ਵਿਧਾਨ ਸਭਾ ਕਮੇਟੀ ਦੀ ਛਾਪੇਮਾਰੀ ਦੇ ਬਾਵਜੂਦ ਅਟਾਰੀ ਬਾਜ਼ਾਰ ’ਚ ਚੱਲ ਰਿਹਾ ਸੀ 36 ਨਾਜਾਇਜ਼ ਦੁਕਾਨਾਂ ਦਾ ਨਿਰਮਾਣ

01/27/2023 12:42:25 PM

ਜਲੰਧਰ (ਖੁਰਾਣਾ)–ਅੱਜ ਤੋਂ ਲਗਭਗ 3 ਸਾਲ ਪਹਿਲਾਂ 3 ਦਸੰਬਰ 2019 ਨੂੰ ਪੰਜਾਬ ਵਿਧਾਨ ਸਭਾ ਦੀ ਇਕ ਕਮੇਟੀ ਨੇ ਚੇਅਰਮੈਨ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਆਪਣੇ ਜਲੰਧਰ ਦੌਰੇ ਦੌਰਾਨ ਅਟਾਰੀ ਬਾਜ਼ਾਰ ਵਿਚ ਨਾਜਾਇਜ਼ ਤੌਰ ’ਤੇ ਬਣ ਰਹੀ ਇਕ ਮਾਰਕੀਟ ’ਤੇ ਛਾਪੇਮਾਰੀ ਕੀਤੀ ਸੀ। ਇਸ ਮਾਰਕੀਟ ਵਿਚ ਨਾਜਾਇਜ਼ ਤੌਰ ’ਤੇ ਬਣ ਰਹੀਆਂ 36 ਦੁਕਾਨਾਂ ਨੂੰ ਵੇਖ ਕੇ ਵਿਧਾਨ ਸਭਾ ਕਮੇਟੀ ਦੇ ਮੈਂਬਰਾਂ ਨੇ ਮੌਕੇ ’ਤੇ ਹੀ ਸਬੰਧਤ ਨਿਗਮ ਅਧਿਕਾਰੀਆਂ ਨੂੰ ਕਾਫ਼ੀ ਡਾਂਟਿਆ ਸੀ ਅਤੇ ਇਸ ਨਾਜਾਇਜ਼ ਮਾਰਕੀਟ ’ਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਉਦੋਂ ਵਿਧਾਨ ਸਭਾ ਕਮੇਟੀ ਦੀ ਛਾਪੇਮਾਰੀ ਤੋਂ ਬਾਅਦ ਨਿਗਮ ਅਧਿਕਾਰੀਆਂ ਨੇ ਉਥੇ ਡਿਮੋਲਿਸ਼ਨ ਕੀਤੀ ਸੀ ਅਤੇ ਸਖ਼ਤੀ ਨਾਲ ਕੰਮ ਰੁਕਵਾ ਿਦੱਤਾ ਸੀ। ਲਗਭਗ 2 ਮਹੀਨੇ ਪਹਿਲਾਂ ਨਿਗਮ ਨੂੰ ਫਿਰ ਸੂਚਨਾ ਮਿਲੀ ਕਿ ਅਟਾਰੀ ਬਾਜ਼ਾਰ ਵਿਚ ਇਸ ਨਾਜਾਇਜ਼ ਮਾਰਕੀਟ ਵਿਚ 36 ਦੁਕਾਨਾਂ ਦਾ ਕੰਮ ਫਿਰ ਚਾਲੂ ਹੋ ਗਿਆ ਹੈ, ਜਿਸ ਤੋਂ ਬਾਅਦ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ’ਤੇ ਆਧਾਰਿਤ ਟੀਮ ਨੇ ਉਥੇ ਮੌਕੇ ’ਤੇ ਜਾ ਕੇ ਮੈਨੁਅਲ ਤੌਰ ’ਤੇ ਡਿਮੋਲਿਸ਼ਨ ਤੱਕ ਕੀਤੀ ਸੀ। ਬੀਤੇ ਦਿਨੀਂ ਜਦੋਂ ਨਿਗਮ ਕਮਿਸ਼ਨਰ ਨੂੰ ਇਸ ਕੰਮ ਦੇ ਦੋਬਾਰਾ ਚਾਲੂ ਹੋਣ ਬਾਰੇ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਐੱਮ. ਟੀ. ਪੀ. ਨੀਰਜ ਭੱਟੀ ਨੂੰ ਮੌਕੇ ’ਤੇ ਭੇਜਿਆ, ਜਿਨ੍ਹਾਂ ਨੇ ਨਾ ਸਿਰਫ਼ ਉਥੇ ਜਾ ਕੇ ਕੰਮ ਰੁਕਵਾਇਆ, ਸਗੋਂ ਸਖ਼ਤ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ। ਜ਼ਿਕਰਯੋਗ ਹੈ ਕਿ ਇਸ ਮਾਰਕੀਟ ਤੱਕ ਪਹੁੰਚਣ ਲਈ 3-4 ਫੁੱਟ ਦੀਆਂ ਬੇਹੱਦ ਤੰਗ ਗਲੀਆਂ ਵਿਚੋਂ ਹੋ ਕੇ ਜਾਣਾ ਪੈਂਦਾ ਹੈ। ਮਾਰਕੀਟ ਦੇ ਅੰਦਰ ਜਿੱਥੇ ਵੱਡੇ-ਵੱਡੇ ਸ਼ੋਅਰੂਮ ਬਣਾਏ ਜਾ ਰਹੇ ਹਨ, ਉਥੇ ਹੀ 2 ਮੰਜ਼ਿਲਾ ਸ਼ਾਪਿੰਗ ਕੰਪਲੈਕਸ ਦਾ ਨਿਰਮਾਣ ਵੀ ਜਾਰੀ ਸੀ, ਜਿਸ ਦੇ ਕਈ ਲੈਂਟਰ ਤੱਕ ਪਾਏ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ ਭੜਕੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਟਵੀਟ ਕਰਕੇ ਕਹੀਆਂ ਵੱਡੀਆਂ ਗੱਲਾਂ

