ਨਾ ਲੋਕਲ ਬਾਡੀਜ਼ ਮੰਤਰੀ ਤੇ ਨਾ ਹੀ ਨਵੇਂ ਨਿਗਮ ਕਮਿਸ਼ਨਰ ਤੋਂ ਸੁਧਰ ਰਹੇ ਸ਼ਹਿਰ ਦੇ ਹਾਲਾਤ

Friday, Sep 15, 2023 - 11:06 AM (IST)

ਨਾ ਲੋਕਲ ਬਾਡੀਜ਼ ਮੰਤਰੀ ਤੇ ਨਾ ਹੀ ਨਵੇਂ ਨਿਗਮ ਕਮਿਸ਼ਨਰ ਤੋਂ ਸੁਧਰ ਰਹੇ ਸ਼ਹਿਰ ਦੇ ਹਾਲਾਤ

ਜਲੰਧਰ (ਖੁਰਾਣਾ)–ਅੱਜ ਤੋਂ ਕਈ ਮਹੀਨੇ ਪਹਿਲਾਂ ਕਰਤਾਰਪੁਰ ਤੋਂ ‘ਆਪ’ ਵਿਧਾਇਕ ਬਲਕਾਰ ਸਿੰਘ ਨੂੰ ਪੰਜਾਬ ਦਾ ਲੋਕਲ ਬਾਡੀਜ਼ ਮੰਤਰੀ ਬਣਾਇਆ ਗਿਆ ਸੀ, ਜਿਨ੍ਹਾਂ ਦੇ ਮੋਢਿਆਂ ’ਤੇ ਹੁਣ ਪੂਰੇ ਸੂਬੇ ਦੀ ਜ਼ਿੰਮੇਵਾਰੀ ਹੈ ਪਰ ਉਨ੍ਹਾਂ ਦੇ ਆਪਣੇ ਹੀ ਸ਼ਹਿਰ ਵਿਚ ਇਸ ਸਮੇਂ ਹਜ਼ਾਰਾਂ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਵਧੇਰੇ ਥਾਵਾਂ ’ਤੇ ਸੀਵਰ ਜਾਮ ਪਏ ਹਨ ਅਤੇ ਟੁੱਟੀਆਂ ਸੜਕਾਂ ’ਤੇ ਪੈਚ ਤਕ ਨਹੀਂ ਲੱਗ ਪਾ ਰਹੇ। ਹਾਲਾਤ ਇਹ ਬਣ ਗਏ ਹਨ ਕਿ ਜਲੰਧਰ ਨਗਰ ਨਿਗਮ ਵਿਚ ਆਮ ਲੋਕਾਂ ਦੀ ਸੁਣਵਾਈ ਬਿਲਕੁਲ ਹੀ ਬੰਦ ਹੋ ਗਈ ਅਤੇ ਨਿਗਮ ਦੇ ਬੇਪ੍ਰਵਾਹ ਅਧਿਕਾਰੀ ਅਤੇ ਕਰਮਚਾਰੀ ਪਾਣੀ ਅਤੇ ਸੀਵਰ ਨਾਲ ਸਬੰਧਤ ਸ਼ਿਕਾਇਤਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਲੈ ਰਹੇ। ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਕੋਈ ਆਗੂ ਜਲੰਧਰ ਨਗਰ ਨਿਗਮ ਵਿਚ ਨਹੀਂ ਆ ਰਿਹਾ, ਜਿਸ ਕਾਰਨ ਸੱਤਾ ਧਿਰ ਦੇ ਕਿਸੇ ਆਗੂ ਦੀ ਨਿਗਮ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ। ਇਸੇ ਕਾਰਨ ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਦਾ ਅਕਸ ਖ਼ਰਾਬ ਹੋ ਰਿਹਾ ਹੈ।

