120 ਫੁੱਟ ਰੋਡ ’ਤੇ MP ਸੁਸ਼ੀਲ ਰਿੰਕੂ ਦੇ ਡ੍ਰੀਮ ਪ੍ਰਾਜੈਕਟ ਨੂੰ ਨਿਗਮ ਲਗਾਤਾਰ ਕਰ ਰਿਹੈ ‘ਇਗਨੋਰ’

06/29/2023 12:30:03 PM

ਜਲੰਧਰ (ਖੁਰਾਣਾ)-ਹਾਲ ਹੀ ’ਚ ਹੋਈ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਦੇ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਪੱਧਰ ਦੀ ਸਿਆਸਤ ’ਚ ਕਾਫ਼ੀ ਬਦਲਾਅ ਆਇਆ ਹੈ। ਲੋਕ ਸਭਾ ’ਚ ਇਸ ਸਮੇਂ ‘ਆਪ’ ਦਾ ਸਿਰਫ਼ ਇਕ ਸੰਸਦ ਮੈਂਬਰ ਸੁਸ਼ੀਲ ਰਿੰਕੂ ਜਿੱਥੇ ਜਲੰਧਰ ਤੋਂ ਹੈ, ਉਥੇ ਹੀ ਇਸ ਜ਼ਿਮਨੀ ਚੋਣ ’ਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜੋ ਮਿਹਨਤ ਕੀਤੀ, ਉਸ ਨਾਲ ਉਹ ਜਲੰਧਰ ਸ਼ਹਿਰ ਦੀ ਰਗ-ਰਗ ਤੋਂ ਵਾਕਿਫ ਹੋ ਗਏ ਹਨ। ਉਸੇ ਜ਼ਿਮਨੀ ਚੋਣ ’ਚ ਜਲੰਧਰ ਨਗਰ ਨਿਗਮ ਦੀ ਕਾਰਜਪ੍ਰਣਾਲੀ ਨੂੰ ਲੈ ਕੇ ‘ਆਪ’ ਲੀਡਰਸ਼ਿਪ ਕੋਲ ਕਈ ਤਰ੍ਹਾਂ ਦੇ ਫੀਡਬੈਕ ਪਹੁੰਚੇ ਸੀ ਜਿਸ ਕਾਰਨ ‘ਆਪ’ ਲੀਡਰਸ਼ਿਪ ਨੂੰ ਐਕਸਟ੍ਰਾ ਮਿਹਨਤ ਤੱਕ ਕਰਨੀ ਪਈ ਸੀ। ਅੱਜ ਜ਼ਿਮਨੀ ਚੋਣ ਦਾ ਨਤੀਜਾ ਆਏ ਵੀ ਕਈ ਹਫ਼ਤੇ ਬੀਤ ਚੁੱਕੇ ਹਨ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਜਲੰਧਰ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਚ ਕੋਈ ਸੁਧਾਰ ਆਉਂਦਾ ਨਹੀਂ ਦਿਸ ਰਿਹਾ। ਨਗਰ ਨਿਗਮ ਦੇ ਜ਼ਿਆਦਾਤਰ ਅਧਿਕਾਰੀ ਅਤੇ ਕਰਮਚਾਰੀ ਅੱਜ ਵੀ ਓਨੇ ਹੀ ਲਾਪ੍ਰਵਾਹ ਦਿਖਾਈ ਦੇ ਰਹੇ ਹਨ ਜਿੰਨੇ ਕਾਂਗਰਸ ਸਰਕਾਰ ਦੇ ਸਮੇਂ ਸਨ।