ਸਬੰਧਤ ਏ. ਟੀ. ਪੀ. ਨੂੰ ਸ਼ੋਅਕਾਜ਼ ਨੋਟਿਸ ਜਾਰੀ
ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਨਾਜਾਇਜ਼ ਬਿਲਡਿੰਗ ਦੇ ਨਿਰਮਾਣ ਦੇ ਮਾਮਲੇ ਵਿਚ ਸਬੰਧਤ ਅਧਿਕਾਰੀ ਨੂੰ ਤੁਰੰਤ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਟਾਰੀ ਬਾਜ਼ਾਰ ਿਵਚ ਨਾਜਾਇਜ਼ ਤੌਰ ’ਤੇ ਬਣ ਰਹੀ 36 ਦੁਕਾਨਾਂ ਵਾਲੀ ਮਾਰਕੀਟ ਦਾ ਜਦੋਂ ਏ. ਟੀ. ਪੀ. ਨੀਰਜ ਭੱਟੀ ਨੇ ਦੌਰਾ ਕੀਤਾ ਤਾਂ ਉਨ੍ਹਾਂ ਨੇ ਇਸ ਸਬੰਧੀ ਆਪਣੀ ਰਿਪੋਰਟ ਨਿਗਮ ਕਮਿਸ਼ਨਰ ਨੂੰ ਦਿੱਤੀ। ਸੂਤਰ ਦੱਸਦੇ ਹਨ ਕਿ ਨਿਗਮ ਅਧਿਕਾਰੀਆਂ ਨੇ ਇਸ ਨਾਜਾਇਜ਼ ਨਿਰਮਾਣ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਸੈਕਟਰ ਦੇ ਏ. ਟੀ. ਪੀ. ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰ ਦਿੱਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਨਾਜਾਇਜ਼ ਨਿਰਮਾਣਾਂ ਦੇ ਮਾਮਲੇ ਵਿਚ ਜੇਕਰ ਵੱਡੇ ਨਿਗਮ ਅਧਿਕਾਰੀਆਂ ਦਾ ਇਹੀ ਰੁਖ਼ ਰਿਹਾ ਤਾਂ ਅਜਿਹੇ ਮਾਮਲਿਆਂ ਵਿਚ ਕਮੀ ਆ ਸਕਦੀ ਹੈ ਕਿਉਂਕਿ ਜ਼ਿਆਦਾਤਰ ਨਾਜਾਇਜ਼ ਨਿਰਮਾਣ ਫੀਲਡ ਵਿਚ ਰਹਿਣ ਵਾਲੇ ਨਿਗਮ ਅਧਿਕਾਰੀਆਂ ਦੀ ਜਾਣਕਾਰੀ ਵਿਚ ਹੁੰਦੇ ਹਨ।

