ਪਵਿੱਤਰ ਕਾਲੀ ਵੇਈਂ ’ਚ ਜਲਦ ਹੀ ਵਹੇਗਾ ਸਾਫ਼ ਪਾਣੀ, 2 ਦਹਾਕਿਆਂ ਤੋਂ ਸੰਤ ਸੀਚੇਵਾਲ ਨਿਭਾਅ ਰਹੇ ਸੇਵਾ ਕਾਰਜ

05/23/2023 6:52:44 PM

ਸੁਲਤਾਨਪੁਰ ਲੋਧੀ (ਧੀਰ) : ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਇਸ ਵੇਈਂ ਦੀ ਸਫ਼ਾਈ ਦਾ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਨਵੰਬਰ ਤਕ ਇਸ ਵਿਚ ਸਾਫ਼ ਪਾਣੀ ਵਹਿਣਾ ਸ਼ੁਰੂ ਹੋ ਜਾਵੇਗਾ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਵਾਤਾਵਰਣ ਪ੍ਰੇਮੀ ਅਤੇ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਗੱਲਬਾਤ ਕਰਦਿਆਂ ਕੀਤਾ। ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਕਿਹਾ ਕਿ ਇਸ ਵੇਈਂ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਲੱਗਭਗ ਪੂਰਾ ਹੋ ਗਿਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ 8 ਪਿੰਡਾਂ ਪਰੋਜ, ਪ੍ਰੇਮਪੁਰ, ਤਲਵੰਡੀ, ਦਾਦਿਆਨ, ਹਮੀਰਪੁਰ ਅਤੇ ਕਪੂਰਥਲਾ ਦੇ ਚਾਣਚੱਕ, ਡੋਗਰਾਂਵਾਲ, ਨਾਨਕਪੁਰ ਅਤੇ ਸੈਦੋ ਭੁਲਾਣਾ ਦੇ ਸੀਵਰੇਜ ਦੇ ਪਾਣੀ ਨੂੰ ਇਸ ਵਿਚ ਪੈਣ ਤੋਂ ਰੋਕਣ ਲਈ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ’ਚ ਗੰਦੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਦਸੂਹਾ, ਟਾਂਡਾ, ਭੁਲੱਥ, ਬੇਗੋਵਾਲ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਵਿਖੇ 6 ਸੀਵਰੇਜ ਟਰੀਟਮੈਂਟ ਪਲਾਂਟ (ਐੱਸ. ਟੀ. ਪੀ.) ਲਾਏ ਗਏ ਹਨ। ਸੈਦੋ ਭੁਲਾਣਾ ਵਿਚ ਐੱਸ. ਟੀ. ਪੀ. ਇੰਸਟਾਲੇਸ਼ਨ ਦਾ ਕੰਮ ਚੱਲ ਰਿਹਾ ਹੈ।

23 ਸਾਲ ਪਹਿਲਾਂ ਅਸੰਭਵ ਜਾਪਦਾ ਸੀ ਪਵਿੱਤਰ ਵੇਈਂ ਦੀ ਸਫ਼ਾਈ ਦਾ ਸ਼ੁਰੂ ਕੀਤਾ ਕਾਰਜ, ਹੁਣ ਧਾਰੇਗਾ ਹਕੀਕਤ ਦਾ ਰੂਪ

ਪੰਜਾਬ ’ਚ 165 ਕਿਲੋਮੀਟਰ ਲੰਬੀ ਪਵਿੱਤਰ ਕਾਲੀ ਵੇਈਂ ਨੂੰ ਸਾਫ਼ ਕਰਨ ਦਾ ਮਿਸ਼ਨ, ਜੋ ਤਕਰੀਬਨ 23 ਸਾਲ ਪਹਿਲਾਂ ਅਸੰਭਵ ਜਾਪਦਾ ਸੀ, ਜਲਦ ਹੀ ਹਕੀਕਤ ਦਾ ਰੂਪ ਧਾਰਨ ਕਰਨ ਜਾ ਰਿਹਾ ਹੈ। ਸਾਲ 2000 ’ਚ ਸੀਚੇਵਾਲ ਵੱਲੋਂ ਸ਼ੁਰੂ ਕੀਤੇ ਗਏ ਇਸ ਦੇ ਪਾਣੀ ਨੂੰ ਸਾਫ਼ ਕਰਨ ਦੇ ਮਿਸ਼ਨ ਤੋਂ ਪਹਿਲਾਂ ਇਹ ਵੇਈਂ ਡਰੇਨ ’ਚ ਤਬਦੀਲ ਹੋ ਗਈ ਸੀ ਅਤੇ ਸ਼ਹਿਰਾਂ ਅਤੇ ਪਿੰਡਾਂ ਦਾ ਗੰਦਾ ਪਾਣੀ ਇਸ ਵਿਚ ਛੱਡਿਆ ਜਾ ਰਿਹਾ ਸੀ।