PunjabKesari

ਉਸ ਸਮੇਂ ਵੀ ਕਾਂਗਰਸੀਆਂ ਨੂੰ ਨਗਰ ਨਿਗਮ ਦੀਆਂ ਨਾਕਾਮੀਆਂ ਕਾਰਨ ਵਿਧਾਨ ਸਭਾ ਚੋਣਾਂ ’ਚ ਨਾਮੋਸ਼ੀ ਝੱਲਣੀ ਪਈ ਸੀ ਅਤੇ ਹੁਣ ਨਿਗਮ ਚੋਣਾਂ ’ਚ ਵੀ ‘ਆਪ’ ਲੀਡਰਸ਼ਿਪ ਨੂੰ ਨਗਰ ਨਿਗਮ ਦੀ ਲੱਚਰ ਕਾਰਜਪ੍ਰਣਾਲੀ ਦਾ ਖਮਿਆਜ਼ਾ ਭੁਗਤਨਾ ਪੈ ਸਕਦਾ ਹੈ। ਇਸ ਸਮੇਂ ਵੈਸੇ ਤਾਂ ਪੂਰਾ ਸ਼ਹਿਰ ਹੀ ਕੂੜੇ ਕਰਕਟ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਹੈਰਾਨੀਜਨਕ ਗੱਲ ਇਹ ਵੀ ਹੈ ਕਿ ਨਿਗਮ ਨੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਉਸੇ ਡ੍ਰੀਮ ਪ੍ਰਾਜੈਕਟ ਨੂੰ ਹੀ ਲਗਾਤਾਰ ਇਗਨੋਰ ਕਰ ਰੱਖਿਆ ਹੈ ਜਿਸ ਨੂੰ ਪੂਰਾ ਕਰਨ ’ਚ ਰਿੰਕੂ ਨੂੰ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ- ਜਲੰਧਰ 'ਚ ਮਨਾਇਆ ਗਿਆ ਈਦ-ਉੱਲ-ਅਜ਼ਹਾ ਦਾ ਤਿਉਹਾਰ, ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਿੱਤੀਆਂ ਮੁਬਾਰਕਾਂ

ਖ਼ਾਸ ਗੱਲ ਇਹ ਹੈ ਕਿ ਸੰਸਦ ਮੈਂਬਰ ਸੁਸ਼ੀਲ ਰਿੰਕੂ ਦਾ ਘਰ ਜਿਸ ਬਸਤੀਆਂ ਖੇਤਰ ’ਚ ਹੈ, ਉਸ ਨੂੰ 120 ਫੁੱਟ ਰੋਡ ਬਾਕੀ ਸ਼ਹਿਰ ਨਾਲ ਜੋੜਦੀ ਹੈ। ਪਿਛਲੇ ਕਈ ਦਹਾਕਿਆਂ ਤੋਂ 120 ਫੁੱਟ ਰੋਡ ਬਰਸਾਤੀ ਪਾਣੀ ਭਰ ਜਾਣ ਦੀ ਸਮੱਸਿਆ ਦਾ ਸ਼ਿਕਾਰ ਸੀ। ਸੁਸ਼ੀਲ ਰਿੰਕੂ ਨੇ ਵਿਧਾਇਕ ਰਹਿੰਦੇ ਹੋਏ ਇਸ ਪੂਰੇ ਖੇਤਰ ਦਾ ਜ਼ਬਰਦਸਤ ਸੁਧਾਰ ਕਰਵਾਇਆ ਅਤੇ ਸਮਾਰਟ ਸਿਟੀ ਦੇ ਫੰਡ ਨਾਲ ਇਥੇ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਪੂਰਾ ਕਰਵਾਇਆ, ਜਿਸ ਦੇ ਬਾਅਦ ਇਸ ਪੂਰੇ ਖੇਤਰ ਨੂੰ ਕੁਝ ਸਮੇਂ ਲਈ ਕਾਫ਼ੀ ਰਾਹਤ ਮਿਲੀ ਸੀ।
ਨੇੜੇ-ਤੇੜੇ ਦੇ ਵੱਡੇ ਖੇਤਰ ’ਚ ਪਾਣੀ ਭਰਨਾ ਘੱਟ ਹੋ ਗਿਆ ਸੀ ਪਰ ਹੁਣ ਫਿਰ ਉਥੇ ਬਰਸਾਤ ਦਾ ਪਾਣੀ ਲੰਬੇ ਸਮੇਂ ਲਈ ਖੜ੍ਹਾ ਰਹਿਣ ਲੱਗਾ ਹੈ। ਇਸ ਦਾ ਕਾਰਨ ਜਾਣਨ ਲਈ ਜਦੋਂ ‘ਜਗ ਬਾਣੀ’ ਦੀ ਟੀਮ ਨੇ 120 ਫੁੱਟ ਰੋਡ ਦਾ ਦੌਰਾ ਕੀਤਾ ਤਾਂ ਪਾਇਆ ਕਿ ਉਥੇ ਨਿਗਮ ਦੁਆਰਾ ਨਾਮਾਤਰ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਸਟਾਰਮ ਵਾਟਰ ਸੀਵਰ ਦੇ ਜੋ ਪੁਆਇੰਟ ਬਰਸਾਤੀ ਪਾਣੀ ਨਿਕਲਣ ਦੇ ਲਈ ਰੱਖੇ ਗਏ ਸਨ, ਉਥੇ ਮਿੱਟੀ, ਮਲਬਾ ਅਤੇ ਕੂੜਾ ਭਰਿਆ ਹੋਇਆ ਹੈ। ਹੈਲਥ ਸੈਂਟਰ ਦੇ ਨੇੜੇ ਮਲਬੇ ਦੇ ਪਹਾੜ ਨੇ ਪੂਰੇ ਫੁੱਟਪਾਥ ਨੂੰ ਕਵਰ ਕਰਕੇ ਰੋਡ ਗਲੀਆਂ ਨੂੰ ਬੰਦ ਕਰ ਦਿੱਤਾ ਹੈ। ਉਥੇ ਹਰ ਰੋਜ਼ ਸੜਕ ’ਤੇ ਹੀ ਕੂੜੇ ਦੇ ਢੇਰ ਵੇਖੇ ਜਾ ਰਹੇ ਹਨ। ਬਰਸਾਤਾਂ ’ਚ 120 ਫੁੱਟ ਰੋਡ ਦੀ ਹਾਲਤ ਨੂੰ ਦੇਖ ਕੇ ਕਈ ਵਾਰ ਇਹ ਪ੍ਰਭਾਵ ਵੀ ਜਾਂਦਾ ਹੈ ਕਿ ਸਟਾਰਮ ਵਾਟਰ ’ਤੇ ਖਰਚ ਕੀਤੇ 21 ਕਰੋੜ ਰੁਪਏ ਫਜ਼ੂਲ ਗਏ ਅਤੇ ਇਹ ਪ੍ਰਾਜੈਕਟ ਫੇਲ ਸਾਬਿਤ ਹੋ ਰਿਹਾ ਹੈ, ਜਦਕਿ ਦੇਖਣ ’ਚ ਆਇਆ ਕਿ ਇਥੇ ਸਿਰਫ ਸਾਫ-ਸਫਾਈ ਦੀ ਹੀ ਲੋੜ ਹੈ।

