ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਨੂੰ ਇਕ ਮਹੀਨਾ ਪੂਰਾ, ਚਰਚਾ ’ਚ ਰਹੇ ਇਹ ਵਿਵਾਦ

04/16/2022 4:13:30 PM

ਜਲੰਧਰ (ਪਾਹਵਾ) : ਪੰਜਾਬ ’ਚ ਸੱਤਾ ’ਚ ਆਉਣ ਤੋਂ ਬਾਅਦ ਜਿੱਥੇ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੀਆਂ ਤਾਰੀਫਾਂ ਖੱਟਦੀ ਰਹੀ, ਉੱਥੇ ਹੀ ਇਹ ਕੁਝ ਕਾਰਨਾਂ ਕਰ ਕੇ ਵਿਵਾਦਾਂ ’ਚ ਵੀ ਘਿਰ ਗਈ। ਕੁਝ ਮਾਮਲਿਆਂ ’ਚ ਸਰਕਾਰ ਵੱਲੋਂ ਸਪੱਸ਼ਟੀਕਰਨ ਵੀ ਪੇਸ਼ ਕੀਤਾ ਗਿਆ ਸੀ ਪਰ ਕੁਝ ਮਾਮਲਿਆਂ ’ਚ ਅਜੇ ਤੱਕ ਕੁਝ ਨਹੀਂ ਕੀਤਾ ਗਿਆ।

ਆਧਿਕਾਰਿਕ ਹੈਲੀਕਾਪਟਰ ਟੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਅਤੇ ਗੁਜਰਾਤ ਵਿੱਚ ਪਾਰਟੀ ਦੇ ਪ੍ਰਚਾਰ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨੂੰ ਲੈ ਕੇ ਨਿਸ਼ਾਨੇ ’ਤੇ ਆਏ ਹਨ। ਹਿਮਾਚਲ ਦੀਆਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ ਦੇ ਪਿੱਛੇ ਇਕ ਸਰਕਾਰੀ ਹੈਲੀਕਾਪਟਰ ਨਜ਼ਰ ਆ ਰਿਹਾ ਹੈ। ਇਸ ਮਾਮਲੇ ’ਤੇ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਨੂੰ ਕਾਫੀ ਘੇਰਿਆ।

PunjabKesari

ਫੋਟੋ ਵਿਵਾਦ : ਭਗਵੰਤ ਮਾਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਫੋਟੋਆਂ ਸਰਕਾਰੀ ਦਫਤਰ ਵਿਚ ਲਾਉਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਕੁਝ ਆਗੂਆਂ ਨੇ ਮੁੱਖ ਮੰਤਰੀ ਦਫਤਰ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾਉਣ ’ਤੇ ਵੀ ਇਤਰਾਜ਼ ਜਤਾਇਆ ਸੀ। ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਪੀਲੀ ਪੱਗੜੀ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਸਰਕਾਰੀ ਅਧਿਕਾਰੀਆਂ ਦੀ ਦਿੱਲੀ ’ਚ ਮੀਟਿੰਗ : ਪੰਜਾਬ ਦੇ ਕੁਝ ਸਰਕਾਰੀ ਅਧਿਕਾਰੀਆਂ ਦੀ ਦਿੱਲੀ ਦੇ ਸੀ.ਐੱਮ. ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਨੂੰ ਲੈ ਕੇ ਸਰਕਾਰ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਸਕੱਤਰ ਦਲੀਪ ਕੁਮਾਰ ਅਤੇ ਪੀ.ਐੱਸ.ਪੀ.ਸੀ.ਐੱਲ. ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ। ਇਸ ਮੀਟਿੰਗ ਵਿੱਚ ਨਾ ਤਾਂ ਭਗਵੰਤ ਮਾਨ ਅਤੇ ਨਾ ਹੀ ਬਿਜਲੀ ਮੰਤਰੀ ਹਰਭਜਨ ਸਿੰਘ ਹਾਜ਼ਰ ਸਨ। ਮੀਟਿੰਗ ਵਿੱਚ ਰਾਘਵ ਚੱਢਾ ਅਤੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਮੌਜੂਦ ਸਨ। ਇਸ ਦੇ ਜਵਾਬ ’ਚ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਮੀਟਿੰਗ ਮੁਫਤ ਬਿਜਲੀ ਦੀ ਚੱਲ ਰਹੀ ਸਕੀਮ ਦਾ ਹਿੱਸਾ ਸੀ, ਜਿਸ ’ਚ ਦਿੱਲੀ ਦੇ ਬਿਜਲੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹੋਏ ਸਨ। ਮਾਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਖੁੱਦ ਹੀ ਇਨ੍ਹਾਂ ਅਧਿਕਾਰੀਆਂ ਨੂੰ ਭੇਜਿਆ ਸੀ।

