ਡੰਪ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਵੱਲੋਂ ਦਿੱਤਾ ਗਿਆ ਧਰਨਾ ਡਰਾਮੇਬਾਜ਼ੀ ਸਾਬਿਤ ਹੋਇਆ

Saturday, Aug 24, 2019 - 01:50 PM (IST)

ਡੰਪ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਵੱਲੋਂ ਦਿੱਤਾ ਗਿਆ ਧਰਨਾ ਡਰਾਮੇਬਾਜ਼ੀ ਸਾਬਿਤ ਹੋਇਆ

ਜਲੰਧਰ (ਖੁਰਾਣਾ)— ਸੋਮਵਾਰ 19 ਅਗਸਤ ਨੂੰ ਕਾਂਗਰਸ ਦੇ ਸੀਨੀਅਰ ਕੌਂਸਲਰ ਬਲਰਾਜ ਠਾਕੁਰ ਨੇ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਬਣੇ ਸਾਲਾਂ ਪੁਰਾਣੇ ਡੰਪ ਨੂੰ ਹਟਵਾਉਣ ਲਈ ਵੱਡਾ ਧਰਨਾ ਦਿੱਤਾ ਸੀ, ਜਿਸ 'ਚ ਉਨ੍ਹਾਂ ਦੇ ਵਾਰਡ ਦੀਆਂ ਕਾਲੋਨੀਆਂ ਦੇ ਪ੍ਰਧਾਨ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਕਾਂਗਰਸੀ ਕੌਂਸਲਰ ਹਰਸ਼ਰਨ ਕੌਰ ਹੈਪੀ, ਅਰੁਣਾ ਅਰੋੜਾ, ਰੋਹਣ ਸਹਿਗਲ ਅਤੇ ਡਾ. ਜਸਲੀਨ ਕੌਰ ਸੇਠੀ ਵੀ ਸ਼ਾਮਲ ਹੋਏ ਸਨ।

ਸਾਰੇ ਬੁਲਾਰਿਆਂ ਨੇ ਬਲਰਾਜ ਠਾਕੁਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮਾਈਕ 'ਤੇ ਆ ਕੇ ਲੰਬੇ ਚੌੜੇ ਭਾਸ਼ਣ ਦਿੱਤੇ ਸਨ। ਇਸ ਦੌਰਾਨ ਛਾਉਣੀ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਵੀ ਮੌਕੇ 'ਤੇ ਪਹੁੰਚੇ ਸਨ, ਜਿਨ੍ਹਾਂ ਉਥੇ ਪਹਿਲਾਂ ਤੋਂ ਮੌਜੂਦ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੂੰ ਸਾਫ ਸ਼ਬਦਾਂ 'ਚ ਕਿਹਾ ਸੀ ਕਿ ਹੁਣ ਇਸ ਡੰਪ 'ਤੇ ਕੂੜਾ ਨਾ ਸੁੱਟ ਕੇ ਗ੍ਰੀਨ ਬੈਲਟ ਬਣਾਈ ਜਾਵੇ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ 7 ਦਿਨਾਂ ਬਾਅਦ ਮੈਂ ਖੁਦ ਨਿਗਮ ਕਮਿਸ਼ਨਰ ਆਫਿਸ ਵਿਚ ਧਰਨੇ 'ਤੇ ਬੈਠ ਜਾਵਾਂਗਾ। 19 ਅਗਸਤ ਨੂੰ ਬੀਤਿਆਂ ਅਜੇ ਮਸਾਂ 3 ਹੀ ਦਿਨ ਹੋਏ ਹਨ ਕਿ ਕਾਂਗਰਸੀ ਕੌਂਸਲਰਾਂ ਵਲੋਂ ਦਿੱਤਾ ਗਿਆ ਇਹ ਧਰਨਾ ਸਿਰਫ ਅਤੇ ਸਿਰਫ ਡਰਾਮੇਬਾਜ਼ੀ ਸਾਬਿਤ ਹੋਇਆ।
ਬੀਤੇ ਦਿਨ ਇਸ ਡੰਪ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕਾਲੋਨੀਆਂ ਦਾ ਕੂੜਾ ਸ਼ਮਸ਼ਾਨਘਾਟ ਦੇ ਸਾਹਮਣੇ ਬਣੇ ਡੰਪ 'ਤੇ ਹੀ ਸੁੱਟਿਆ ਗਿਆ, ਜੋ ਟਨਾਂ ਦੇ ਹਿਸਾਬ 'ਚ ਸੀ। ਨਗਰ ਨਿਗਮ ਨੇ ਇਸ ਡੰਪ 'ਚੋਂ ਇਕ ਕਿਲੋ ਕੂੜਾ ਵੀ ਨਹੀਂ ਚੁੱਕਿਆ, ਜਿਸ ਕਾਰਨ ਇਲਾਕੇ ਦੇ ਲੋਕਾਂ 'ਚ ਕਾਂਗਰਸੀਆਂ ਲਈ ਬੇਹੱਦ ਨਾਰਾਜ਼ਗੀ ਪੈਦਾ ਹੋ ਗਈ ਹੈ। ਵੱਖ-ਵੱਖ ਕਾਲੋਨੀਆਂ ਦੇ ਨੁਮਾਇੰਦਿਆਂ ਨੇ ਮੀਡੀਆ ਨੂੰ ਫੋਨ ਕਰਕੇ ਕਾਂਗਰਸੀ ਕੌਂਸਲਰਾਂ ਪ੍ਰਤੀ ਆਪਣੀ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਹੋਰ ਇੰਤਜ਼ਾਮ ਨਹੀਂ ਸਨ ਤਾਂ ਇਹ ਡਰਾਮੇਬਾਜ਼ੀ ਕਰਨ ਦੀ ਕੀ ਲੋੜ ਸੀ।

