...ਜਦੋਂ 5 ਸਾਲਾ ਬੱਚੀ 10 ਘੰਟੇ ਤੱਕ ਰਹੀ ਗਾਇਬ

Friday, Aug 17, 2018 - 12:58 PM (IST)

...ਜਦੋਂ 5 ਸਾਲਾ ਬੱਚੀ 10 ਘੰਟੇ ਤੱਕ ਰਹੀ ਗਾਇਬ

ਲੋਹੀਆਂ ਖਾਸ, (ਮਨਜੀਤ)—ਅੱਜ ਬਾਅਦ ਦੁਪਹਿਰ ਇਕ-ਡੇਢ ਵਜੇ ਦੇ ਕਰੀਬ ਇਕ 5 ਸਾਲਾ ਬੱਚੀ ਦੇ ਅਗਵਾ ਹੋਣ ਦੀ ਖ਼ਬਰ ਨਾਲ ਜਿਥੇ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਬਣ ਗਿਆ, ਉਥੇ ਪੁਲਸ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਜਾਣਕਾਰੀ ਦਿੰਦਿਆਂ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਤੀ ਚਿੰਤਪੁਰਨੀ ਮਾਤਾ ਦੇ ਗਿਆ ਹੋਇਆ ਸੀ। ਉਸ ਦਾ ਜੇਠ ਸੋਮਨਾਥ ਉਰਫ ਨੱਥਾ ਇਕ ਨਿੱਜੀ ਸਕੂਲ 'ਚ ਪਹਿਲੀ ਜਮਾਤ ਵਿਚ ਪੜ੍ਹਦੀ ਮੇਰੀ ਪੁੱਤਰੀ ਨੂੰ ਛੁੱਟੀ ਸਮੇਂ ਲੈਣ ਚਲਾ ਗਿਆ। ਉਹ 3 ਕੁ ਵਜੇ ਘਰ ਆਇਆ ਤਾਂ ਮੈਂ ਕਿਹਾ ਕਿ ਸਿਮਰਨ ਕਿੱਥੇ ਹੈ ਤਾਂ ਕਹਿੰਦਾ ਕਿ ਬਾਹਰ ਖੇਡਦੀ ਹੋਊ, ਆ ਜਾਵੇਗੀ। ਮੈਂ ਮਾਤਾ ਦੇ ਦਰਬਾਰ ਜਾ ਰਿਹਾ ਹਾਂ। ਜਦੋਂ ਕਾਫੀ ਦੇਰ ਤੱਕ ਬੱਚੀ ਵਾਪਸ ਨਹੀਂ ਆਈ ਤਾਂ ਅਸੀਂ ਪੁਲਸ ਨੂੰ ਸੂਚਿਤ ਕਰ ਦਿੱਤਾ।

ਕੀ ਕਿਹਾ ਸਕੂਲ ਦੀ ਪ੍ਰਿੰਸੀਪਲ ਨੇ?
ਇਸ ਬਾਰੇ ਨਿੱਜੀ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਸਵਾ ਕੁ ਇਕ ਵਜੇ ਬੱਚੀ ਦਾ ਤਾਇਆ ਉਸ ਨੂੰ ਸਕੂਲੋਂ ਲੈ ਗਿਆ ਸੀ। ਪਹਿਲਾਂ ਵੀ ਲੜਕੀ ਦੀ ਦਾਦੀ ਜਾਂ ਤਾਇਆ ਹੀ ਉਸ ਨੂੰ ਲੈ ਕੇ ਜਾਂਦੇ ਸਨ। ਰੋਜ਼ਾਨਾ ਵਾਂਗ ਅੱਜ ਵੀ ਲੜਕੀ ਦਾ ਤਾਇਆ ਆ ਕੇ ਬੱਚੀ ਨੂੰ ਲੈ ਗਿਆ।

ਦੂਜੇ ਪਾਸੇ ਬੱਚੀ ਦੇ ਅਗਵਾ ਹੋਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਏ. ਐੱਸ. ਆਈ. ਗੁਰਦੇਵ ਸਿੰਘ ਤੇ ਬਲਵੀਰ ਸਿੰਘ ਨੇ ਪੁਲਸ ਮੁਲਾਜ਼ਮਾਂ ਨਾਲ ਤਫਤੀਸ਼ ਕਰਦਿਆਂ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਪਰ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਜਦਕਿ ਸੋਸ਼ਲ ਮੀਡੀਆ 'ਤੇ ਵੀ ਬੱਚੀ ਦੇ ਅਗਵਾ ਹੋਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਦੁਪਹਿਰ ਤੋਂ ਰਾਤ ਹੋ ਗਈ ਪਰ ਬੱਚੀ ਦਾ ਕੋਈ ਪਤਾ ਨਾ ਲੱਗਾ ਪਰ ਪੁਲਸ ਤਫਤੀਸ਼ ਵਿਚ ਲੱਗੀ ਹੋਈ ਸੀ ਕਿ ਰਾਤ ਦੇ 9 ਕੁ ਵਜੇ ਸਥਾਨਕ ਇਕ ਪੀਰਾਂ ਦੀ ਦਰਗਾਹ 'ਤੇ ਬੱਚੀ ਸਿਮਰਨ ਤੇ ਉਸ ਦੇ ਤਾਏ ਨੂੰ ਕੁਝ ਵਿਅਕਤੀਆਂ ਨੇ ਮੱਥਾ ਟੇਕਣ ਆਇਆਂ ਨੂੰ ਦੇਖਿਆ ਤੇ ਪੁਲਸ ਨੂੰ ਸੂਚਨਾ ਦੇ ਦਿੱਤੀ, ਜਿਸ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਬੱਚੀ ਤੇ ਉਸ ਦੇ ਤਾਏ ਨੂੰ ਥਾਣੇ ਲੈ ਗਈ। ਪੁਲਸ ਨੇ ਬੱਚੀ ਨੂੰ ਤਾਂ ਮਾਪਿਆਂ ਦੇ ਹਵਾਲੇ ਕਰ ਦਿੱਤਾ ਪਰ ਸ਼ੱਕ ਦੇ ਆਧਾਰ 'ਤੇ ਬੱਚੀ ਦੇ ਤਾਏ ਸੋਮਨਾਥ ਉਰਫ ਨੱਥੇ ਨੂੰ ਹਿਰਾਸਤ 'ਚ ਰੱਖ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਕਿ ਆਖਿਰ ਬੱਚੀ ਨੂੰ 10 ਘੰਟੇ ਦੇ ਕਰੀਬ ਕਿਥੇ ਰੱਖਿਆ ਗਿਆ?
ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਸਾਰੇ ਘਟਨਾਕ੍ਰਮ ਨੂੰ ਧਿਆਨ ਵਿਚ ਰੱਖਦੇ ਹੋਏ ਤਫਤੀਸ਼ ਕਰ ਰਹੀ ਹੈ ਕਿ ਮਾਮਲਾ ਕੀ ਹੈ।


Related News