ਕਮਿਸ਼ਨਰ ਦਫਤਰ, ਨਗਰ ਨਿਗਮ ਨੂੰ ਲੱਗੇ ਤਾਲ਼ੇ, ਠੱਪ ਪਿਆ ਜਲੰਧਰ ’ਚ ਸਾਰਾ ਕੰਮ, ਜਾਣੋ ਕੀ ਹੈ ਪੂਰਾ ਮਾਮਲਾ
Tuesday, Sep 27, 2022 - 12:36 PM (IST)
ਜਲੰਧਰ (ਖੁਰਾਨਾ, ਸੋਮਨਾਥ) : ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ ਅਤੇ ਬਾਜ਼ਾਰਾਂ 'ਚ ਰੌਣਕਾਂ ਮੁੜ ਤੋਂ ਪਰਤ ਆਈਆਂ ਹਨ ਪਰ ਕਿਤੇ ਨਾ ਕਿਤੇ ਇਹ ਸੀਜ਼ਨ ਜਲੰਧਰ ਸ਼ਹਿਰ ਲਈ ਬੁਰਾ ਸਮਾਂ ਵੀ ਲੈ ਕੇ ਆਇਆ ਹੈ। ਪਿਛਲੇ ਕੁਝ ਸਮੇਂ ਤੋਂ ਜਲੰਧਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿਸ ਲਈ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਅਜਿਹੇ ਹਾਲਾਤ 'ਚ ਨਿਗਮ ਯੂਨੀਅਨਾਂ ਦੀ ਵੀ ਗੱਲ ਨਹੀਂ ਸੁਣੀ ਜਾ ਰਹੀ। ਜਿਸ ਦੇ ਚੱਲਦਿਆਂ ਉਨ੍ਹਾਂ ਨੇ 27 ਸਤੰਬਰ ਨੂੰ ਨਾ ਸਿਰਫ਼ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਦਾ ਦਫ਼ਤਰ ਸਗੋਂ ਪੂਰੇ ਜਲੰਧਰ ਨਿਗਮ ਨੂੰ ਪੱਕਾ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਾਜ਼ਮਾਂ ਦੀ ਪੱਕੀ ਭਰਤੀ ਕਰਨ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾਂਦਾ , ਉਸ ਵੇਲੇ ਤੱਕ ਇਨ੍ਹਾਂ ਨਿਗਮ ਦਫ਼ਤਰਾਂ ਨੂੰ ਖੋਲ੍ਹਣ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪੱਟੀ ਨੇੜੇ ਕੂੜੇ ਦੇ ਢੇਰ ’ਤੋਂ ਬਰਾਮਦ ਹੋਇਆ ਹੈਂਡ ਗ੍ਰਨੇਡ, ਫੈਲੀ ਸਨਸਨੀ
ਨਿਗਮ ਯੂਨੀਅਨਾਂ ਮੁਤਾਬਕ ਮੰਗਲਵਾਰ ਨੂੰ ਸ਼ਹਿਰ 'ਚ ਕੂੜੇ ਦੀ ਲਿਫਟਿੰਗ ਨਹੀਂ ਕੀਤੀ ਜਾਵੇਗੀ ਅਤੇ ਸ਼ਹਿਰ ਦੇ ਵਾਰਡਾਂ 'ਚ ਸਫਾਈ ਕਰਮਚਾਰੀ ਵੀ ਕੰਮ ਨਹੀਂ ਕਰਨਗੇ। ਦੱਸ ਦੇਈਏ ਕਿ ਟਰਾਲੀਆਂ ਰਾਹੀਂ ਕੂੜਾ ਇਕੱਠਾ ਕਰਨ ਦਾ ਕੰਮ ਪਹਿਲਾਂ ਤੋਂ ਹੀ ਬੰਦ ਹੈ ਤੇ ਸ਼ਾਇਦ ਆਉਣ ਵਾਲੇ ਦਿਨਾਂ 'ਚ ਸਫਾਈ ਸੰਬੰਧੀ ਸ਼ਹਿਰ ਦੀ ਸਥਿਤੀ ਬੇਕਾਬੂ ਹੋ ਸਕਦੀ ਹੈ। ਇਸ ਤੋਂ ਇਲਾਵਾ ਸੀਵਰੇਜ ਦੀ ਸਫਾਈ ਤੇ ਗੰਦੇ ਪਾਣੀ ਦੇ ਫਾਲਟ ਦੂਰ ਕਰਨ ਵਾਲਾ ਸਟਾਫ਼ ਪਹਿਲਾਂ ਹੀ ਹੜਤਾਲ 'ਤੇ ਚੱਲ ਰਹੇ ਹਨ। ਅਜਿਹੇ ਹਾਲਾਤ 'ਚ ਨਗਰ ਨਿਗਮ ਦਾ ਪੂਰਾ ਸਟਾਫ਼ ਮੰਗਲਵਾਰ ਨੂੰ ਕੰਮ ਬੰਦ ਕਰ ਸਕਦਾ ਹੈ। ਤਾਲਾਬੰਦੀ ਦੇ ਚੱਲਦਿਆਂ ਨਗਰ ਨਿਗਮ ਦਾ ਮਨਿਸਟੀਰੀਅਲ ਸਟਾਫ਼ ਅਤੇ ਅਫ਼ਸਰਾਂ ਨੂੰ ਵੀ ਘਰਾਂ 'ਚ ਬੈਠਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।