ਸਭ ਤੋਂ ਜ਼ਿਆਦਾ ਕੂੜਾ ਬਲਰਾਜ ਦੇ ਵਾਰਡ ਤੋਂ ਆਇਆ
ਚਸ਼ਮਦੀਦਾਂ ਅਨੁਸਾਰ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਡੰਪ 'ਚ ਸਭ ਤੋਂ ਜ਼ਿਆਦਾ ਕੂੜਾ ਕੌਂਸਲਰ ਬਲਰਾਜ ਠਾਕੁਰ ਦੇ ਵਾਰਡ 'ਚ ਪੈਂਦੀਆਂ ਕਾਲੋਨੀਆਂ ਵਿਚੋਂ ਆਇਆ। ਉਥੋਂ ਕੂੜਾ ਲਿਆ ਕੇ ਦਰਜਨਾਂ ਰੇਹੜੇ-ਰਿਕਸ਼ੇ ਇਥੇ ਖਾਲੀ ਕੀਤੇ ਗਏ, ਜਿਸ ਨੂੰ ਕਿਸੇ ਨਹੀਂ ਚੁੱਕਿਆ। ਇਸ ਤੋਂ ਇਲਾਵਾ ਕੌਂਸਲਰ ਹੈਪੀ, ਪਵਨ ਕੁਮਾਰ, ਅਰੁਣਾ ਅਰੋੜਾ, ਰੋਹਣ ਸਹਿਗਲ ਆਦਿ ਦੇ ਵਾਰਡਾਂ ਦਾ ਕੂੜਾ ਵੀ ਇਥੇ ਆਉਣਾ ਸ਼ੁਰੂ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਨਿਗਮ ਪ੍ਰਸ਼ਾਸਨ ਨੇ ਸ਼ਮਸ਼ਾਨਘਾਟ ਦੇ ਸਾਹਮਣੇ ਡੰਪ 'ਤੇ ਕੂੜਾ ਸੁਟਵਾਉਣਾ ਬੰਦ ਕਰ ਦਿੱਤਾ ਸੀ ਪਰ ਰੇਹੜੇ ਵਾਲੇ ਇਹ ਕਹਿ ਕੇ ਘਰਾਂ ਵਿਚੋਂ ਕੂੜਾ ਨਹੀਂ ਚੁੱਕਿਆ ਕਿ ਇਸ ਨੂੰ ਸੁੱਟਾਂਗੇ ਕਿੱਥੇ? ਕਿਸੇ ਕੌਂਸਲਰ ਨੇ ਧਰਨੇ ਤੋਂ ਪਹਿਲਾਂ ਜਗ੍ਹਾ ਦਾ ਇੰਤਜ਼ਾਮ ਨਹੀਂ ਕੀਤਾ, ਜਿਸ ਕਾਰਣ ਦਰਜਨਾਂ ਕਾਲੋਨੀਆਂ ਦੇ ਹਜ਼ਾਰਾਂ ਘਰਾਂ 'ਚ 4-5 ਦਿਨ ਕੂੜਾ ਹੀ ਨਹੀਂ ਚੁੱਕਿਆ ਗਿਆ ਜੋ ਬਦਬੂ ਮਾਰਨ ਲੱਗਾ ਅਤੇ ਕੌਂਸਲਰਾਂ ਦੀ ਬਦਨਾਮੀ ਹੋਣ ਲੱਗੀ। ਅਜਿਹੇ 'ਚ ਕੌਂਸਲਰਾਂ ਕੋਲ ਵੀ ਸਿਵਾਏ ਸ਼ਮਸ਼ਾਨਘਾਟ ਡੰਪ ਦੇ ਕੋਈ ਬਦਲ ਨਹੀਂ ਸੀ, ਜਿਸ ਕਾਰਨ ਉਥੇ ਦੋਬਾਰਾ ਕੂੜਾ ਸੁੱਟਿਆ ਜਾਣ ਲੱਗਾ।

