ਪਤੀ-ਪਤਨੀ ਨੇ ਲਾਏ ਦੋਸ਼, ਕਿਹਾ-ਪੁਲਸ ਮੁਲਾਜ਼ਮ ਤੇ ਉਸਦੇ ਪਰਿਵਾਰ ਨੇ ਘਰ ’ਚ ਦਾਖ਼ਲ ਹੋ ਕੀਤੀ ਕੁੱਟਮਾਰ
Saturday, Jul 02, 2022 - 03:37 PM (IST)

ਆਦਮਪੁਰ (ਦਿਲਬਾਗੀ, ਚਾਂਦ) : ਪਤੀ-ਪਤਨੀ ਨੇ ਪੁਲਸ ਮੁਲਾਜ਼ਮ ਅਤੇ ਉਸ ਦੇ ਪਰਿਵਾਰ ’ਤੇ ਘਰ ਵਿਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਜਲਪੋਤਾ ਦੇ ਵਸਨੀਕ ਪੀੜਤ ਰਣਜੀਤ ਸਿੰਘ ਪੁੱਤਰ ਅੱਛਰ ਸਿੰਘ, ਜੋ ਆਦਮਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹੈ, ਨੇ ਦੱਸਿਆ ਕਿ ਅੱਜ ਦਲਜੀਤ ਸਿੰਘ, ਜੋ ਪੁਲਸ ਮੁਲਾਜ਼ਮ ਹੈ ਅਤੇ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਲੱਕੀ, ਸੰਤੋਖ ਪੁੱਤਰ ਗੋਪਾਲ ਸਿੰਘ, ਹਰਬੰਤ ਕੌਰ ਪਤਨੀ ਸੰਤੋਖ ਸਿੰਘ, ਰਣਜੀਤ ਕੌਰ ਪਤਨੀ ਦਲਜੀਤ ਸਿੰਘ ਨੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਬਿਨਾਂ ਕੋਈ ਗੱਲ ਕੀਤੇ ਉਨ੍ਹਾਂ ਨਾਲ ਗਾਲੀ-ਗਲੋਚ ਅਤੇ ਹੱਥੋਪਾਈ ਕੀਤੀ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀ ਦਸਤਾਰ ਉਤਾਰ ਦਿੱਤੀ ਤੇ ਕੇਸਾਂ ਦੀ ਬੇਦਅਬੀ ਕੀਤੀ, ਉਸ ਦੀ ਪਤਨੀ ਪਰਮਜੀਤ ਕੌਰ ਦੇ ਪੇਟ ਵਿਚ ਲੱਤਾਂ ਮਾਰੀਆਂ।
ਉਸ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਮੁਸ਼ਕਿਲ ਨਾਲ ਉਨ੍ਹਾਂ ਨੂੰ ਛੁਡਾਇਆ ਤੇ ਆਦਮਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਹਸਪਤਾਲ ਦੇ ਡਾਕਟਰਾਂ ਅਨੁਸਾਰ ਪਰਮਜੀਤ ਕੌਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ। ਇਸ ਸਬੰਧੀ ਆਦਮਪੁਰ ਪੁਲਸ ਨੂੰ ਇਤਲਾਹ ਦੇ ਦਿੱਤੀ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਰਣਜੀਤ ਸਿੰਘ ਦਰਵਾਜ਼ੇ ’ਚ ਖੜ੍ਹਾ ਹੋ ਕੇ ਉਸ ਦੇ ਦਾਦੇ ਨੂੰ ਗਾਲ੍ਹਾਂ ਕਢਦਾ ਸੀ ਤੇ ਅੱਜ ਵੀ ਉਹ ਗਾਲ੍ਹਾਂ ਕੱਢ ਰਿਹਾ ਸੀ, ਮਾਮੂਲੀ ਲੜਾਈ ਹੋਈ ਸੀ। ਇਸ ਕੁੱਟਮਾਰ ਦੀ ਇਕ ਵੀਡੀਓ ਵੀ ਪੀੜਤ ਪਰਿਵਾਰ ਨੇ ਜਾਰੀ ਕੀਤੀ ਹੈ।