47 ਪਿੰਡਾਂ ਦਾ ਪੈ ਰਿਹਾ ਸੀ ਗੰਦਾ ਪਾਣੀ

165 ਕਿਲੋਮੀਟਰ ਲੰਬੀ ਵੇਈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧਨੋਆ ਤੋਂ ਨਿਕਲਦੀ ਹੈ ਅਤੇ ਸੁਲਤਾਨਪੁਰ ਲੋਧੀ, ਕਪੂਰਥਲਾ ਦੇ ਪਿੰਡ ਫੱਤੇਵਾਲ ਨੇਡ਼ੇ ਬਿਆਸ ਦਰਿਆ ਵਿਚ ਜਾ ਕੇ ਮਿਲਦੀ ਹੈ। ਪਹਿਲਾਂ ਕਾਲੀ ਵੇਈਂ ਦੇ ਕੰਢੇ ਵਸੇ 47 ਪਿੰਡਾਂ ਦਾ ਗੰਦਾ ਪਾਣੀ ਇਸ ’ਚ ਪੈ ਰਿਹਾ ਸੀ। ‘ਸੀਚੇਵਾਲ ਮਾਡਲ’ ਦੀ ਮਦਦ ਨਾਲ 39 ਪਿੰਡਾਂ ਦੇ ਗੰਦੇ ਛੱਪੜਾਂ ਦੀ ਸਫ਼ਾਈ ਕੀਤੀ ਗਈ ਹੈ। ਲੋਕਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਦੇਵ ਜੀ ਕਾਲੀ ਵੇਈਂ ਦੇ ਕੰਢੇ ਸੁਲਤਾਨਪੁਰ ਲੋਧੀ ਵਿਖੇ 14 ਸਾਲ ਠਹਿਰੇ ਸਨ ਅਤੇ ਉਨ੍ਹਾਂ ਨੇ ਇਸ ਵਿਚ ਇਸ਼ਨਾਨ ਕਰਨ ਤੋਂ ਬਾਅਦ ਗਿਆਨ ਪ੍ਰਾਪਤ ਕੀਤਾ ਸੀ।

2006 ’ਚ ਮਰਹੂਮ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੇ ਵੀ ਕੀਤਾ ਸੀ ਦੌਰਾ

ਸੀਚੇਵਾਲ ਨੇ ਲੋਕਾਂ ਦੇ ਸਹਿਯੋਗ ਨਾਲ ਵੇਈਂ ਦੀ ਸਫ਼ਾਈ ਦੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਯਤਨਾਂ ਨੂੰ ਵਿਆਪਕ ਤੌਰ ’ਤੇ ਮਾਨਤਾ ਮਿਲੀ ਅਤੇ ਮਰਹੂਮ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੇ ਸੰਚ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਕੀਤੀ ਜਾ ਰਹੀ ਸਾਫ-ਸਫਾਈ ਦੀ ਸੇਵਾ ਦੀ ਸ਼ਲਾਘਾ ਕੀਤੀ। 2006 ਵਿਚ ਉਨ੍ਹਾਂ ਦੇ ਕੰਮ ਨੂੰ ਦੇਖਣ ਲਈ ਇਥੇ ਉਨ੍ਹਾਂ ਦੇ ਪਿੰਡ ਦਾ ਦੌਰਾ ਕੀਤਾ।