ਵਿਧਾਇਕ ਪਰਗਟ ਨੇ ਬੁਲਾਈ ਐਮਰਜੈਂਸੀ ਮੀਟਿੰਗ
ਛਾਉਣੀ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਬੀਤੇ ਦਿਨ ਆਪਣੇ ਹਲਕੇ ਵਿਚ ਪੈਦਾ ਹੋਈ ਕੂੜੇ ਦੀ ਨਵੀਂ ਸਮੱਸਿਆ ਨੂੰ ਲੈ ਕੇ ਇਕ ਵਿਸ਼ੇਸ਼ ਮੀਟਿੰਗ ਬੁਲਾਈ, ਜਿਸ 'ਚ ਛਾਉਣੀ ਹਲਕੇ ਦੇ ਸਾਰੇ ਕਾਂਗਰਸੀ ਕੌਂਸਲਰਾਂ ਤੋਂ ਇਲਾਵਾ ਕਮਿਸ਼ਨਰ ਦੀਪਰਵ ਲਾਕੜਾ ਤੇ ਹੈਲਥ ਆਫਿਸਰ ਡਾ. ਕ੍ਰਿਸ਼ਨ ਸ਼ਰਮਾ ਮੌਜੂਦ ਸਨ। ਮੀਟਿੰਗ ਦੌਰਾਨ ਵਿਧਾਇਕ ਨੇ ਸਾਰੇ ਕੌਂਸਲਰਾਂ ਨੂੰ ਦੁਬਾਰਾ ਕਿਹਾ ਕਿ ਆਪਣੇ-ਆਪਣੇ ਵਾਰਡ ਵਿਚ ਕੂੜੇ ਲਈ ਕਰੀਬ 1-1 ਕਨਾਲ ਜਗ੍ਹਾ ਮੁਹੱਈਆ ਕਰਵਾਉਣ, ਜਿਥੇ ਤਰੀਕੇ ਨਾਲ ਵਾਰਡ ਦੇ ਕੂੜੇ ਨੂੰ ਮੈਨੇਜ ਕੀਤਾ ਜਾ ਸਕੇ। ਪਤਾ ਲੱਗਾ ਹੈ ਕਿ ਮੀਟਿੰਗ ਦੌਰਾਨ ਜ਼ਿਆਦਾਤਰ ਕਾਂਗਰਸੀ ਕੌਂਸਲਰਾਂ ਨੇ ਸੀਨੀਅਰ ਕੌਂਸਲਰ ਬਲਰਾਜ ਠਾਕੁਰ ਦੀ ਕਲਾਸ ਲਾਈ, ਜਿਨ੍ਹਾਂ ਦੇ ਧਰਨੇ ਤੋਂ ਬਾਅਦ ਕੂੜੇ ਦਾ ਮਾਮਲਾ ਜ਼ਿਆਦਾ ਭਖ ਗਿਆ ਹੈ।

