ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਦੇ ਵਿਰੋਧ ’ਚ ਕਾਂਗਰਸੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ
Sunday, Mar 26, 2023 - 05:34 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼)-ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਦੇ ਵਿਰੋਧ ਵਿਚ ਬਲਾਕ ਦਫ਼ਤਰ ਟਾਂਡਾ ਵਿਖੇ ਰੋਸ ਮੁਜ਼ਾਹਰਾ ਕੀਤਾ। ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਦੇਸ਼ ਭਰ ਵਿਚ ਜ਼ਿਲ੍ਹਾ ਪੱਧਰ ’ਤੇ ਕੀਤੇ ਜਾ ਰਹੇ ਸੱਤਿਆਗ੍ਰਹਿ ਵਿਚ ਭਾਜਪਾ ਦੀ ਇਸ ਘਿਨੌਣੀ ਹਰਕਤ ਦਾ ਕਾਂਗਰਸੀ ਵਰਕਰਾਂ ਵੱਲੋਂ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਨਾਲ ਸਪੱਸ਼ਟ ਹੁੰਦਾ ਹੈ ਕਿ ਦੇਸ਼ ’ਚ ਤਾਨਾਸ਼ਾਹੀ ਚਲਾ ਕੇ ਭਾਜਪਾ ਸਰਕਾਰ ਦੇਸ਼ ’ਚ ਅਰਾਜਕਤਾ ਦਾ ਮਾਹੌਲ ਪੈਦਾ ਕਰ ਰਹੀ ਹੈ।
ਦੇਸ਼ ਦੀ ਜਨਤਾ ਭਾਜਪਾ ਨੂੰ ਕਦੇ ਵੀ ਇਸ ਦੀ ਇਜਾਜ਼ਤ ਨਹੀਂ ਦੇਵੇਗੀ। ਭਾਜਪਾ ਅਤੇ ਉਸ ਦੀਆਂ ਸਹਯੋਗੀ ਪਾਰਟੀਆਂ ਜੋ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਸ ਨੂੰ ਪੂਰਾ ਕਰਨ ਲਈ ਦੇਸ਼ ਦੇ ਲੋਕ ਇਸ ਸਰਕਾਰ ਨੂੰ ਲੋਕਤੰਤਰ ਦਾ ਕਤਲ ਕਰਨ ਅਤੇ ਕਾਂਗਰਸ ਤੋਂ ਇਲਾਵਾ ਗੈਰ-ਭਾਜਪਾ ਪਾਰਟੀਆਂ ਨੂੰ ਖ਼ਤਮ ਕਰਨ ਦੀ ਕਦੇ ਵੀ ਇਜਾਜ਼ਤ ਨਹੀਂ ਦੇਣਗੇ। ਅਗਾਮੀ 2024 ਦੀਆਂ ਚੋਣਾਂ ਲਈ ਭਾਜਪਾ ਅਜਿਹੇ ਹੱਥਕੰਡੇ ਅਪਣਾ ਕੇ ਜੋ ਖੇਡ ਖੇਡ ਰਹੀ ਹੈ, ਇਹ ਉਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸਹਾਈ ਹੋਵੇਗੀ।
ਇਹ ਵੀ ਪੜ੍ਹੋ :ਜਲੰਧਰ ਤੋਂ ਵੱਡੀ ਖ਼ਬਰ, ਅਕਾਲੀ ਦਲ ਦੇ ਸਾਬਕਾ MLA ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਲ
ਉਨ੍ਹਾਂ ਕਿਹਾ ਕਿ ਸਾਰੇ ਵਰਕਰ ਚੱਟਾਨ ਵਾਂਗ ਰਾਹੁਲ ਗਾਂਧੀ ਦੇ ਨਾਲ ਹਨ ਅਤੇ ਇਹ ਸੱਤਿਆਗ੍ਰਹਿ ਅੰਦੋਲਨ ਭਾਜਪਾ ਸਰਕਾਰ ਦੀ ਨੀਂਹ ਹੀ ਉਖਾੜ ਸੁੱਟੇਗਾ। ਕਾਂਗਰਸੀ ਵਰਕਰਾਂ ਨੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਗੁਰਸੇਵਕ ਮਾਰਸ਼ਲ, ਸਿਮਰਨ ਸਿੰਘ ਸੈਣੀ, ਰਵਿੰਦਰਪਾਲ ਸਿੰਘ ਗੋਰਾ, ਗੋਲਡੀ ਕਲਿਆਣਪੁਰ, ਰਾਕੇਸ਼ ਬਿੱਟੂ, ਰਾਜੇਸ਼ ਲਾਡੀ, ਹਰੀ ਕ੍ਰਿਸ਼ਨ ਸੈਣੀ, ਗੁਰਬੀਰ ਰਿੰਕੂ, ਡਾ. ਬਲਦੇਵ ਰਾਜ, ਰੂਪ ਲਾਲ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।