ਕਾਂਗਰਸੀ ਸੰਸਦ ਮੈਂਬਰ, ਵਿਧਾਇਕਾਂ, ਸਾਬਕਾ ਵਿਧਾਇਕਾਂ, ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੇ ਕੀਤੀ ਮੀਟਿੰਗ

03/28/2022 5:26:38 PM

ਜਲੰਧਰ (ਚੋਪੜਾ)-ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਆਮ ਆਦਮੀ ਪਾਰਟੀ ਵੱਲੋਂ ਪ੍ਰਚੰਡ ਬਹੁਮਤ ਪ੍ਰਾਪਤ ਕਰਦਿਆਂ ਜਿਸ ਤਰ੍ਹਾਂ ਸੂਬੇ ’ਚੋਂ ਕਾਂਗਰਸ ਦਾ ਸੁਪੜਾ ਸਾਫ਼ ਕੀਤਾ ਗਿਆ ਅਤੇ ਜਿੱਤ ਹਾਸਲ ਕਰਨ ਤੋਂ ਬਾਅਦ ਜਿਸ ਤਰ੍ਹਾਂ ਸੈਂਟਰਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਮਨ ਅਰੋੜਾ ਅਤੇ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੂਰਾਲ ਸਣੇ ਹੋਰ ‘ਆਪ’ ਆਗੂਆਂ ਨੇ ਆਪਣੇ ਹਲਕਿਆਂ ’ਚ ਸਰਗਰਮੀਆਂ ਵਿਚ ਤੇਜ਼ੀ ਲਿਆਂਦੀ ਹੈ, ਉਸ ਤੋਂ ਤਿਲਮਿਲਾਏ ਕਾਂਗਰਸੀ ਆਗੂਆਂ ਨੇ ਅੱਜ ਸਥਾਨਕ ਕਾਂਗਰਸ ਭਵਨ ’ਚ ਇਕੱਠੇ ਹੋ ਕੇ ਮੌਜੂਦਾ ਹਾਲਾਤ ’ਤੇ ਮੰਥਨ ਕੀਤਾ।

ਮੀਟਿੰਗ ’ਚ ਸੰਸਦ ਮੈਂਬਰ ਚੌਧਰੀ ਤੋਂ ਇਲਾਵਾ ਵਿਧਾਇਕ ਬਾਵਾ ਹੈਨਰੀ, ਵਿਧਾਇਕ ਪਰਗਟ ਸਿੰਘ, ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਅਤੇ ਜ਼ਿਲਾ ਪ੍ਰਧਾਨ ਬਲਰਾਜ ਠਾਕੁਰ ਸ਼ਾਮਲ ਹੋਏ। ਮੀਟਿੰਗ ਉਪਰੰਤ ਸੀਨੀਅਰ ਆਗੂਆਂ ਨੇ ਜਲੰਧਰ ਸੈਂਟਰਲ, ਵੈਸਟ, ਕੈਂਟ ਅਤੇ ਨਾਰਥ ਹਲਕੇ ਨਾਲ ਸਬੰਧਤ ਕੌਂਸਲਰਾਂ ਤੇ ਸਾਬਕਾ ਕੌਂਸਲਰਾਂ ਦੀ ਮੀਟਿੰਗ ਬੁਲਾਈ ਗਈ ਸੀ ਪਰ ਇਸ ਮੀਟਿੰਗ ’ਚ ਨਗਰ ਨਿਗਮ ’ਚ ਕਾਂਗਰਸ ਦੇ 65 ਕੌਂਸਲਰਾਂ ’ਚੋਂ ਸਿਰਫ 7 ਕੌਂਸਲਰ ਹੀ ਸ਼ਾਮਲ ਹੋਏ, ਜਿਸ ਕਾਰਨ ਕੌਂਸਲਰਾਂ ਦੀ ਮੀਟਿੰਗ ਿਸਰਫ ਖਾਨਾਪੂਰਤੀ ਹੀ ਸਾਬਤ ਹੋਈ।