ਵਿਧਾਇਕਾਂ ਦੀ ਨਾਰਾਜ਼ਗੀ : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਪੁਰਾਣੇ ਵਿਧਾਇਕਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਅੱਗੇ ਲਿਆਂਦਾ ਗਿਆ, ਜਿਸ ਕਾਰਨ ਚਰਚਾ ਸੀ ਕਿ ਕੁਝ ਪੁਰਾਣੇ ਵਿਧਾਇਕ ਮੰਤਰੀ ਮੰਡਲ ’ਚ ਸ਼ਾਮਲ ਨਾ ਕੀਤੇ ਜਾਣ ਕਾਰਨ ਪਾਰਟੀ ਤੋਂ ਨਾਰਾਜ਼ ਹਨ। ਬੇਸ਼ੱਕ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਹੋਈ ਅਤੇ ਜ਼ਿਆਦਾਤਰ ਵਿਧਾਇਕਾਂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਮਾਮਲੇ ਨੂੰ ਲੈ ਕੇ ਪਾਰਟੀ ਅੰਦਰ ਕਾਫੀ ਚਰਚਾ ਛਿੜ ਗਈ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਰਾਜ ਸਭਾ ਦੇ ਮੈਂਬਰਾਂ ਬਾਰੇ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਖਾਤੇ ਵਿੱਚੋਂ ਪੰਜ ਵਿਅਕਤੀ ਰਾਜ ਸਭਾ ਵਿੱਚ ਭੇਜੇ ਗਏ ਸਨ। ਇਨ੍ਹਾਂ ਵਿੱਚ ਰਾਘਵ ਚੱਢਾ, ਸੰਦੀਪ ਪਾਠਕ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਸ਼ਾਮਲ ਹਨ। ਸੰਦੀਪ ਪਾਠਕ ਅਤੇ ਰਾਘਵ ਚੱਢਾ ਦੇ ਨਾਵਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ ਕਿਉਂਕਿ ਉਨ੍ਹਾਂ ਦੇ ਪੰਜਾਬ ਤੋਂ ਬਾਹਰ ਹੋਣ ’ਤੇ ਵਿਰੋਧੀ ਧਿਰ ਨੇ ਕਈ ਸਵਾਲ ਖੜ੍ਹੇ ਕੀਤੇ ਸਨ।

ਮਹਿੰਗੇ ਵਾਹਨਾਂ ਨੂੰ ਲੈ ਕੇ ਵਿਵਾਦ : ਸੋਸ਼ਲ ਮੀਡੀਆ ’ਤੇ ਕੁਝ ਖਬਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਪੰਜਾਬ ’ਚ ਨਵੀਆਂ ਮੋਟਰ-ਗੱਡੀਆਂ ਖਰੀਦਣ ਜਾ ਰਹੀ ਹੈ, ਜਿਸ ਲਈ ਕਰੋੜਾਂ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਲਈ ਖ਼ਜ਼ਾਨੇ ਤੋਂ ਕਰੀਬ 18 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਖੁਦ ਭਗਵੰਤ ਮਾਨ ਨੇ ਜਲੰਧਰ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਨਾ ਸਿਰਫ ਇਸ ਨੂੰ ਗਲਤ ਕਰਾਰ ਦਿੱਤਾ, ਸਗੋਂ ਇਹ ਵੀ ਕਿਹਾ ਕਿ ਉਹ ਪੁਰਾਣੇ ਵਿਧਾਇਕਾਂ ਦੀਆਂ ਮਹਿੰਗੀਆਂ ਗੱਡੀਆਂ ਵਾਪਸ ਲੈਣ ਦੀ ਵੀ ਤਿਆਰੀ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News