ਮਿੰਟੂ ਜੁਨੇਜਾ ਅਤੇ ਰੋਹਣ ਮਾਮਲੇ 'ਚ ਨਵੀਂ ਘੁੰਢੀ ਫਸੀ
ਕੌਂਸਲਰ ਰੋਹਣ ਸਹਿਗਲ ਨੇ ਆਪਣੇ ਵਾਰਡ ਦੇ ਕੂੜੇ ਲਈ ਜੋਤੀ ਨਗਰ ਕੋਲ ਪੁਰਾਣੇ ਡਿਸਪੋਜ਼ਲ ਵਾਲੀ ਥਾਂ 'ਤੇ ਜਗ੍ਹਾ ਮੁਹੱਈਆ ਕਰਵਾ ਦਿੱਤੀ ਸੀ, ਜਿਸ 'ਤੇ ਕੌਂਸਲਰ ਮਿੰਟੂ ਜੁਨੇਜਾ ਨੇ ਇਤਰਾਜ਼ ਕੀਤਾ ਸੀ ਅਤੇ ਕਿਹਾ ਸੀ ਕਿ ਲਾਈਨ ਦੇ ਪਾਰ ਉਨ੍ਹਾਂ ਦਾ ਵਾਰਡ ਹੈ, ਜਿੱਥੇ ਸਥਿਤ ਕੋਠੀਆਂ ਵਾਲੇ ਡੰਪ ਤੋਂ ਪ੍ਰੇਸ਼ਾਨ ਹੋ ਜਾਣਗੇ। ਇਸ ਲਈ ਇਸ ਜਗ੍ਹਾ 'ਤੇ ਰੋਹਣ ਨੂੰ ਕੂੜਾ ਨਹੀਂ ਸੁੱਟਣ ਦਿੱਤਾ ਜਾਵੇਗਾ। ਕੌਂਸਲਰ ਮਿੰਟੂ ਜੁਨੇਜਾ ਨੇ ਆਪਣੇ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਸਵੇਰੇ ਵਿਧਾਇਕ ਪਰਗਟ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀ।
ਇਸ ਮਾਮਲੇ 'ਚ ਨਵੀਂ ਘੁੰਢੀ ਉਸ ਸਮੇਂ ਫਸੀ ਜਦੋਂ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਕੌਂਸਲਰ ਮਿੰਟੂ ਜੁਨੇਜਾ ਦੇ ਵਾਰਡ ਦਾ ਕੂੜਾ ਵੀ ਇਸੇ ਜਗ੍ਹਾ 'ਤੇ ਜਾ ਰਿਹਾ ਹੈ, ਜੋ ਰੋਹਣ ਸਹਿਗਲ ਨੇ ਦੱਸੀ ਸੀ। ਮਿੰਟੂ ਜੁਨੇਜਾ ਦੇ ਵਾਰਡ ਦਾ ਕੂੜਾ ਜੇਕਰ ਇਥੇ ਆਉਂਦਾ ਹੈ ਤਾਂ ਉਹ ਇਸ ਜਗ੍ਹਾ ਦਾ ਵਿਰੋਧ ਕਿਉਂ ਕਰ ਰਹੇ ਹਨ। ਹੁਣ ਵੇਖਣਾ ਹੈ ਕਿ ਜੇਕਰ ਇਸ ਜਗ੍ਹਾ 'ਤੇ ਕੂੜੇ ਦਾ ਕੁਲੈਕਸ਼ਨ ਸੈਂਟਰ ਨਹੀਂ ਬਣਦਾ ਤਾਂ ਮਿੰਟੂ ਜੁਨੇਜਾ ਦੇ ਵਾਰਡ ਦਾ ਕੂੜਾ ਕਿੱਥੇ ਜਾਵੇਗਾ। ਕੌਂਸਲਰ ਰੋਹਣ ਨੇ ਕਿਹਾ ਕਿ ਇਹ ਉਨ੍ਹਾਂ ਦਾ ਵਾਰਡ ਹੈ, ਇਸ ਲਈ ਉਹ ਆਪਣੀ ਸਮੱਸਿਆ ਖੁਦ ਹੱਲ ਕਰ ਲੈਣਗੇ ਅਤੇ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ।

