲ ਬਾਡੀਜ਼ ਵਿਭਾਗ ਵਲੋਂ ਜਤਿੰਦਰ ਸਿੰਘ ਦੇ ਤਬਾਦਲੇ ਦੇ ਹੁਕਮਾਂ ਵਿਚ ਉਨ੍ਹਾਂ ਖਿਲਾਫ ਬਰਨਾਲਾ ਟਰੱਸਟ ਨਾਲ ਸਬੰਧਤ ਕੇਸ ਜਿਸ ਵਿਚ ਜਤਿੰਦਰ ਸਸਪੈਂਡ ਚੱਲ ਰਹੇ ਸਨ, ਨੂੰ ਸਿਰਫ ਉਨ੍ਹਾਂ ਦੀ ਪ੍ਰਾਰਥਨਾ ਅਰਜ਼ੀ ਨੂੰ ਆਧਾਰ ਬਣਾ ਕੇ ਉਨ੍ਹਾਂ ਨੂੰ ਜਾਂਚ ਪੂਰੀ ਹੋਣ ਤੱਕ ਬਹਾਲ ਕਰ ਦਿੱਤਾ ਗਿਆ। ਜਦੋਂਕਿ ਪਠਾਨਕੋਟ ਟਰੱਸਟ ਦੇ ਮਾਮਲੇ ਜਿਸ ਵਿਚ ਈ. ਓ. ਜਤਿੰਦਰ ਸਿੰਘ 3 ਮਹੀਨੇ ਦੀ ਜੇਲ ਕੱਟ ਕੇ ਆਏ ਹਨ ਅਤੇ ਜ਼ਮਾਨਤ ’ਤੇ ਬਾਹਰ ਹਨ, ਉਸ ਮਾਮਲੇ ’ਚ ਲੋਕਲ ਬਾਡੀਜ਼ ਵਿਭਾਗ ਨੇ ਸਿਰਫ ਇਸ ਸ਼ਰਤ ’ਤੇ ਬਹਾਲ ਕਰਦਿਆਂ ਜਲੰਧਰ ਟਰੱਸਟ ਦਾ ਈ. ਓ. ਲਾ ਦਿੱਤਾ ਹੈ ਕਿ ਉਹ ਵਿਜੀਲੈਂਸ ਵਿਭਾਗ ਵਲੋਂ ਚੱਲ ਰਹੇ ਕੋਰਟ ਕੇਸ ਵਿਚ ਹੋਣ ਵਾਲੇ ਫੈਸਲੇ ਨੂੰ ਮੰਨਣ ਲਈ ਪਾਬੰਦ ਹੋਣਗੇ।

ਨੋਟਿਸ ਨਹੀਂ ਮਿਲਿਆ, ਮਿਲਣ ’ਤੇ ਹੀ ਦੇਵਾਂਗਾ ਪ੍ਰਤੀਕਿਰਿਆ : ਚੇਅਰਮੈਨ ਆਹੂਵਾਲੀਆ

ਇਸ ਸਬੰਧ ’ਚ ਜਦੋਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੀਨੀਅਰ ਸਹਾਇਕ ਸੰਜੀਵ ਕਾਲੀਆ ਵਲੋਂ ਭੇਜਿਆ ਕੋਈ ਵੀ ਨੋਟਿਸ ਉਨ੍ਹਾਂ ਨੂੰ ਨਹੀਂ ਮਿਲਿਆ, ਇਸ ਕਾਰਣ ਉਹ ਇਸ ਮਾਮਲੇ ’ਚ ਕੁਝ ਨਹੀਂ ਕਹਿ ਸਕਦੇ। ਜਦੋਂ ਨੋਟਿਸ ਮਿਲ ਜਾਵੇਗਾ ਤਾਂ ਉਹ ਉਸ ਨੂੰ ਪੜ੍ਹ ਕੇ ਪ੍ਰਤੀਕਿਰਿਆ ਦੇਣਗੇ।

 


shivani attri

Content Editor

Related News