ਫਗਵਾੜਾ: ਨਿਗਮ ਟੀਮ ਨੇ ਮਕਾਨ 'ਤੇ ਚਲਾਇਆ ਬੁਲਡੋਜ਼ਰ, ਹੋਇਆ ਭਾਰੀ ਹੰਗਾਮਾ, ਜਾਣੋ ਪੂਰਾ ਮਾਮਲਾ

Wednesday, Sep 14, 2022 - 04:21 AM (IST)

ਫਗਵਾੜਾ: ਨਿਗਮ ਟੀਮ ਨੇ ਮਕਾਨ 'ਤੇ ਚਲਾਇਆ ਬੁਲਡੋਜ਼ਰ, ਹੋਇਆ ਭਾਰੀ ਹੰਗਾਮਾ, ਜਾਣੋ ਪੂਰਾ ਮਾਮਲਾ

ਫਗਵਾੜਾ (ਜਲੋਟਾ) :  ਫਗਵਾੜਾ ਦੇ ਇੰਡਸਟ੍ਰੀਅਲ ਏਰੀਆ ਦੀ ਛੱਜ ਕਾਲੋਨੀ 'ਚ ਅੱਜ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਨਗਰ ਨਿਗਮ ਫਗਵਾੜਾ ਦੀ ਟੀਮ ਨੇ ਉਸਾਰੇ ਜਾ ਰਹੇ ਇਕ ਮਕਾਨ ਨੂੰ ਕਥਿਤ ਤੌਰ 'ਤੇ ਨਾਜਾਇਜ਼ ਕਬਜ਼ਾ ਅਤੇ ਉਸਾਰੀ ਕਰਾਰ ਦਿੰਦਿਆਂ ਬੁਲਡੋਜ਼ਰ ਨਾਲ ਮਕਾਨ ਦਾ ਕੁਝ ਹਿੱਸਾ ਢਹਿ-ਢੇਰੀ ਕਰ ਦਿੱਤਾ। ਇਸ ਮੌਕੇ ਮਕਾਨ ਦੀ ਉਸਾਰੀ ਕਰ ਰਹੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਜੋ ਉਸਾਰੀ ਕੀਤੀ ਜਾ ਰਹੀ ਹੈ, ਉਹ ਇਲਾਕੇ 'ਚ ਹੋਈਆਂ ਹੋਰ ਉਸਾਰੀਆਂ ਵਾਂਗ ਹੀ ਹੈ। ਉਥੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਿਸ ਉਸਾਰੀ ਨੂੰ ਅੱਜ ਨਿਗਮ ਟੀਮ ਨੇ ਬੁਲਡੋਜ਼ਰ ਨਾਲ ਢਾਹਿਆ ਹੈ, ਉਸ ਨੂੰ ਢਾਹੁਣ ਦੇ ਹੁਕਮ ਨਗਰ ਨਿਗਮ ਦੇ ਸੀਨੀਅਰ ਅਫ਼ਸਰਾਂ ਵੱਲੋਂ ਕੀਤੇ ਗਏ ਹਨ। ਇਸ ਤੋਂ ਬਾਅਦ ਹੀ ਸਰਕਾਰੀ ਕਾਰਵਾਈ ਨੂੰ ਪੂਰਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਬੰਧਿਤ ਮਕਾਨ ਦੀ ਉਸਾਰੀ ਕਰ ਰਹੇ ਲੋਕਾਂ ਨੂੰ ਨਿਗਮ ਵੱਲੋਂ ਕੁਝ ਸਮਾਂ ਪਹਿਲਾਂ ਬਕਾਇਦਾ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਖ਼ਬਰ ਲਿਖੇ ਜਾਣ ਤੱਕ ਇਲਾਕੇ 'ਚ ਭਾਰੀ ਪੁਲਸ ਫੋਰਸ ਦੀ ਮੌਜੂਦਗੀ 'ਚ ਨਿਗਮ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਜਲ ਸਲਪਾਈ ਘਰ 'ਚ ਪਾਵਰਕਾਮ ਵੱਲੋਂ ਲਗਾਇਆ ਚਿੱਪ ਵਾਲਾ ਮੀਟਰ BKU ਦੇ ਆਗੂਆਂ ਨੇ ਪੁੱਟਿਆ

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਈ ਲੋਕਾਂ ਨੇ ਕਿਹਾ ਕਿ ਫਗਵਾੜਾ 'ਚ ਸ਼ਰੇਆਮ ਸਰਕਾਰੀ ਜ਼ਮੀਨਾਂ ਅਤੇ ਬਾਜ਼ਾਰਾਂ 'ਚ ਸ਼ਾਤਿਰ ਲੋਕਾਂ ਵੱਲੋਂ ਬੀਤੇ ਕਈ ਸਾਲਾਂ ਤੋਂ ਧੱਕੇ ਨਾਲ ਨਾਜਾਇਜ਼ ਕਬਜ਼ੇ ਕੀਤੇ ਗਏ ਹਨ  ਪਰ ਅੱਜ ਤੱਕ ਨਿਗਮ ਵੱਲੋਂ ਇਨ੍ਹਾਂ ਖ਼ਿਲਾਫ਼ ਨਾ ਤਾਂ ਕੋਈ ਸਖ਼ਤ ਕਾਰਵਾਈ ਕੀਤੀ ਗਈ ਹੈ ਤੇ ਨਾ ਹੀ ਇੰਝ ਹੁੰਦਾ ਕਿਧਰੇ ਵੀ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਜੋ ਕਿ ਖੁਦ ਨੂੰ ਆਮ ਆਦਮੀ ਦੀ ਸਰਕਾਰ ਦੱਸਦੀ ਹੈ, ਦੇ ਰਾਜ 'ਚ ਕੀ ਨਗਰ ਨਿਗਮ ਦਾ ਬੁਲਡੋਜ਼ਰ ਗ਼ਰੀਬ ਲੋਕਾਂ ਦੇ ਘਰਾਂ 'ਤੇ ਹੀ ਚਲਾਇਆ ਜਾਵੇਗਾ? ਹਾਲਾਂਕਿ ਕੁਝ ਲੋਕਾਂ ਨੇ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਨੂੰ ਪੂਰੀ ਤਰ੍ਹਾਂ ਸਹੀ ਦੱਸਦਿਆਂ ਡੀ.ਸੀ. ਕਪੂਰਥਲਾ ਸਮੇਤ ਨਿਗਮ ਕਮਿਸ਼ਨਰ ਫਗਵਾੜਾ ਤੋਂ ਮੰਗ ਕੀਤੀ ਹੈ ਕਿ ਫਗਵਾੜਾ ਪ੍ਰਸ਼ਾਸਨ ਅਤੇ ਨਗਰ ਨਿਗਮ ਇਸੇ ਤਰ੍ਹਾਂ ਫਗਵਾੜਾ 'ਚ ਉਨ੍ਹਾਂ ਰਸੂਖਦਾਰ ਲੋਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰੇ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਸਰਕਾਰੀ ਜ਼ਮੀਨਾਂ ਨੂੰ ਆਪਣੀਆਂ ਪ੍ਰਾਈਵੇਟ ਪ੍ਰਾਪਰਟੀਆਂ ਬਣਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News