ਪਠਾਨਕੋਟ ਤੇ ਅੰਮ੍ਰਿਤਸਰ ਸਣੇ 4 ਰੂਟਾਂ 'ਤੇ 780 ਯਾਤਰੀ ਲੈ ਕੇ ਰਵਾਨਾ ਹੋਈਆਂ 45 ਬੱਸਾਂ

05/23/2020 6:07:15 PM

ਜਲੰਧਰ (ਪੁਨੀਤ)— ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਗਈ ਬੱਸ ਸੇਵਾ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਇਸ ਦੇ ਤਹਿਤ ਬੀਤੇ ਦਿਨ 4 ਮਾਰਗਾਂ 'ਤੇ 780 ਯਾਤਰੀ ਲੈ ਕੇ 45 ਬੱਸਾਂ ਰਵਾਨਾ ਹੋਈਆਂ। ਇਨ੍ਹਾਂ ਮਾਰਗਾਂ 'ਚ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ ਅਤੇ ਚੰਡੀਗੜ੍ਹ ਸ਼ਾਮਲ ਹਨ ।

ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਕਮੀ ਦਰਜ ਕੀਤੀ ਗਈ, ਜਦਕਿ ਅੰਮ੍ਰਿਤਸਰ ਅਤੇ ਲੁਧਿਆਣੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ। ਜੋ ਬੱਸਾਂ ਚਲਾਈਆਂ ਗਈਆਂ ਹਨ, ਉਨ੍ਹਾਂ 'ਚ ਪੰਜਾਬ ਰੋਡਵੇਜ਼ ਦੀਆਂ 38, ਜਦਕਿ ਪੀ. ਆਰ. ਟੀ. ਸੀ. ਦੀਆਂ 7 ਬੱਸਾਂ ਸ਼ਾਮਲ ਹਨ । ਇਨ੍ਹਾਂ ਬੱਸਾਂ ਨੂੰ ਚਲਾਉਣ ਨਾਲ ਮਹਿਕਮੇ ਨੂੰ 82,738 ਰੁਪਏ ਕਲੈਕਸ਼ਨ ਹੋਈ ਹੈ । ਮਹਿਕਮੇ ਵੱਲੋਂ ਯਾਤਰੀਆਂ ਸਮੇਤ ਆਪਣੇ ਕਾਮਿਆਂ ਦੀ ਸੁਰੱਖਿਆ ਲਈ ਚੌਕਸੀ ਵਰਤੀ ਜਾ ਰਹੀ ਹੈ। ਇਸ ਤਹਿਤ ਬੱਸ ਅੱਡੇ 'ਤੇ ਆਉਣ ਵਾਲੇ ਯਾਤਰੀਆਂ ਨੂੰ ਸੈਨੇਟਾਈਜ਼ ਕਰਕੇ ਬੱਸਾਂ 'ਚ ਬਿਠਾਇਆ ਜਾ ਰਿਹਾ ਹੈ।

ਦੂਜੇ ਰੂਟ ਚਲਾਉਣ ਲਈ ਸਾਡੀ ਤਿਆਰੀ ਪੂਰੀ : ਜੀ. ਐੱਮ. ਬਾਤਿਸ਼
ਨਵਰਾਜ ਬਾਤਿਸ਼ ਦਾ ਕਹਿਣਾ ਹੈ ਕਿ ਸਰਕਾਰ ਦੇ ਆਦੇਸ਼ਾਂ 'ਤੇ 4 ਜ਼ਰੂਰੀ ਮਾਰਗ ਸ਼ੁਰੂ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਮਾਰਗ ਵੀ ਸ਼ੁਰੂ ਕੀਤੇ ਜਾਣਗੇ । ਹੁਕਮ ਮਿਲਣ 'ਤੇ ਦੂਜੇ ਰੂਟ ਚਲਾਉਣ ਲਈ ਸਾਡੀ ਤਿਆਰੀ ਪੂਰੀ ਹੈ।


shivani attri

Content Editor

Related News