ਨਵੇਂ ਕਮਿਸ਼ਨਰ ਦੇ ਸਾਹਮਣੇ ਵੀ ਚੈਲੇਂਜ ਬਣਿਆ ਸ਼ਹਿਰ ਦਾ ਕੂੜਾ, ਭਲਕੇ ਤੋਂ ਲਿਫਟਿੰਗ ਦਾ ਕੰਮ ਬੰਦ ਕਰ ਸਕਦੇ ਨੇ ਠੇਕੇਦਾਰ

Monday, Feb 19, 2024 - 11:10 AM (IST)

ਨਵੇਂ ਕਮਿਸ਼ਨਰ ਦੇ ਸਾਹਮਣੇ ਵੀ ਚੈਲੇਂਜ ਬਣਿਆ ਸ਼ਹਿਰ ਦਾ ਕੂੜਾ, ਭਲਕੇ ਤੋਂ ਲਿਫਟਿੰਗ ਦਾ ਕੰਮ ਬੰਦ ਕਰ ਸਕਦੇ ਨੇ ਠੇਕੇਦਾਰ

ਜਲੰਧਰ (ਖੁਰਾਣਾ)-ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਅਤੇ ਸਮਾਰਟ ਸਿਟੀ ਮਿਸ਼ਨ ਤਹਿਤ ਕਰੋੜਾਂ-ਅਰਬਾਂ ਰੁਪਏ ਦੀ ਗ੍ਰਾਂਟ ਆਉਣ ਦੇ ਬਾਵਜੂਦ ਅਜੇ ਤਕ ਜਲੰਧਰ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੋਇਆ। ਜਲੰਧਰ ਨਗਰ ਨਿਗਮ ਦੀ ਗੱਲ ਕਰੀਏ ਤਾਂ ਨਿਗਮ ਕਈ ਸਾਲਾਂ ਤੋਂ ਸ਼ਹਿਰ ਦਾ ਕੂੜਾ ਇਕ ਥਾਂ ਤੋਂ ਇਕੱਠਾ ਕਰਕੇ ਦੂਜੀ ਥਾਂ ’ਤੇ ਸੁੱਟਣ ਦਾ ਕੰਮ ਕਰ ਰਿਹਾ ਹੈ, ਜਿਸ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਨਿਗਮ ਕੋਲ ਜਿੱਥੇ ਸੈਨੀਟੇਸ਼ਨ ਵਿਵਸਥਾ ਦੇ ਨਾਂ ’ਤੇ ਅਣਗਿਣਤ ਵਾਹਨ ਹਨ, ਉਥੇ ਹੀ ਨਗਰ ਨਿਗਮ ਕੂੜਾ ਚੁੱਕਣ ਲਈ ਪ੍ਰਾਈਵੇਟ ਠੇਕੇਦਾਰਾਂ ਦੀਆਂ ਸੇਵਾਵਾਂ ਵੀ ਲੈਂਦਾ ਹੈ। ਇਸ ਕੰਮ ’ਤੇ ਲੰਮੇ ਸਮੇਂ ਤੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।

