ਜਲੰਧਰ ਬੱਸ ਅੱਡਾ ਬੰਦ ਕਰਕੇ ਯੂਨੀਅਨ ਦੇ ਧਰਨਾ-ਪ੍ਰਦਰਸ਼ਨ ’ਚ ਨਾਅਰੇਬਾਜ਼ੀ, ਹੜਤਾਲ ਜਾਰੀ

Saturday, Dec 17, 2022 - 12:27 PM (IST)

ਜਲੰਧਰ ਬੱਸ ਅੱਡਾ ਬੰਦ ਕਰਕੇ ਯੂਨੀਅਨ ਦੇ ਧਰਨਾ-ਪ੍ਰਦਰਸ਼ਨ ’ਚ ਨਾਅਰੇਬਾਜ਼ੀ, ਹੜਤਾਲ ਜਾਰੀ

ਜਲੰਧਰ (ਪੁਨੀਤ)–ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਦੀ ਹੜਤਾਲ ਦੇ ਦੂਜੇ ਦਿਨ ਬੱਸ ਅੱਡਾ ਬੰਦ ਕਰਕੇ ਪ੍ਰਾਈਵੇਟ ਬੱਸਾਂ ਦੀ ਐਂਟਰੀ ਨੂੰ ਵੀ ਰੋਕ ਦਿੱਤਾ ਗਿਆ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਵਿਭਾਗ ਨਾਲ ਹੋਈ ਯੂਨੀਅਨ ਦੀ ਮੀਟਿੰਗ ਵਿਚ ਸਹਿਮਤੀ ਨਾ ਬਣ ਸਕਣ ਕਾਰਨ ਹੜਤਾਲ ਸ਼ਨੀਵਾਰ ਨੂੰ ਵੀ ਜਾਰੀ ਰਹੇਗੀ। ਹੜਤਾਲ ਦੇ ਪਹਿਲੇ ਦਿਨ 1500 ਦੇ ਲਗਭਗ ਬੱਸਾਂ ਦਾ ਚੱਕਾ ਜਾਮ ਹੋਇਆ ਸੀ ਪਰ ਲੰਮੇ ਰੂਟਾਂ ਅਤੇ ਦੂਜੇ ਸੂਬਿਆਂ ਵਿਚ ਗਈਆਂ ਬੱਸਾਂ ਦੇ ਵਾਪਸ ਆਉਣ ਤੋਂ ਬਾਅਦ 1800 ਬੱਸਾਂ ਡਿਪੂਆਂ ’ਚ ਬੰਦ ਪਈਆਂ ਹਨ। ਸਰਕਾਰ ਦੀਆਂ ਨੀਤੀਆਂ ਤੋਂ ਖਫਾ ਯੂਨੀਅਨ ਦੇ ਕਰਮਚਾਰੀਆਂ ਨੇ ਸਵੇਰੇ 10 ਵਜੇ ਦੇ ਲਗਭਗ ਬੱਸ ਅੱਡੇ ਦੇ ਐਂਟਰੀ ਅਤੇ ਐਗਜ਼ਿਟ ਗੇਟਾਂ ’ਤੇ ਬੱਸਾਂ ਲਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੰਜਾਬ ਦੀਆਂ ਪ੍ਰਾਈਵੇਟ ਅਤੇ ਸਰਕਾਰੀ ਦੇ ਨਾਲ-ਨਾਲ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਨੂੰ ਵੀ ਅੱਡੇ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ।