PunjabKesari

ਆਉਣ ਵਾਲੇ ਕੁਝ ਹਫ਼ਤਿਆਂ ਵਿਚ ਹੀ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੀ ਹਾਲਤ ਵਿਚ ਜੇਕਰ ਜਲੰਧਰ ਨਿਗਮ ਦੀ ਕਾਰਜਪ੍ਰਣਾਲੀ ਨੂੰ ਜਲਦ ਸੁਧਾਰਿਆ ਨਾ ਗਿਆ ਅਤੇ ਨਿਗਮ ਦੇ ਅਫਸਰਾਂ ਤੇ ਕਰਮਚਾਰੀਆਂ ਨੂੰ ਸ਼ਿਕਾਇਤਾਂ ਪ੍ਰਤੀ ਜਵਾਬਦੇਹ ਨਾ ਬਣਾਇਆ ਗਿਆ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਹਨ, ਜਿਸ ਕਾਰਨ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਸਕਦਾ ਹੈ। ਪੰਜਾਬ ਸਰਕਾਰ ਨੇ ਸ਼ਹਿਰ ਦੀ ਹਾਲਤ ਨੂੰ ਸੁਧਾਰਨ ਲਈ ਨਿਗਮ ਕਮਿਸ਼ਨਰ ਵਜੋਂ ਤਜਰਬੇਕਾਰ ਅਧਿਕਾਰੀ ਡਾ. ਰਿਸ਼ੀਪਾਲ ਸਿੰਘ ਨੂੰ ਜਲੰਧਰ ਵਿਚ ਤਾਇਨਾਤ ਕੀਤਾ ਪਰ ਉਹ ਵੀ ਅਜੇ ਤਕ ਜਲੰਧਰ ਨਿਗਮ ਦੇ ਲਾਪ੍ਰਵਾਹ ਅਧਿਕਾਰੀਆਂ ਨੂੰ ਕੰਟਰੋਲ ਨਹੀਂ ਕਰ ਸਕੇ। ਜ਼ਿਕਰਯੋਗ ਹੈ ਕਿ ਇਸ ਸਮੇਂ ਸ਼ਹਿਰ ਦੇ ਕਈ ਹਿੱਸੇ ਸੀਵਰੇਜ ਜਾਮ ਦੀ ਸਮੱਸਿਆ ਝੱਲ ਰਹੇ ਹਨ, ਜਿਸ ਪਾਸੇ ਨਿਗਮ ਦੇ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ। ਨਿਗਮ ਕਰਮਚਾਰੀਆਂ ਨੇ ਵੀ ਅਫਸਰਾਂ ਦੀ ਦੇਖਾ-ਦੇਖੀ ਸ਼ਿਕਾਇਤਾਂ ਦਾ ਹੱਲ ਕਰਨਾ ਤਕ ਛੱਡਿਆ ਹੋਇਆ ਹੈ।

ਇਹ ਵੀ ਪੜ੍ਹੋ- ਨੂਰਮਹਿਲ 'ਚ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੇ ਮਾਂ ਨੂੰ ਭੇਜ ਵਿਅਕਤੀ ਨੇ ਆਖੀ ਇਹ ਗੱਲ

ਦੂਜੇ ਸ਼ਹਿਰਾਂ ਤੋਂ ਆਉਂਦੇ ਹਨ ਸੀਵਰੇਜ ਵਿਭਾਗ ਨਾਲ ਜੁੜੇ ਅਫ਼ਸਰ
ਲੰਮੇ ਸਮੇਂ ਤੋਂ ਨਿਗਮ ਦੇ ਸੀਵਰੇਜ ਵਿਭਾਗ ਦੀ ਜ਼ਿੰਮੇਵਾਰੀ ਏ. ਐੱਸ. ਪ੍ਰਭਾਕਰ, ਵੀ. ਪੀ. ਸਿੰਘ, ਲਖਵਿੰਦਰ ਸਿੰਘ ਅਤੇ ਸਤਿੰਦਰ ਮਹਾਜਨ ਵਰਗੇ ਅਫਸਰਾਂ ਦੇ ਹੱਥਾਂ ਵਿਚ ਰਹੀ ਹੈ, ਜਿਹੜੇ ਜਲੰਧਰ ਸ਼ਹਿਰ ਨਾਲ ਸਬੰਧ ਰੱਖਦੇ ਹਨ ਪਰ ਇਸ ਸਮੇਂ ਐੱਸ. ਈ. ਅਨੁਰਾਗ ਮਹਾਜਨ ਤੋਂ ਲੈ ਕੇ ਵਧੇਰੇ ਅਫਸਰ ਦੂਜੇ ਸ਼ਹਿਰਾਂ ਤੋਂ ਆਉਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਸੀਵਰ ਸਿਸਟਮ ਅਤੇ ਇਥੋਂ ਦੀ ਸਮੱਸਿਆ ਬਾਰੇ ਕੋਈ ਜਾਣਕਾਰੀ ਨਹੀਂ ਹੈ। ਵਧੇਰੇ ਅਫ਼ਸਰ ਸ਼ਾਮ ਦੇ ਸਮੇਂ ਆਪਣਾ ਸਟੇਸ਼ਨ ਛੱਡ ਕੇ ਦੂਜੇ ਸ਼ਹਿਰਾਂ ਵਿਚ ਚਲੇ ਜਾਂਦੇ ਹਨ ਅਤੇ ਅਕਸਰ ਛੁੱਟੀ ਜਾਂ ਫਰਲੋ ’ਤੇ ਹੀ ਰਹਿੰਦੇ ਹਨ। ਇਸ ਕਾਰਨ ਵਿਭਾਗ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ।

