ਮੌਸਮ ਦੀ ਖਰਾਬੀ ਦੇ ਬਾਵਜੂਦ 1170 ਯਾਤਰੀਆਂ ਨੂੰ ਲੈ ਕੇ 51 ਬੱਸਾਂ ਰਵਾਨਾ

05/30/2020 5:13:46 PM

ਜਲੰਧਰ (ਪੁਨੀਤ)— ਮੌਸਮ ਦੇ ਸਵੇਰ ਤੋਂ ਹੀ ਕਰਵਟ ਬਦਲਣ ਕਾਰਨ ਬੀਤੇ ਦਿਨ ਘੱਟ ਯਾਤਰੀਆਂ ਦਾ ਅਨੁਮਾਨ ਲਾਇਆ ਜਾ ਰਿਹਾ ਸੀ। ਘੱਟ ਬੱਸਾਂ ਸੈਨੇਟਾਈਜ਼ ਕਰਕੇ ਤਿਆਰ ਕੀਤੀਆਂ ਗਈਆਂ ਸਨ ਪਰ ਸ਼ੁੱਕਰਵਾਰ ਵੀ ਭਾਰੀ ਗਿਣਤੀ ਵਿਚ ਯਾਤਰੀ ਦੂਜੇ ਸ਼ਹਿਰਾਂ 'ਚ ਜਾਣ ਲਈ ਬੱਸ ਅੱਡੇ ਪਹੁੰਚੇ, ਜਿਸ ਕਾਰਨ ਤੁਰੰਤ ਪ੍ਰਭਾਵ ਨਾਲ ਹੋਰ ਬੱਸਾਂ ਨੂੰ ਡਿਪੂ ਵਿਚ ਸੈਨੇਟਾਈਜ਼ ਕਰਕੇ ਬੱਸ ਅੱਡੇ ਪਹੁੰਚਾਈਆਂ ਗਈਆਂ। ਸ਼ੁੱਕਰਵਾਰ ਜਲੰਧਰ ਬੱਸ ਅੱਡੇ ਤੋਂ ਕੁੱਲ 51 ਬੱਸਾਂ 1170 ਯਾਤਰੀਆਂ ਨੂੰ ਲੈ ਕੇ ਵੱਖ-ਵੱਖ ਰੂਟਾਂ ਲਈ ਰਵਾਨਾ ਹੋਈਆਂ। ਜਲੰਧਰ ਡਿਪੂ ਨੂੰ ਸ਼ੁੱਕਰਵਾਰ 1,18,769 ਰੁਪਏ ਦੀ ਆਮਦਨ ਹੋਈ। ਇਸ ਵਿਚੋਂ 2 ਪੀ. ਆਰ. ਟੀ. ਸੀ. ਦੀਆਂ ਬੱਸਾਂ ਵੀ ਸ਼ਾਮਲ ਰਹੀਆਂ।

ਜਲੰਧਰ ਤੋਂ ਜੋ ਮਾਰਗ ਚਲੇ ਉਨ੍ਹਾਂ 'ਚ ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਬਟਾਲਾ, ਨਵਾਂਸ਼ਹਿਰ, ਰੋਪੜ, ਲੁਧਿਆਣਾ ਅਤੇ ਜਗਰਾਓਂ ਆਦਿ ਸ਼ਾਮਲ ਸਨ। ਵਿਭਾਗ ਨੂੰ ਸਭ ਤੋਂ ਜ਼ਿਆਦਾ ਬੱਸਾਂ ਲੁਧਿਆਣਾ ਲਈ ਚਲਾਉਣੀਆਂ ਪਈਆਂ। ਲੁਧਿਆਣਾ ਤੋਂ ਬਾਅਦ ਦੂਜੇ ਨੰਬਰ 'ਤੇ ਯਾਤਰੀ ਅੰਮ੍ਰਿਤਸਰ ਵਲ ਨੂੰ ਗਏ। ਇਸ ਤੋਂ ਬਾਅਦ ਨਵਾਂਸ਼ਹਿਰ, ਰੋਪੜ ਵਲ ਸਵਾਰੀਆਂ ਦਾ ਜਾਣਾ ਜਾਰੀ ਰਿਹਾ। ਲੁਧਿਆਣਾ ਅਤੇ ਅੰਮ੍ਰਿਤਸਰ ਨੂੰ ਛੱਡ ਕੇ ਹੋਰ ਰੂਟਾਂ 'ਤੇ ਸਿਰਫ 1-2 ਬੱਸਾਂ ਹੀ ਚਲਾਈਆਂ ਗਈਆਂ।
PunjabKesari