ਯੂਨੀਅਨ ਆਗੂਆਂ ਨੇ ਬੱਸ ਅੱਡੇ ਦੇ ਅੰਦਰ ਰੋਸ ਮਾਰਚ ਕੱਢਿਆ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਕਰਮਚਾਰੀ ਅਤੇ ਜਨਤਾ ਵਿਰੋਧੀ ਕਰਾਰ ਦਿੱਤਾ। ਇਸ ਉਪਰੰਤ ਡਿਪੂ ਵਿਚ ਧਰਨਾ-ਪ੍ਰਦਰਸ਼ਨ ਕਰਦੇ ਹੋਏ ਬੁਲਾਰਿਆਂ ਨੇ ਦੋ-ਟੁੱਕ ਚਿਤਾਵਨੀ ਦਿੰਦਿਆਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਦੀ ਮਨਮਰਜ਼ੀ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯੂਨੀਅਨ ਦੇ ਸੂਬਾਈ ਬੁਲਾਰੇ ਦਲਜੀਤ ਸਿੰਘ ਜੱਲੇਵਾਲ, ਡਿਪੂ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਸਤਪਾਲ ਸਿੰਘ ਸੱਤਾ ਅਤੇ ਬਲਵਿੰਦਰ ਸਿੰਘ ਰਾਠ ਸਮੇਤ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਯਾਤਰੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਪ੍ਰਤੀ ਸਰਕਾਰ ਗੰਭੀਰ ਨਹੀਂ ਹੈ ਅਤੇ ਹੜਤਾਲ ਕਾਰਨ ਸਰਕਾਰ ਨੂੰ ਕੋਈ ਵੀ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ। ਆਊਟਸੋਰਸ ’ਤੇ ਭਰਤੀ ਕੀਤੇ ਗਏ 28 ਡਰਾਈਵਰਾਂ ਦੀ ਨਿਯੁਕਤੀ ਰੱਦ ਹੁੰਦੇ ਹੀ ਹੜਤਾਲ ਖਤਮ ਹੋ ਜਾਵੇਗੀ ਪਰ ਸਰਕਾਰ ਵੱਲੋਂ ਇਕ ਚਿੱਠੀ ਕੱਢਣ ਵਿਚ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਯੂਨੀਅਨ ਕਰਮਚਾਰੀ ਅਤੇ ਯਾਤਰੀ ਪ੍ਰੇਸ਼ਾਨੀ ਝੱਲ ਰਹੇ ਹਨ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮੁੱਖ ਮੰਤਰੀ ਦੇ ਸਪੈਸ਼ਲ ਸਕੱਤਰ ਆਈ. ਏ. ਐੱਸ. ਅਧਿਕਾਰੀ ਰਵੀ ਭਗਤ ਨਾਲ ਅੱਜ ਹੋਈ ਮੀਟਿੰਗ ਬੇਨਤੀਜਾ ਰਹੀ।

ਇਹ ਵੀ ਪੜ੍ਹੋ : ਐੱਨ. ਆਰ. ਆਈਜ਼ ਦੇ ਮਸਲੇ ਨਿਪਟਾਉਣ ਲਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ

PunjabKesari

ਇਸ ਮੀਟਿੰਗ ਵਿਚ ਪਨਬੱਸ, ਪੀ. ਆਰ. ਟੀ. ਸੀ. ਸਮੇਤ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਅਤੇ ਇਸ ਦੌਰਾਨ ਯੂਨੀਅਨ ਵੱਲੋਂ ਕਈ ਮੰਗਾਂ ਰੱਖੀਆਂ ਗਈਆਂ। ਵਿਭਾਗ ਵੱਲੋਂ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਠੇਕਾ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰਨ ਦਾ ਮਨ ਬਣਾ ਚੁੱਕੀ ਹੈ। ਸਵੇਰੇ 10 ਤੋਂ 12 ਵਜੇ ਤੱਕ ਬੱਸ ਅੱਡਾ ਬੰਦ ਰਹਿਣ ਕਾਰਨ ਬੱਸਾਂ ਵੱਲੋਂ ਯਾਤਰੀਆਂ ਨੂੰ ਫਲਾਈਓਵਰ ’ਤੇ ਹੀ ਉਤਾਰ ਦਿੱਤਾ ਗਿਆ। ਭਾਰੀ-ਭਰਕਮ ਸਾਮਾਨ ਅਤੇ ਬੱਚਿਆਂ ਨਾਲ ਸਫਰ ਕਰ ਰਹੇ ਲੋਕਾਂ ਨੇ ਇਸ ਕਾਰਨ ਭਾਰੀ ਦਿੱਕਤਾਂ ਵਿਚੋਂ ਲੰਘਣਾ ਪਿਆ ਅਤੇ ਲੋਕ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਨਜ਼ਰ ਆਏ। ਦਲਜੀਤ ਸਿੰਘ ਜੱਲੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ, ਉਨ੍ਹਾਂ ਦਾ ਧਰਨਾ-ਪ੍ਰਦਰਸ਼ਨ ਦਿਨ-ਰਾਤ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 28 ਨਵੇਂ ਡਰਾਈਵਰਾਂ ਦੀ ਭਰਤੀ ਪ੍ਰਕਿਰਿਆ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਤਾਂ ਕਈ ਤੱਥ ਉਜਾਗਰ ਹੋਣਗੇ। ਉਕਤ ਭਰਤੀ ਮਿਲੀਭੁਗਤ ਨਾਲ ਕੀਤੀ ਗਈ ਹੈ, ਜਿਸ ਵਿਚ ਕਈ ਸਫੈਦਪੋਸ਼ਾਂ ਦਾ ਹੱਥ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਇਸ ਭਰਤੀ ਨੂੰ ਰੱਦ ਨਾ ਕਰਨ ਕਰ ਕੇ ਕਈਆਂ ਨੂੰ ਨੁਕਸਾਨ ਉਠਾਉਣਾ ਪਵੇਗਾ, ਜਿਸ ਕਰਕੇ ਵਿਭਾਗੀ ਅਧਿਕਾਰੀ ਨਿਯੁਕਤੀਆਂ ਰੱਦ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਡਰਾਈਵਰਾਂ ਨੂੰ ਬਿਨਾਂ ਕਿਸੇ ਟਰੇਨਿੰਗ ਦੇ ਸਿੱਧਾ ਭਰਤੀ ਕਰਨਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।