PunjabKesari

ਪਾਣੀ ਨੂੰ ਤਰਸ ਰਹੇ ਬਲਦੇਵ ਨਗਰ ਨਿਵਾਸੀਆਂ ਨੇ ਕਿਸ਼ਨਪੁਰਾ ਰੋਡ ਨੂੰ ਕੀਤਾ ਜਾਮ
ਉੱਤਰੀ ਵਿਧਾਨ ਸਭਾ ਹਲਕੇ ਅਧੀਨ ਬਲਦੇਵ ਨਗਰ ਨਿਵਾਸੀਆਂ ਨੇ ਅੱਜ ਕਿਸ਼ਨਪੁਰਾ ਰੋਡ ’ਤੇ ਜਾਮ ਲਾ ਦਿੱਤਾ, ਜਿਸ ਕਾਰਨ ਲੋਕ ਕਈ ਘੰਟੇ ਪ੍ਰੇਸ਼ਾਨ ਹੋਏ। ਪ੍ਰਦਰਸ਼ਨਕਾਰੀਆਂ ਨੇ ਖਾਲੀ ਬਾਲਟੀਆਂ ਲੈ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਰੀ ਗਿਣਤੀ ਵਿਚ ਆਦਮੀ, ਔਰਤਾਂ ਅਤੇ ਬੱਚੇ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਪਰ ਲੰਮੇ ਸਮੇਂ ਤਕ ਨਾ ਤਾਂ ਕੋਈ ਪ੍ਰਸ਼ਾਸਨਿਕ ਅਤੇ ਨਾ ਹੀ ਕੋਈ ਨਿਗਮ ਅਧਿਕਾਰੀ ਮੌਕੇ ’ਤੇ ਪਹੁੰਚਿਆ। ਪੁਲਸ ਅਧਿਕਾਰੀਆਂ ਨੇ ਵੀ ਟਰੈਫਿਕ ਜਾਮ ਨੂੰ ਖੁਲ੍ਹਵਾਉਣ ਦਾ ਕੋਈ ਯਤਨ ਹੀ ਨਹੀਂ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪਿਛਲੇ 3-4 ਮਹੀਨਿਆਂ ਤੋਂ ਉਹ ਪਾਣੀ ਨੂੰ ਤਰਸ ਰਹੇ ਹਨ। ਪਹਿਲਾਂ ਮੁਹੱਲੇ ਵਿਚ ਗੰਦਾ ਪਾਣੀ ਆਇਆ ਕਰਦਾ ਸੀ ਅਤੇ ਉਸਦੇ ਬਾਅਦ ਰੇਤਲਾ ਪਾਣੀ ਵੀ ਆਉਣ ਲੱਗਾ। ਹੁਣ ਤਾਂ ਪਾਣੀ ਦੀ ਸਪਲਾਈ ਬਿਲਕੁਲ ਹੀ ਬੰਦ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਟਰ ਕੂਲਰ ਦਾ ਪਾਣੀ ਤਕ ਖਰੀਦਣਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹਰ ਚੋਣ ਸਮੇਂ ਹਰ ਪਾਰਟੀ ਦੇ ਆਗੂ ਆ ਕੇ ਝੂਠੇ ਵਾਅਦੇ ਕਰ ਜਾਂਦੇ ਹਨ। ਇਸ ਵਾਰ ਕਿਸੇ ਆਗੂ ਨੂੰ ਬਲਦੇਵ ਨਗਰ ਵਿਚ ਵੜਨ ਨਹੀਂ ਦਿੱਤਾ ਜਾਵੇਗਾ ਅਤੇ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ। ਲੋਕਾਂ ਦਾ ਕਹਿਣਾ ਸੀ ਕਿ ਕਿਸੇ ਵੀ ਪਾਰਟੀ ਦੇ ਕਿਸੇ ਆਗੂ ਨੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਅਤੇ ਨਿਗਮ ਅਧਿਕਾਰੀ ਵੀ ਸੁੱਤੇ ਹੋਏ ਹਨ।

ਇਹ ਵੀ ਪੜ੍ਹੋ-ਪਟਿਆਲਾ ਪੁਲਸ ਦੀ ਗ੍ਰਿਫ਼ਤ 'ਚ ਭਾਰਤੀ ਫ਼ੌਜ ਦਾ ਜਵਾਨ, ਕਾਰਨਾਮਾ ਜਾਣ ਰਹਿ ਜਾਓਗੇ ਹੱਕੇ-ਬੱਕੇ 