ਹੁਣ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਸਾਹਮਣੇ ਸ਼ਹਿਰ ਦਾ ਕੂੜਾ ਇਕ ਚੈਲੇਂਜ ਬਣ ਗਿਆ ਹੈ। ਪਤਾ ਲੱਗਾ ਹੈ ਕਿ ਸ਼ਹਿਰ ਦੀ ਸਾਫ਼-ਸਫ਼ਾਈ ਵਿਚ ਲੱਗੇ ਦੋਵੇਂ ਪ੍ਰਾਈਵੇਟ ਠੇਕੇਦਾਰ ਇਸ ਮੰਗਲਵਾਰ ਤੋਂ ਸ਼ਹਿਰ ਵਿਚੋਂ ਕੂੜੇ ਦੀ ਲਿਫਟਿੰਗ ਦਾ ਕੰਮ ਬੰਦ ਕਰ ਸਕਦੇ ਹਨ। ਦੱਸਣਯੋਗ ਹੈ ਕਿ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਇਸੇ ਹਫ਼ਤੇ ਸ਼ਹਿਰ ਵਿਚ ਸ਼ੁਰੂ ਹੋਣ ਜਾ ਰਹੇ ਹਨ ਅਤੇ ਵਿਸ਼ਾਲ ਸ਼ੋਭਾ ਯਾਤਰੀ ਵੀ ਨਿਕਲਣੀ ਹੈ, ਅਜਿਹੇ ’ਚ ਇਹ ਚੈਲੇਂਜ ਕਾਫ਼ੀ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਇਨ੍ਹਾਂ ਠੇਕੇਦਾਰਾਂ ਵੱਲੋਂ 35 ਟਰੈਕਟਰ-ਟਰਾਲੀਆਂ ਰਾਹੀਂ ਪੂਰੇ ਸ਼ਹਿਰ ਦਾ ਕੂੜਾ ਚੁੱਕਿਆ ਜਾ ਰਿਹਾ ਹੈ ਅਤੇ 6-7 ਵੱਡੇ ਡੰਪ ਸਥਾਨਾਂ ਦਾ ਕੂੜਾ ਵੀ ਇਨ੍ਹਾਂ ਠੇਕੇਦਾਰਾਂ ਦੇ ਟਿੱਪਰ ਚੁੱਕਦੇ ਹਨ, ਜਿਨ੍ਹਾਂ ਵਿਚ ਰਾਮਾ ਮੰਡੀ, ਰੇਡੀਓ ਸਟੇਸ਼ਨ ਡੰਪ, ਮਾਡਲ ਟਾਊਨ ਡੰਪ, ਜੋਤੀ ਨਗਰ ਡੰਪ, ਫੋਲੜੀਵਾਲ ਡੰਪ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ: ਕਾਰਜਕਾਰੀ DGP ਦੀਆਂ ਨਿਯੁਕਤੀਆਂ ’ਤੇ ਕੇਂਦਰ ਨੇ ਪੰਜਾਬ ਸਣੇ 7 ਸੂਬਿਆਂ ਨੂੰ ਭੇਜਿਆ ਪੱਤਰ, ਦਿੱਤੀ ਇਹ ਸਲਾਹ

ਇਨ੍ਹਾਂ ਠੇਕੇਦਾਰਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਅਧਿਕਾਰੀਆਂ ਨੂੰ ਮੰਗ-ਪੱਤਰ ਦੇ ਚੁੱਕੇ ਹਨ ਅਤੇ ਗੱਲਬਾਤ ਵੀ ਕਰ ਚੁੱਕੇ ਹਨ ਪਰ ਨਾ ਤਾਂ ਉਨ੍ਹਾਂ ਨੂੰ ਅਦਾਇਗੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਕੀਤੇ ਕੰਮਾਂ ਸਬੰਧੀ ਫਾਈਲਾਂ ਨੂੰ ਕਲੀਅਰ ਕੀਤਾ ਜਾ ਰਿਹਾ ਹੈ। ਨਵੇਂ ਟੈਂਡਰ ਲਾਉਣ ਵਿਚ ਵੀ ਦੇਰੀ ਕੀਤੀ ਜਾ ਰਹੀ ਹੈ ਅਤੇ ਟੈਂਡਰ ਵੀ ਥੋੜ੍ਹੇ ਸਮੇਂ ਲਈ ਜਾਰੀ ਕੀਤੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਨਵੇਂ ਕਮਿਸ਼ਨਰ ਗੌਤਮ ਜੈਨ ਇਸ ਸਮੱਸਿਆ ਨਾਲ ਕਿਵੇਂ ਨਜਿੱਠਦੇ ਹਨ ਕਿਉਂਕਿ ਜੇਕਰ ਆਉਣ ਵਾਲੇ ਦਿਨਾਂ ’ਚ ਸ਼ਹਿਰ ’ਚੋਂ ਕੂੜਾ ਨਾ ਚੁੱਕਿਆ ਗਿਆ ਤਾਂ ਸਫ਼ਾਈ ਦੇ ਹਾਲਾਤ ਬਹੁਤ ਵਿਗੜ ਸਕਦੇ ਹਨ, ਜੋ ਆਉਣ ਵਾਲੀਆਂ ਚੋਣਾਂ ’ਚ ਸੱਤਾਧਾਰੀ ਧਿਰ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ।