ਪੀ. ਆਰ. ਟੀ. ਸੀ. ਦੀਆਂ ਬੱਸਾਂ ਦੀ ਆਵਾਜਾਈ ਜਾਰੀ
ਯੂਨੀਅਨ ਦੀ ਇਸ ਹੜਤਾਲ ਵਿਚ ਪੀ. ਆਰ. ਟੀ. ਸੀ. ਦੀਆਂ ਬੱਸਾਂ ਦੀ ਆਵਾਜਾਈ ਨਹੀਂ ਰੋਕੀ ਗਈ। ਆਗੂਆਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਮੁੱਖ ਮੰਤਰੀ ਦੇ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਨਾਲ ਮੀਟਿੰਗ ਹੋਵੇਗੀ। ਇਸ ਦੌਰਾਨ ਉਨ੍ਹਾਂ ਦੀ ਗੱਲ ਨੂੰ ਨਾ ਮੰਨਿਆ ਗਿਆ ਤਾਂ ਪੀ.ਆਰ. ਟੀ. ਸੀ. ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ, ਜਿਸ ਦੇ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ।

ਇਹ ਵੀ ਪੜ੍ਹੋ :  ਅਕਾਲੀ ਦਲ ਦੇ ਉੱਘੇ ਆਗੂ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ

 

PunjabKesari

ਨਵੇਂ ਭਰਤੀ ਡਰਾਈਵਰਾਂ ਕੋਲੋਂ ਬੱਸਾਂ ਚਲਵਾਉਣ ਦੀ ਰਚੀ ਜਾ ਰਹੀ ਸਾਜ਼ਿਸ਼ : ਯੂਨੀਅਨ
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਡਿਪੂਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਵਿਭਾਗ ਵੱਲੋਂ ਹੜਤਾਲ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿਚ ਨਵੇਂ ਭਰਤੀ ਡਰਾਈਵਰਾਂ ਕੋਲੋਂ ਬੱਸਾਂ ਚਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਾਰਨ ਡਿਪੂਆਂ ਵਿਚ ਰਾਤ ਦੇ ਸਮੇਂ ਯੂਨੀਅਨ ਦੇ ਆਗੂਆਂ ਦੀ ਡਿਊਟੀ ਲਾਈ ਗਈ ਹੈ। ਕੋਈ ਵੀ ਸ਼ੱਕੀ ਵਿਅਕਤੀ ਡਿਪੂ ਦੇ ਆਲੇ-ਦੁਆਲੇ ਨਜ਼ਰ ਆਇਆ ਤਾਂ ਉਸਨੂੰ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ :  ਪਟਿਆਲਾ 'ਚ ਸੁੱਤੇ ਪਏ ਨੌਜਵਾਨ ਨਾਲ ਵਾਪਰਿਆ ਭਾਣਾ, ਇਕਲੌਤੇ ਕਮਾਊ ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News