PunjabKesari

ਚੋਣ ਮੁੱਦਾ ਬਣਿਆ ਸੀ ਸਟਾਰਮ ਵਾਟਰ ਸੀਵਰ ਪ੍ਰਾਜੈਕਟ
ਵਿਧਾਇਕ ਰਹਿੰਦੇ ਹੋਏ ਸੁਸ਼ੀਲ ਰਿੰਕੂ ਨੇ ਬਸਤੀਆਂ ਖੇਤਰ ਦੀ 40 ਸਾਲ ਪੁਰਾਣੀ ਸਮੱਸਿਆ ਨੂੰ ਦੂਰ ਕਰਦੇ ਹੋਏ ਇਥੇ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਬਣਵਾਇਆ ਸੀ। ਇਹ ਪ੍ਰਾਜੈਕਟ ਚੋਣ ਮੁੱਦੇ ਦੇ ਰੂਪ ’ਚ ਵੀ ਭੁਨਾਇਆ ਗਿਆ ਅਤੇ ਚੋਣ ਪ੍ਰਚਾਰ ਦੌਰਾਨ ਸੁਸ਼ੀਲ ਰਿੰਕੂ ਨੇ ਇਥੇ ਬਰਸਾਤ ’ਚ ਖੜ੍ਹੇ ਹੋ ਕੇ ਚਾਹ ਦੀਆਂ ਚੁਸਕੀਆਂ ਤੱਕ ਲਈਆਂ ਸਨ। ਉਦੋਂ ਇਸ ਸੜਕ ’ਤੇ ਬਿਲਕੁਲ ਵੀ ਪਾਣੀ ਨਹੀਂ ਖੜ੍ਹਾ ਹੁੰਦਾ ਸੀ ਪਰ ਅੱਜ ਦੋਬਾਰਾ 120 ਫੁੱਟ ਰੋਡ ’ਤੇ ਪਾਣੀ ਭਰਨ ਲੱਗਾ ਹੈ।

ਇਹ ਵੀ ਪੜ੍ਹੋ- ਦੁਨੀਆ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News