ਸਿਟੀ ਰੇਲਵੇ ਸਟੇਸ਼ਨ ’ਤੇ ਵੱਡਾ ਹਾਦਸਾ, 2 ਬੱਚਿਆਂ ਦੀ ਮਾਂ ਨੇ ਰੇਲ ਇੰਜਣ ਦੇ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
Thursday, Apr 13, 2023 - 04:17 PM (IST)
ਜਲੰਧਰ (ਗੁਲਸ਼ਨ)– ਸਿਟੀ ਰੇਲਵੇ ਸਟੇਸ਼ਨ ’ਤੇ ਉਸ ਸਮੇਂ ਵੱਡਾ ਹਾਦਸਾ ਹੋ ਗਿਆ, ਜਦੋਂ ਪਲੇਟਫਾਰਮ ਨੰਬਰ 2 ’ਤੇ ਰੇਲ ਇੰਜਣ ਦੇ ਅੱਗੇ ਛਾਲ ਮਾਲ ਕੇ ਇਕ ਔਰਤ ਨੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕਾ ਦੀ ਪਛਾਣ ਸੁਮਨ (35) ਪਤਨੀ ਸੋਨੂੰ ਵਾਸੀ ਬਲਦੇਵ ਨਗਰ ਵਜੋਂ ਹੋਈ। ਉਸ ਦੇ 2 ਬੱਚੇ (12 ਸਾਲ ਦਾ ਲੜਕਾ ਅਤੇ ਦੋ ਸਾਲ ਦੀ ਲੜਕੀ) ਹਨ। ਦੱਸਿਆ ਜਾ ਰਿਹਾ ਹੈ ਕਿ ਸੁਮਨ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ।
ਜਾਣਕਾਰੀ ਮੁਤਾਬਕ ਅੰਬਾਲਾ ਪੈਸੰਜਰ ਅੰਮ੍ਰਿਤਸਰ ਤੋਂ ਚੱਲ ਕੇ ਸ਼ਾਮ ਲਗਭਗ 4 ਵਜੇ ਸਿਟੀ ਰੇਲਵੇ ਸਟੇਸ਼ਨ ਪਹੁੰਚੀ। ਆਪਣੇ ਨਿਰਧਾਰਿਤ ਸਟਾਪੇਜ ਤੋਂ ਬਾਅਦ ਟਰੇਨ ਜਦੋਂ ਲੁਧਿਆਣਾ ਵੱਲ ਰਵਾਨਾ ਹੋਣ ਲੱਗੀ ਤਾਂ ਅਚਾਨਕ ਇਕ ਔਰਤ ਨੇ ਟਰੇਨ ਦੇ ਅੱਗੇ ਛਾਲ ਮਾਰ ਦਿੱਤੀ। ਟਰੇਨ ਦੇ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾਈ ਪਰ ਫਿਰ ਵੀ ਉਹ ਟਰੇਨ ਦੀ ਲਪੇਟ ਵਿਚ ਆ ਗਈ। ਲੋਕੋ ਪਾਇਲਟ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਸਨੇ ਟਰੇਨ ਚਲਾਈ ਤਾਂ ਉਕਤ ਔਰਤ ਟਰੇਨ ਦੇ ਨਾਲ-ਨਾਲ ਚੱਲਣ ਲੱਗੀ। ਟਰੇਨ ਅਜੇ ਥੋੜ੍ਹਾ ਹੀ ਅੱਗੇ ਗਈ ਸੀ ਕਿ ਔਰਤ ਨੇ ਦੌੜ ਕੇ ਅੱਗੇ ਛਾਲ ਲਗਾ ਦਿੱਤੀ। ਇਹ ਦ੍ਰਿਸ਼ ਵੇਖ ਕੇ ਲੋਕੋ ਪਾਇਲਟ ਅਤੇ ਪਲੇਟਫਾਰਮ ’ਤੇ ਖੜ੍ਹੇ ਲੋਕ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ : ਰਾਹੋਂ 'ਚ ਰੂਹ ਕੰਬਾਊ ਹਾਦਸਾ, 35 ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ, 8 ਸਾਲਾ ਬੱਚੀ ਦੀ ਮੌਤ
ਸੂਚਨਾ ਮਿਲਣ ’ਤੇ ਜੀ. ਆਰ. ਪੀ. ਦੇ ਏ. ਐੱਸ. ਆਈ. ਹੀਰਾ ਸਿੰਘ, ਆਰ. ਪੀ. ਐੱਫ਼. ਦੇ ਏ. ਐੱਸ. ਆਈ. ਅਨਿਲ ਕੁਮਾਰ ਸਮੇਤ ਹੋਰ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਤੋਂ ਬਾਅਦ ਲਾਸ਼ ਨੂੰ ਰੇਲ ਲਾਈਨਾਂ ਤੋਂ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ। ਉਥੇ ਹੀ, ਦੂਜੇ ਪਾਸੇ ਥਾਣਾ ਜੀ. ਆਰ. ਪੀ. ਵਿਚ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਏ. ਐੱਸ. ਆਈ. ਹੀਰਾ ਸਿੰਘ ਨੇ ਕਿਹਾ ਕਿ ਕੱਲ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਹਾਦਸੇ ਤੋਂ ਬਾਅਦ ਸੁਮਨ ਦੀ ਸੱਸ ਅਤੇ ਹੋਰ ਔਰਤਾਂ ਵੀ ਸਟੇਸ਼ਨ ਪਹੁੰਚੀਆਂ
ਹਾਦਸੇ ਤੋਂ ਕੁਝ ਦੇਰ ਬਾਅਦ ਮ੍ਰਿਤਕਾ ਦੀ ਸੱਸ ਮੇਲੋ ਅਤੇ ਹੋਰ ਔਰਤਾਂ ਵੀ ਸਟੇਸ਼ਨ ਪਹੁੰਚ ਗਈਆਂ। ਰੇਲ ਲਾਈਨਾਂ ਵਿਚ ਨੂੰਹ ਦੀ ਲਾਸ਼ ਦੇਖ ਕੇ ਉਨ੍ਹਾਂ ਨੇ ਚਿੱਲਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁਝ ਦੇਰ ਪਹਿਲਾਂ ਹੀ ਸੁਮਨ ਘਰੋਂ 20 ਰੁਪਏ ਲੈ ਕੇ ਨਿਕਲੀ ਸੀ ਪਰ ਪਤਾ ਨਹੀਂ ਕਿਥੇ ਚਲੀ ਗਈ। ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੋਣ ਕਾਰਨ ਉਹ ਅਕਸਰ ਊਟ-ਪਟਾਂਗ ਗੱਲਾਂ ਕਰਦੀ ਰਹਿੰਦੀ ਸੀ। ਉਸ ਨੂੰ ਲੱਭਦੇ ਹੋਏ ਹੀ ਉਹ ਸਟੇਸ਼ਨ ਪਹੁੰਚੇ। ਲੋਕਾਂ ਨੂੰ ਇਕੱਠਾ ਹੋਇਆ ਦੇਖ ਕੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ : ਵਿਸਾਖੀ ਮੌਕੇ ਘਰ 'ਚ ਛਾਇਆ ਮਾਤਮ, ਮੋਰਿੰਡਾ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ 2 ਸਕੇ ਭਰਾਵਾਂ ਦੀ ਮੌਤ