ਯੂਨੀਅਨਾਂ ਦੀਆਂ ਮੰਗਾਂ ਵੀ ਅਧੂਰੀਆਂ, ਆ ਸਕਦੀ ਹੈ ਹੜਤਾਲ ਦੀ ਨੌਬਤ
ਨਗਰ ਨਿਗਮ ਦੀਆਂ ਯੂਨੀਅਨਾਂ ਨਾਲ ਸਬੰਧਤ ਆਗੂ ਲੰਮੇ ਸਮੇਂ ਤੋਂ ਸਫ਼ਾਈ ਕਰਮਚਾਰੀਆਂ ਦੀ ਪੱਕੀ ਭਰਤੀ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਇਸ ’ਤੇ ਕੋਈ ਫ਼ੈਸਲਾ ਨਹੀਂ ਲੈ ਰਹੀ। ਆਉਣ ਵਾਲੇ ਸਮੇਂ ਵਿਚ ਇਸ ਮੰਗ ਨੂੰ ਲੈ ਕੇ ਵੀ ਰੋਸ ਪੈਦਾ ਹੋ ਸਕਦਾ ਹੈ। ਸ਼ਹਿਰ ਦੀ ਸਫ਼ਾਈ ਵਿਵਸਥਾ ਵੀ ਲਗਾਤਾਰ ਵਿਗੜ ਰਹੀ ਹੈ, ਜਿਸ ਕਾਰਨ ਮਾਡਲ ਟਾਊਨ ਡੰਪ, ਫੋਲੜੀਵਾਲ ਡੰਪ ਅਤੇ ਜੋਤੀ ਨਗਰ ਡੰਪ ਨੂੰ ਲੈ ਕੇ ਜਨ-ਅੰਦੋਲਨ ਤਕ ਹੋਏ। ਫੋਲੜੀਵਾਲ ਦਾ ਮਾਮਲਾ ਅਜੇ ਵੀ ਕਾਫੀ ਭਖਿਆ ਹੋਇਆ ਹੈ। ਅੱਜ ਵੀ ਸਿਰਫ਼ ਸ਼ਹਿਰ ਦੇ ਅੰਦਰ ਡੰਪ ਸਥਾਨ ਨਾ ਸਿਰਫ਼ ਸਾਰਾ ਦਿਨ ਭਰੇ ਰਹਿੰਦੇ ਹਨ, ਸਗੋਂ ਮੇਨ ਸੜਕਾਂ ’ਤੇ ਵੀ ਕੂੜੇ ਦੇ ਢੇਰ ਆਮ ਦੇਖੇ ਜਾ ਸਕਦੇ ਹਨ। ਇਸੇ ਕਾਰਨ ਪਿਛਲੇ ਸਾਲਾਂ ਦੌਰਾਨ ਸਵੱਛਤਾ ਸਰਵੇਖਣ ਵਿਚ ਜਲੰਧਰ ਨਿਗਮ ਦੀ ਰੈਂਕਿੰਗ ਲਗਾਤਾਰ ਡਿਗਦੀ ਜਾ ਰਹੀ ਹੈ। ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੀ ਨਿਗਮ ਦੀ ਕਾਰਗੁਜ਼ਾਰੀ ਤੋਂ ਕਾਫ਼ੀ ਨਾਰਾਜ਼ ਹਨ। ਨਿਗਮ ਤੋਂ ਅਜੇ ਤਕ ਵਰਿਆਣਾ ਡੰਪ ਦੀ ਸਮੱਸਿਆ ਦਾ ਵੀ ਕੋਈ ਹੱਲ ਨਹੀਂ ਹੋ ਸਕਿਆ ਅਤੇ ਕੂੜੇ ਨੂੰ ਮੈਨੇਜ ਕਰਨ ਲਈ ਬਾਇਓ-ਮਾਈਨਿੰਗ ਪਲਾਂਟ ਲਾਉਣ ਦੇ ਨਾਂ ’ਤੇ ਵੀ ਕੁਝ ਨਹੀਂ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ: 10ਵੀਂ ਦਾ ਪੇਪਰ ਦੇਣ ਮਗਰੋਂ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਮਚਿਆ ਚੀਕ-ਚਿਹਾੜਾ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News