ਮੀਂਹ ''ਚ ਸਿਟੀ ਸਟੇਸ਼ਨ ਦੀਆਂ ਸ਼ੈੱਡਾਂ ਤੋਂ ਝਰਨਿਆਂ ਵਾਂਗ ਵਗਦਾ ਰਿਹਾ ਪਾਣੀ

08/20/2019 5:21:57 PM

ਜਲੰਧਰ (ਗੁਲਸ਼ਨ) : ਸੋਮਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਨਾਲ ਸ਼ਹਿਰ 'ਚ ਹੜ੍ਹ ਵਰਗੇ ਹਾਲਾਤ ਬਣ ਗਏ। ਉਥੇ ਹੀ ਸਿਟੀ ਰੇਲਵੇ ਸਟੇਸ਼ਨ ਵੀ ਪਾਣੀ-ਪਾਣੀ ਹੋ ਗਿਆ। ਰੇਲਵੇ ਸਟੇਸ਼ਨ ਦੇ ਅੰਦਰ-ਬਾਹਰ ਹਰ ਜਗ੍ਹਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਪਲੇਟਫਾਰਮਾਂ ਦੀਆਂ ਸ਼ੈੱਡਾਂ ਤੋਂ ਝਰਨਿਆਂ ਦੀ ਤਰ੍ਹਾਂ ਪਾਣੀ ਵਗਦਾ ਰਿਹਾ, ਜਿਸ ਕਾਰਣ ਹੇਠਾਂ ਪਿਆ ਸਾਮਾਨ ਭਿੱਜਦਾ ਰਿਹਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡੀ. ਆਰ. ਐੱਮ. ਰਾਜੇਸ਼ ਅੱਗਰਵਾਲ ਜਦੋਂ ਸਿਟੀ ਰੇਲਵੇ ਸਟੇਸ਼ਨ 'ਤੇ ਜਾਂਚ ਕਰਨ ਪੁੱਜੇ ਤਾਂ ਉਸ ਸਮੇਂ ਵੀ ਬਾਰਿਸ਼ ਬਹੁਤ ਤੇਜ਼ ਸੀ ਅਤੇ ਕਈ ਜਗ੍ਹਾ ਤੋਂ ਸ਼ੈੱਡਾਂ ਤੋਂ ਪਾਣੀ ਟਪਕ ਰਿਹਾ ਸੀ, ਜਿਸ ਦਾ ਉਨ੍ਹਾਂ ਨੇ ਸਖਤ ਨੋਟਿਸ ਲਿਆ ਅਤੇ ਤੁਰੰਤ ਇਸ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ। ਡੀ. ਆਰ. ਐੱਮ. ਦੇ ਨਿਰਦੇਸ਼ਾਂ ਤੋਂ ਬਾਅਦ ਸ਼ੈੱਡਾਂ ਨੂੰ ਰਿਪੇਅਰ ਕਰਨ ਦਾ ਕੰਮ ਵੀ ਕੀਤਾ ਗਿਆ ਪਰ ਸੋਮਵਾਰ ਨੂੰ ਬਾਰਿਸ਼ ਨੇ ਇਕ ਵਾਰ ਫਿਰ ਪੋਲ ਖੋਲ੍ਹ ਕੇ ਰੱਖ ਦਿੱਤੀ। ਬਾਰਿਸ਼ 'ਚ ਸ਼ੈੱਡਾਂ ਦੇ ਨਾਲ ਲੱਗੇ ਪੱਖੇ, ਟਿਊਬਾਂ ਅਤੇ ਵਾਈ. ਫਾਈ. ਦੀ ਸਮੱਗਰੀ ਵੀ ਭਿੱਜਦੀ ਰਹੀ।

PunjabKesari

ਰੇਲ ਟ੍ਰੈਕ ਤੋਂ ਇਲਾਵਾ ਟਿਕਟ ਕਾਊਂਟਰਾਂ ਕੋਲ ਵੀ ਕਾਫੀ ਪਾਣੀ ਖੜ੍ਹਾ ਰਿਹਾ। ਸਟੇਸ਼ਨ ਦੇ ਐਂਟਰੀ ਗੇਟ ਦੇ ਸਾਹਮਣੇ ਵੀ ਕਾਫੀ ਪਾਣੀ ਜਮ੍ਹਾ ਰਿਹਾ, ਜਿਸ ਨਾਲ ਸਟੇਸ਼ਨ 'ਤੇ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕੁਝ ਯਾਤਰੀ ਆਪਣੇ ਬੂਟ ਹੱਥਾਂ 'ਚ ਲੈ ਕੇ ਪਾਣੀ 'ਚੋਂ ਗੁਜ਼ਰਦੇ ਦੇਖੇ ਗਏ। ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ 'ਚ ਸਟੇਸ਼ਨ 'ਤੇ ਸਫਾਈ ਸਰਵੇਖਣ ਅਧੀਨ ਸਰਵੇ ਹੋਣ ਜਾ ਰਿਹਾ ਹੈ, ਜਿਸ ਦੇ ਆਧਾਰ 'ਤੇ ਸਟੇਸ਼ਨ ਨੂੰ ਰੈਂਕਿੰਗ ਮਿਲੇਗੀ। ਸਿਟੀ ਸਟੇਸ਼ਨ ਨੂੰ ਚੰਗਾ ਰੈਂਕ ਦਿਲਵਾਉਣ ਲਈ ਜੀ. ਐੱਮ. ਤੋਂ ਲੈ ਕੇ ਡੀ. ਆਰ. ਐੱਮ. ਤੱਕ ਕਾਫੀ ਮਿਹਨਤ ਕਰ ਰਹੇ ਹਨ ਪਰ ਜੇਕਰ ਅਜਿਹੇ ਹਾਲਾਤਾਂ 'ਚ ਟੀਮ ਸਰਵੇ ਕਰਨ ਆ ਗਈ ਤਾਂ ਅਧਿਕਾਰੀਆਂ ਦੀ ਸਾਰੀ ਮਿਹਨਤ ਬੇਕਾਰ ਹੋ ਕੇ ਰਹਿ ਜਾਵੇਗੀ।


Anuradha

Content Editor

Related News