ਵਾਹਿਗੁਰੂ ’ਤੇ ਸੀ ਪੂਰਾ ਭਰੋਸਾ ਤਾਂ ਹੀ ਸਾਰੀਆਂ ਮੁਸ਼ਕਲਾਂ ਹੋਈਆਂ ਦੂਰ : ਸੰਤ ਸੀਚੇਵਾਲ

ਪਵਿੱਤਰ ਕਾਲੀ ਵੇਈਂ ਨੂੰ ਸਾਫ-ਸੁਥਰਾ ਰੱਖਣ ਵਾਸਤੇ ਪਹਿਲਾਂ ਆਈਆਂ ਮੁਸ਼ਕਲਾਂ ਸੰਬੰਧੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਦੋਂ ਕੁਦਰਤ ਤੁਹਾਡੇ ਨਾਲ ਹੋਵੇ ਤਾਂ ਸਾਰੀਆਂ ਮੁਸ਼ਕਲਾਂ ਆਪਣੇ-ਆਪ ਹੀ ਦੂਰ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ’ਤੇ ਪੂਰਾ ਭਰੋਸਾ ਸੀ ਤੇ ਉਸਦੇ ਨਾਲ ਹੀ ਬਾਬੇ ਨਾਨਕ ਦੀ ਇਸ ਪਵਿੱਤਰ ਵੇਈਂ ਨੂੰ ਉਸਦੀ ਅਸਲੀ ਪਛਾਣ ਮਿਲੀ ਹੈ ਤੇ 550 ਸਾਲਾ ਗੁਰਪੁਰਬ ਤੋਂ ਬਾਅਦ ਸੰਗਤਾਂ ਦੀ ਆਮਦ ’ਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਗੁਰੂ ਦਾ ਕਾਰਜ ਸੀ ਤੇ ਵਾਹਿਗੁਰੂ ਨੇ ਵੀ ਪੂਰੀ ਕ੍ਰਿਪਾ ਕੀਤੀ ਤੇ ਹਰ ਧਰਮ ਦੇ ਲੋਕਾਂ ਨੇ ਇਸ ਵੇਈਂ ਨੂੰ ਸਾਫ ਕਰਨ ’ਚ ਮਦਦ ਕੀਤੀ। ਇਹ ਬਾਬੇ ਨਾਨਕ ਨੂੰ ਚਾਹੁਣ ਵਾਲਿਆਂ ਦੀ ਵੱਡੀ ਪ੍ਰਾਪਤੀ ਹੈ ਤੇ ਪ੍ਰਾਪਤੀ ਉਸ ਸਮੇਂ ਹੁੰਦੀ ਹੈ, ਜਦੋਂ ਮਾਲਕ ਕ੍ਰਿਪਾ ਕਰਨ, ਵਾਹਿਗੁਰੂ ਸਾਥ ਦੇਣ।

ਜਿਹੜਾ ਕੰਮ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੇ ਕਰ ਦਿਖਾਇਆ

ਦੱਸ ਦੇਈਏ ਕਿ 165 ਕਿਲੋਮੀਟਰ ਲੰਬੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਕਾਲੀ ਵੇਈਂ ਦੀ ਸਾਫ-ਸਫਾਈ ਪਿਛਲੀਆਂ ਸਰਕਾਰਾਂ ਨਹੀਂ ਕਰਵਾ ਸਕੀਆਂ, ਉਹ ਕਾਰਜ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੇ ਕਰ ਦਿਖਾਇਆ ਹੈ, ਜੋ ਬਹੁਤ ਵੱਡੀ ਗੱਲ ਹੈ। ਇਸ ਤੋਂ ਪਿਛਲੇ ਸਮੇਂ ਸੱਤਾ ’ਤੇ ਬਿਰਾਜਮਾਨ ਰਹਿ ਚੁੱਕੀਆਂ ਸਰਕਾਰਾਂ ਨੂੰ ਸਬਕ ਸਿੱਖਣ ਦੀ ਲੋੜ ਹੈ।

ਸ਼ੁਰੂ-ਸ਼ੁਰੂ ਵਿਚ ਜਦੋਂ ਇਹ ਕਾਰਜ ਸ਼ੁਰੂ ਹੋਇਆ ਸੀ ਤਾਂ ਇਹ ਕੰਮ ਪਹਾੜ ਜਿੰਨਾ ਸੀ, ਸੰਤ ਸੀਚੇਵਾਲ, ਉਨ੍ਹਾਂ ਦੇ ਸੇਵਾਦਾਰਾਂ ਤੇ ਸੰਗਤਾਂ ਨੇ ਵਹਿਗੁਰੂ ਜਾ ਜਾਪ ਕਰਦਿਆਂ ਪਵਿੱਤਰ ਕਾਲੀ ਵੇਈਂ ਦੀ ਸਾਫ-ਸਫਾਈ ਦੀ ਸੇਵਾ ਲਈ ਦਿਨ-ਰਾਤ ਇਕ ਕਰ ਦਿੱਤਾ, ਜਿਸ ਦਾ ਨਤੀਜਾ ਜਲਦ ਸਾਹਮਣੇ ਆਉਣ ਵਾਲਾ ਹੀ ਹੈ।


Manoj

Content Editor

Related News