ਪੁਰਾਣੇ ਅਫ਼ਸਰਾਂ ਨੇ ਦੱਸੀ ਸੀ ਤਰਕੀਬ, 3 ਨਕਸ਼ੇ ਕੀਤੇ ਸਨ ਪਾਸ
ਅੱਜ ਤੋਂ ਲਗਭਗ 4 ਸਾਲ ਪਹਿਲਾਂ ਜਦੋਂ ਇਸ ਨਾਜਾਇਜ਼ ਮਾਰਕੀਟ ਦਾ ਕੰਮ ਸ਼ੁਰੂ ਹੋਇਆ ਸੀ, ਉਦੋਂ ਉਥੇ 3 ਦਰਜਨ ਦੇ ਲਗਭਗ ਦੁਕਾਨਾਂ ਬਣਾਉਣ ਦੀ ਤਰਕੀਬ ਬਿਲਡਿੰਗ ਵਿਭਾਗ ਦੇ ਐੱਮ. ਟੀ. ਪੀ. ਅਤੇ ਏ. ਟੀ. ਪੀ. ਲੈਵਲ ਦੇ ਅਧਿਕਾਰੀਆਂ ਨੇ ਹੀ ਬਿਲਡਰ ਨੂੰ ਦੱਸੀ ਸੀ। ਇਸ ਸਕੀਮ ਤਹਿਤ ਉਥੇ ਇਕ ਖਾਲੀ ਪਲਾਟ ’ਤੇ 3 ਰਿਹਾਇਸ਼ੀ ਨਕਸ਼ੇ ਪਾਸ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਤਿੰਨਾਂ ਨੂੰ ਮਿਲਾ ਕੇ ਮਾਰਕੀਟ ਦਾ ਨਿਰਮਾਣ ਕੀਤਾ ਜਾਣਾ ਸੀ। ਕਾਫੀ ਦੇਰ ਤੋਂ ਨਿਗਮ ਅਧਿਕਾਰੀ ਇਹੀ ਕਹਿੰਦੇ ਰਹੇ ਕਿ ਇਸ ਨਿਰਮਾਣ ਦਾ ਨਕਸ਼ਾ ਪਾਸ ਹੈ ਪਰ ਜਦੋਂ ਵਿਧਾਨ ਸਭਾ ਕਮੇਟੀ ਨੂੰ ਪਤਾ ਲੱਗਾ ਕਿ ਨਕਸ਼ਾ ਰਿਹਾਇਸ਼ੀ ਪਾਸ ਕੀਤਾ ਗਿਆ ਹੈ ਤਾਂ ਕਮੇਟੀ ਮੈਂਬਰਾਂ ਦਾ ਗੁੱਸਾ ਦੇਖਣ ਲਾਇਕ ਸੀ। ਹੁਣ ਵੇਖਣਾ ਹੈ ਕਿ ਨਿਗਮ ਪ੍ਰਸ਼ਾਸਨ ਇਸ ਨਾਜਾਇਜ਼ ਨਿਰਮਾਣ ’ਤੇ ਕੀ ਐਕਸ਼ਨ ਲੈਂਦਾ ਹੈ ਕਿਉਂਕਿ ਉਥੇ ਡਿੱਚ ਮਸ਼ੀਨ ਆਦਿ ਲਿਜਾਣਾ ਸੰਭਵ ਹੀ ਨਹੀਂ ਹੈ।

ਇਹ ਵੀ ਪੜ੍ਹੋ : ਚਰਚਾ ਹੋਈ ਤੇਜ਼: ਕੌਣ ਹੋਵੇਗਾ ਜਲੰਧਰ ਸ਼ਹਿਰ ਦਾ ਅਗਲਾ ਮੇਅਰ ਤੇ ਕਿਸ ਦੇ ਨਸੀਬ ’ਚ ਲਿਖੀ ਹੈ ‘ਝੰਡੀ ਵਾਲੀ ਕਾਰ’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News