‘ਆਪ’ ਵਿਧਾਇਕਾਂ ਦੀਆਂ ਵਧਦੀਆਂ ਸਿਆਸੀ ਸਰਗਰਮੀਆਂ ਅਤੇ ਕਾਂਗਰਸੀ ਕੌਂਸਲਰਾਂ ਦੇ ‘ਆਪ’ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ’ਚ ਬੇਚੈਨੀ ਦਾ ਆਲਮ ਬਣਿਆ ਰਿਹਾ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਸਭ ਤੋਂ ਵੱਡੀ ਚਰਚਾ ਕਾਂਗਰਸ ਦੇ ਸ਼ਾਸਨਕਾਲ ’ਚ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ੁਰੂਆਤ ਤੋਂ ਇਲਾਵਾ ਜਿਹੜੇ ਵਿਕਾਸ ਪ੍ਰਾਜੈਕਟਾਂ ਨੂੰ ਸਾਬਕਾ ਿਵਧਾਇਕਾਂ ਨੇ ਪਾਸ ਕਰਵਾਇਆ ਸੀ, ਉਨ੍ਹਾਂ ਦੇ ਉਦਘਾਟਨ ‘ਆਪ’ ਵਿਧਾਇਕਾਂ ਵੱਲੋਂ ਕਰਨ ਤੋਂ ਇਲਾਵਾ ਬਾਗੀ ਸੁਰ ਅਪਣਾਉਣ ਵਾਲੇ ਕਾਂਗਰਸੀ ਕੌਂਸਲਰਾਂ ’ਤੇ ਹੀ ਹੋਈ।

ਸਾਬਕਾ ਵਿਧਾਇਕਾਂ ਰਾਜਿੰਦਰ ਬੇਰੀ ਅਤੇ ਸੁਸ਼ੀਲ ਰਿੰਕੂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ ਸਬੰਧਤ ਹਲਕਿਆਂ ਦੇ ਵਾਰਡਾਂ ’ਚ ਸ਼ੁਰੂ ਕੀਤੇ ਪ੍ਰਾਜੈਕਟਾਂ ਦਾ ਉਦਘਾਟਨ ਰਮਨ ਅਰੋੜਾ ਅਤੇ ਸ਼ੀਤਲ ਅੰਗੂਰਾਲ ਕਰਨ ਲੱਗ ਪਏ ਹਨ, ਜਦਕਿ ਨਗਰ ਨਿਗਮ ’ਤੇ ਕਾਂਗਰਸ ਦਾ ਕਬਜ਼ਾ ਹੈ ਅਤੇ ਸਬੰਧਤ ਵਾਰਡ ਦਾ ਕੌਂਸਲਰ ਵੀ ਕਾਂਗਰਸੀ ਹੈ। ‘ਆਪ’ ਵਿਧਾਇਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ ਪਰ ਸੰਸਦ ਮੈਂਬਰ ਅਤੇ ਮੇਅਰ ਸਮੇਤ ਹੋਰ ਆਗੂਆਂ ਦਾ ਮੰਨਣਾ ਹੈ ਕਿ ਜਦੋਂ ਸੂਬੇ ਵਿਚ ਸਰਕਾਰ ‘ਆਪ’ ਦੀ ਹੈ ਅਤੇ ਹਲਕਾ ਵਿਧਾਇਕ ‘ਆਪ’ ਦਾ ਹੈ ਤਾਂ ਅਜਿਹੇ ਵਿਚ ਉਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਸੰਸਦ ਮੈਂਬਰ ਚੌਧਰੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਦੋਂ 2017 ਵਿਚ ਕਾਂਗਰਸ ਦੀ ਸਰਕਾਰ ਆਈ ਸੀ ਤਾਂ ਕਾਂਗਰਸੀ ਵਿਧਾਇਕਾਂ ਵੱਲੋਂ ਵੀ ਅਜਿਹੇ ਹੀ ਉਦਘਾਟਨ ਕਰ ਕੇ ਵਿਕਾਸ ਕਾਰਜਾਂ ਦਾ ਸਿਹਰਾ ਲਿਆ ਜਾਂਦਾ ਰਿਹਾ ਹੈ।