PunjabKesari

ਖ਼ੁਦ ਟੈਂਕਰ ਮੰਗਵਾ ਕੇ ਪੀਣ ਵਾਲਾ ਪਾਣੀ ਪ੍ਰਾਪਤ ਕਰ ਰਹੇ ਹਨ ਨਿਜਾਤਮ ਨਗਰ ਨਿਵਾਸੀ
ਵੈਸਟ ਵਿਧਾਨ ਸਭਾ ਹਲਕਾ ਤਹਿਤ ਆਉਂਦੇ ਨਿਜਾਤਮ ਨਗਰ ਦੀ ਗਲੀ ਨੰਬਰ 6 ਦੇ ਨਿਵਾਸੀ ਇਨ੍ਹੀਂ ਦਿਨੀਂ ਖੁਦ ਪੈਸੇ ਇਕੱਠੇ ਕਰ ਕੇ ਟੈਂਕਰ ਮੰਗਵਾ ਰਹੇ ਹਨ ਅਤੇ ਪੀਣ ਦਾ ਪਾਣੀ ਪ੍ਰਾਪਤ ਕਰ ਰਹੇ ਹਨ। ਹਲਕਾ ਨਿਵਾਸੀ ਮੋਨੂੰ ਭਾਟੀਆ, ਕਾਕਾ ਦੀਪਕ, ਬੰਟੀ ਅਤੇ ਰਮਨ ਆਦਿ ਨੇ ਦੱਸਿਆ ਕਿ ਮੁਹੱਲੇ ਦੇ ਪਾਣੀ ਦੀ ਮੋਟਰ ਪਿਛਲੇ ਕਈ ਦਿਨਾਂ ਤੋਂ ਖਰਾਬ ਹੈ। ਸਾਬਕਾ ਕੌਂਸਲਰ ਕਮਲੇਸ਼ ਗਰੋਵਰ ਦੇ ਬੇਟੇ ਅਨਮੋਲ ਗਰੋਵਰ ਨੂੰ ਕਈ ਵਾਰ ਮੋਟਰ ਠੀਕ ਕਰਵਾਉਣ ਨੂੰ ਕਿਹਾ ਗਿਆ ਪਰ ਨਿਗਮ ਵਿਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੈ। 15 ਦਿਨਾਂ ਤੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਜਦੋਂ ਚੋਣਾਂ ਆਉਂਦੀਆਂ ਹਨ, ਉਦੋਂ ਸਾਰੇ ਆਗੂ ਆ ਕੇ ਹੱਥ-ਪੈਰ ਜੋੜਨ ਲੱਗਦੇ ਹਨ ਪਰ ਬਾਅਦ ਵਿਚ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੰਦੇ। ਲੋਕਾਂ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਸੋਮਵਾਰ ਤੋਂ ਪਹਿਲਾਂ ਟਿਊਬਵੈੱਲ ਦੀ ਖਰਾਬ ਮੋਟਰ ਨੂੰ ਠੀਕ ਨਾ ਕਰਵਾਇਆ ਗਿਆ ਤਾਂ ਫੁੱਟਬਾਲ ਚੌਂਕ ਵਿਚ ਜਾ ਕੇ ਧਰਨਾ ਦਿੱਤਾ ਜਾਵੇਗਾ।

PunjabKesari

ਟੁੱਟੀਆਂ ਸੜਕਾਂ ਪ੍ਰਤੀ ਬਿਲਕੁਲ ਲਾਪ੍ਰਵਾਹ ਬਣੇ ਹੋਏ ਹਨ ਨਿਗਮ ਦੇ ਅਫ਼ਸਰ
ਇਸ ਸਮੇਂ ਸਰਫੇਸ ਵਾਟਰ ਪ੍ਰਾਜੈਕਟ ਦੇ ਪਾਈਪ ਪਾਉਣ ਲਈ ਜਗ੍ਹਾ-ਜਗ੍ਹਾ ਸੜਕਾਂ ਦੀ ਪੁਟਾਈ ਚੱਲ ਰਹੀ ਹੈ ਅਤੇ ਪਹਿਲਾਂ ਤੋਂ ਜਿੱਥੇ ਪੁਟਾਈ ਹੋ ਚੁੱਕੀ ਹੈ, ਉਨ੍ਹਾਂ ਸੜਕਾਂ ਨੂੰ ਬਣਾਇਆ ਨਹੀਂ ਜਾ ਰਿਹਾ। ਖਰਾਬ ਕੁਆਲਿਟੀ ਕਾਰਨ ਸ਼ਹਿਰ ਦੀਆਂ ਵਧੇਰੇ ਸੜਕਾਂ ਟੁੱਟ ਚੁੱਕੀਆਂ ਹਨ, ਜਿਸ ਪਾਸੇ ਨਗਰ ਨਿਗਮ ਦੇ ਅਧਿਕਾਰੀ ਬਿਲਕੁਲ ਹੀ ਲਾਪ੍ਰਵਾਹ ਬਣੇ ਹੋਏ ਹਨ।

ਇਹ ਵੀ ਪੜ੍ਹੋ-ਐਕਸ਼ਨ 'ਚ DGP ਗੌਰਵ ਯਾਦਵ, ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਦਿੱਤੇ ਸਖ਼ਤ ਹੁਕਮ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News