ਮਿੱਠਾਪੁਰ ਵਿਚ ਸਿਰਫ ਪਿੰਡ ਦਾ ਕੂੜਾ ਹੀ ਆਵੇਗਾ
ਧਰਨਾ ਦੇਣ 'ਚ ਮੋਹਰੀ ਕੌਂਸਲਰ ਬਲਰਾਜ ਠਾਕੁਰ ਨੇ ਨਿਗਮ ਅਧਿਕਾਰੀਆਂ ਨੂੰ ਆਪਸ਼ਨ ਦਿੱਤੀ ਸੀ ਕਿ ਉਨ੍ਹਾਂ ਦੇ ਵਾਰਡ ਦਾ ਕੂੜਾ ਮਿੱਠਾਪੁਰ ਪਿੰਡ ਵਿਚ ਜਾ ਕੇ ਸੁੱਟਿਆ ਜਾਵੇ ਪਰ ਅੱਜ ਵਿਧਾਇਕ ਪਰਗਟ ਸਿੰਘ ਨੇ ਨਿਗਮ ਅਧਿਕਾਰੀਆਂ ਨੂੰ ਸਾਫ ਕਹਿ ਦਿੱਤਾ ਕਿ ਮਿੱਠਾਪੁਰ ਵਿਚ ਸਿਰਫ ਪਿੰਡ ਦਾ ਹੀ ਕੂੜਾ ਆਵੇਗਾ, ਪੂਰੇ ਵਾਰਡ ਦਾ ਨਹੀਂ। ਇਸ ਤੋਂ ਇਲਾਵਾ ਵਿਧਾਇਕ ਅਤੇ ਨਿਗਮ ਕਮਿਸ਼ਨਰ ਨੇ ਮੀਟਿੰਗ ਤੋਂ ਬਾਅਦ ਵੱਖ-ਵੱਖ ਕੌਂਸਲਰਾਂ ਵਲੋਂ ਸੁਝਾਏ ਗਏ ਨਵੇਂ ਡੰਪ ਸਥਾਨਾਂ ਦਾ ਦੌਰਾ ਕੀਤਾ। ਜਿਸ ਦੌਰਾਨ ਪੁਲਸ ਡਵੀਜ਼ਨ ਨੰ. 7 ਦੇ ਸਾਹਮਣੇ ਵਾਲੇ ਇਲਾਕੇ ਵਿਚ ਕੂੜਾ ਸੁੱਟਣ 'ਤੇ ਵੀ ਚਰਚਾ ਹੋਈ। ਇਸ ਤੋਂ ਇਲਾਵਾ 2-3 ਵਾਰਡਾਂ ਦਾ ਕੂੜਾ ਫੋਲੜੀਵਾਲ ਟ੍ਰੀਟਮੈਂਟਪਲਾਂਟ ਦੇ ਅੰਦਰ ਜਾਇਆ ਕਰੇਗਾ। ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਸਾਫ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੇ ਵਾਰਡ ਦਾ ਕੂੜਾ ਸੀਵਰੇਜ ਬੋਰਡ ਵਾਲੀ ਥਾਂ 'ਤੇ ਬਿਲਕੁਲ ਨਹੀਂ ਜਾਵੇਗਾ। ਨਗਰ ਨਿਗਮ ਦੇ ਅਧਿਕਾਰੀ ਫੈਸਲਾ ਲੈਣ ਕਿ ਕੂੜਾ ਕਿਥੇ ਸੁੱਟਣਾ ਹੈ। ਜਗ੍ਹਾ ਦੀ ਸਮੱਸਿਆ ਕੌਸਲਰ ਅਰੁਣਾ ਅਰੋੜਾ, ਪਵਨ ਕੁਮਾਰ, ਕੌਂਸਲਰ ਬਾਗੜੀ, ਕੌਂਸਲਰ ਨੀਰਜਾ ਜੈਨ, ਕੌਂਸਲਰ ਪ੍ਰਭਦਿਆਲ ਆਦਿ ਨੂੰ ਵੀ ਝੱਲਣੀ ਪੈ ਰਹੀ ਹੈ।


author

shivani attri

Content Editor

Related News