ਇਸ ਉਪਰੰਤ ਆਉਣ ਵਾਲੀਆਂ ਨਿਗਮ ਚੋਣਾਂ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਹੋਇਆ ਅਤੇ ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਣ ਵਾਲੇ ਕੌਂਸਲਰਾਂ ’ਤੇ ਇਕ ਸਾਬਕਾ ਵਿਧਾਇਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਕੋਈ ਕੌਂਸਲਰ ਕਾਂਗਰਸ ਛੱਡ ਕੇ ਜਾਵੇ, ਉਸ ਨੂੰ ਪਹਿਲਾਂ ਹੀ ਕਾਂਗਰਸ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ। ਬੇਰੀ ਅਤੇ ਰਿੰਕੂ ਨੇ ਤਾਂ ਆਪੋ-ਆਪਣੇ ਹਲਕਿਆਂ ਦੇ ਕੁਝ ਕੌਂਸਲਰਾਂ ਦੇ ਨਾਵਾਂ ਦਾ ਵੀ ਖੁਲਾਸਾ ਕਰ ਦਿੱਤਾ, ਜਿਨ੍ਹਾਂ ਦੇ ‘ਆਪ’ ਵਿਚ ਜਾਣ ਦੀ ਪੂਰੀ ਸੰਭਾਵਨਾ ਬਣੀ ਹੋਈ ਸੀ।

ਵਿਧਾਇਕ ਪਰਗਟ ਸਿੰਘ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਹਲਕੇ ਤੋਂ ਵੀ 3-4 ਕੌਂਸਲਰਾਂ ਦੀ ਛੁੱਟੀ ਹੋਣੀ ਜ਼ਰੂਰੀ ਹੈ, ਜਦਕਿ ਵਿਧਾਇਕ ਬਾਵਾ ਹੈਨਰੀ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੇ ਹਲਕੇ ਤੋਂ ਅਜਿਹਾ ਕੋਈ ਕੌਂਸਲਰ ਨਹੀਂ ਹੈ, ਜੋ ਦਲ-ਬਦਲੂ ਸਾਬਤ ਹੋਵੇ। ਇਨ੍ਹਾਂ ਸਾਰੀਆਂ ਚਰਚਾਵਾਂ ਤੋਂ ਬਾਅਦ ਸਾਰੇ ਆਗੂਆਂ ਵਿਚ ਸਹਿਮਤੀ ਬਣੀ ਹੈ ਕਿ ‘ਆਪ’ ਨਾਲ ਮੁਕਾਬਲਾ ਕਰਨ ਲਈ ਇਕਜੁੱਟ ਹੋ ਕੇ ਕੰਮ ਕੀਤਾ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਕਾਂਗਰਸੀ ਕੌਂਸਲਰਾਂ ਦੇ ਹਲਕਿਆਂ ਵਿਚ ਕੰਮ ਕੰਪਲੀਟ ਹੋਣ ’ਤੇ ਉਦਘਾਟਨ ਕੀਤੇ ਜਾਣੇ ਹੋਣ, ਉਥੇ ਕੌਂਸਲਰਾਂ ਤੋਂ ‘ਆਪ’ ਵਿਧਾਇਕਾਂ ਦੇ ਪ੍ਰੋਗਰਾਮਾਂ ਤੋਂ ਪਹਿਲਾਂ ਹੀ ਉਦਘਾਟਨ ਕਰਵਾ ਲਏ ਜਾਣ। ਹੁਣ ਦੇਖਣਾ ਹੋਵੇਗਾ ਕਿ ‘ਆਪ’ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਵਿਚ ਉਦਘਾਟਨੀ ਪੱਥਰਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿਚ ਪੈਦਾ ਹੋਣ ਵਾਲਾ ਵਿਵਾਦ ਕੀ ਰੁਖ਼ ਦਿਖਾਏਗਾ।


Manoj

Content Editor

Related News