ਬੱਸ ਅੱਡੇ 'ਚ ਯਾਤਰੀਆਂ ਦੀ ਜਾਂਚ ਸਬੰਧੀ ਡਾਕਟਰਾਂ ਦੀਆਂ ਟੀਮਾਂ ਨੂੰ ਤਾਇਨਾਤ
ਯਾਤਰੀਆਂ ਦੀ ਜਾਂਚ ਲਈ ਬੱਸ ਅੱਡਿਆਂ 'ਚ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਕੋਰੋਨਾ ਵਰਗੀ ਨਾਮੁਰਾਦ ਬੀਮਾਰੀ ਦਾ ਕਿਸੇ ਯਾਤਰੀ ਦੇ ਲਪੇਟ ਵਿਚ ਆਉਣ ਤੋਂ ਬਚਾ ਹੋ ਸਕੇ। ਡਾਕਟਰ ਯਾਤਰੀਆਂ ਦੀ ਸਕੈਨਿੰਗ ਤੋਂ ਬਾਅਦ ਉਨ੍ਹਾਂ ਦੇ ਹੱਥਾਂ ਨੂੰ ਸੈਨੇਟਾਈਜ਼ ਕਰ ਕੇ ਬੱਸਾਂ ਵਿਚ ਬਿਠਾ ਰਹੇ ਹਨ। ਟਿਕਟਾਂ ਬੱਸ ਅੱਡੇ 'ਤੇ ਹੀ ਕੱਟ ਦਿੱਤੀਆਂ ਗਈਆਂ ਕਿਉਂਕਿ ਰਸਤੇ ਵਿਚ ਸਵਾਰੀ ਨੂੰ ਬਿਠਾਉਣਾ ਅਤੇ ਟਿਕਟਾਂ ਕੱਟਣ ਦੀ ਇਜਾਜ਼ਤ ਨਹੀਂ ਹੈ। ਬੱਸਾਂ ਸਿਰਫ ਉਨ੍ਹਾਂ ਬੱਸ ਅੱਡਿਆਂ 'ਤੇ ਹੀ ਰੋਕੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਹਨ।

ਸਵਾਰੀਆਂ ਨਾ ਹੋਣ ਕਾਰਨ ਨਹੀਂ ਚੱਲਿਆ ਚੰਡੀਗੜ੍ਹ ਦਾ ਮਾਰਗ
ਸਵਾਰੀਆਂ ਨਾ ਹੋਣ ਕਾਰਣ ਅੱਜ ਵੀ ਚੰਡੀਗੜ੍ਹ ਰੂਟ ਨਹੀਂ ਚਲ ਸਕਿਆ। ਵਿਭਾਗ ਵਲੋਂ ਚੰਡੀਗੜ੍ਹ ਨੂੰ ਜਾਣ ਵਾਲੇ ਥਾਂ 'ਤੇ ਬੱਸ ਲਾਈ ਗਈ ਤਾਂ ਕਿ ਪਤਾ ਲੱਗ ਸਕੇ ਕਿ ਚੰਡੀਗੜ੍ਹ ਜਾਣ ਵਾਲੇ ਯਾਤਰੀ ਕਿੰਨੇ ਹਨ ਪਰ ਸਿਰਫ ਇਕ ਯਾਤਰੀ ਚੰਡੀਗੜ੍ਹ ਜਾਣ ਲਈ ਨਿਕਲਿਆ। ਇਸ ਕਾਰਣ ਚੰਡੀਗੜ੍ਹ ਮਾਰਗ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ, ਜੋ ਬੱਸ ਚੰਡੀਗੜ੍ਹ ਲਈ ਲਾਈ ਗਈ ਸੀ, ਉਸਨੂੰ ਲੁਧਿਆਣਾ ਪਲੇਟਫਾਰਮ ਤੋਂ ਰਵਾਨਾ ਕੀਤਾ ਗਿਆ।
31 ਮਈ ਨੂੰ ਜਲੰਧਰ ਡਿਪੂ-1 ਤੋਂ ਬੱਸਾਂ ਐੱਨ. ਆਰ. ਆਈਜ਼ ਯਾਤਰੀਆਂ ਨੂੰ ਲਿਆਉਣ ਲਈ ਅੰਮ੍ਰਿਤਸਰ ਏਅਰਪੋਰਟ 'ਤੇ ਜਾਣਗੀਆਂ। ਸ਼ਨੀਵਾਰ ਨੂੰ ਦੋਹਾ ਤੋਂ ਇੰਟਰਨੈਸ਼ਨਲ ਫਲਾਈਟਸ ਯਾਤਰੀਆਂ ਨੂੰ ਲੈ ਕੇ ਆ ਰਹੀ ਹੈ। ਇਸ ਲਈ ਬੱਸਾਂ ਨੂੰ ਸੈਨੇਟਾਈਜ਼ ਕਰਵਾ ਕੇ ਡਿਪੂ 'ਚ ਖੜ੍ਹੀਆਂ ਕਰ ਦਿੱਤਾ ਗਿਆ ਹੈ। ਫਲਾਈਟਸ ਰਾਤ 8.25 ਵਜੇ ਆਵੇਗੀ, ਜਿਸ ਲਈ ਬੱਸਾਂ ਦੁਪਹਿਰ 4-5 ਵਜੇ ਰਵਾਨਾ ਹੋਣਗੀਆਂ। ਫਿਲਹਾਲ ਯਾਤਰੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਲਈ 2 ਬੱਸਾਂ ਤਿਆਰ ਕੀਤੀਆਂ ਗਈਆਂ ਹਨ। ਇਸ ਲਈ ਸੀਨੀਅਰ ਡਰਾਈਵਰਾਂ ਅਤੇ ਕੰਡਕਟਰ ਸਟਾਫ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।


shivani attri

Content Editor

Related News