ਚੰਨੀ ਨੇ ਮੌਸਮ ਦੀ ਖ਼ਰਾਬੀ ਕਾਰਨ ਸੰਸਦ ਮੈਂਬਰ, ਮੰਤਰੀ ਤੇ ਵਿਧਾਇਕਾਂ ਨੂੰ ਸੌਂਪੀ ਸੀ ਉਦਘਾਟਨ ਪ੍ਰੋਗਰਾਮਾਂ ਦੀ ਕਮਾਨ

Saturday, Dec 18, 2021 - 04:49 PM (IST)

ਚੰਨੀ ਨੇ ਮੌਸਮ ਦੀ ਖ਼ਰਾਬੀ ਕਾਰਨ ਸੰਸਦ ਮੈਂਬਰ, ਮੰਤਰੀ ਤੇ ਵਿਧਾਇਕਾਂ ਨੂੰ ਸੌਂਪੀ ਸੀ ਉਦਘਾਟਨ ਪ੍ਰੋਗਰਾਮਾਂ ਦੀ ਕਮਾਨ

ਜਲੰਧਰ (ਚੋਪੜਾ)– ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਤਾਪਪੁਰਾ ਮੰਡੀ ਵਿਚ ਰੈਲੀ ਦੀ ਸਮਾਪਤੀ ਉਪਰੰਤ ਵੈਸਟ ਹਲਕੇ ਵਿਚ 3 ਪ੍ਰਾਜੈਕਟਾਂ ਦਾ ਉਦਘਾਟਨ ਕਰਨਾ ਸੀ ਪਰ ਰੈਲੀ ਦੀ ਸਮਾਪਤੀ ਦੇਰੀ ਨਾਲ ਹੋਣ ਅਤੇ ਮੌਸਮ ਵਿਚ ਆ ਰਹੀ ਖ਼ਰਾਬੀ ਨੂੰ ਵੇਖਦਿਆਂ ਮੁੱਖ ਮੰਤਰੀ ਨੇ ਇਨ੍ਹਾਂ ਪ੍ਰੋਗਰਾਮਾਂ ਦੇ ਉਦਘਾਟਨ ਦੀ ਕਮਾਨ ਕੈਬਨਿਟ ਮੰਤਰੀ ਪਰਗਟ ਸਿੰਘ, ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਵਿਧਾਇਕ ਸੁਸ਼ੀਲ ਰਿੰਕੂ ਦੇ ਹੱਥਾਂ ਵਿਚ ਸੌਂਪ ਦਿੱਤੀ। ਉਪਰੰਤ ਉਹ ਰੈਲੀ ਨੇੜੇ ਏਕਲਵਯ ਸਕੂਲ ਵਿਚ ਬਣਾਏ ਅਸਥਾਈ ਹੈਲੀਪੈਡ ਤੋਂ ਚੰਡੀਗੜ੍ਹ ਨੂੰ ਰਵਾਨਾ ਹੋ ਗਏ ਸਨ। ਵਰਣਨਯੋਗ ਹੈ ਕਿ ਜੇਕਰ ਸਰਦੀ ਦੇ ਮੌਸਮ ਵਿਚ ਧੁੰਦ ਵੱਧ ਜਾਂਦੀ ਤਾਂ ਮੁੱਖ ਮੰਤਰੀ ਦਾ ਹੈਲੀਕਾਪਟਰ ਵਡਾਲਾ ਵਿਚ ਬਣਾਏ ਦੂਜੇ ਅਸਥਾਈ ਹੈਲੀਪੈਡ ਤੋਂ ਸ਼ਾਇਦ ਉਡਾਣ ਨਾ ਭਰ ਪਾਉਂਦਾ।

ਇਹ ਵੀ ਪੜ੍ਹੋ: ਸਮਾਣਾ ’ਚ ਬੋਲੇ ਸੁਖਬੀਰ ਬਾਦਲ, ਨਰੇਗਾ ਦੀ ਜਾਂਚ ਤੋਂ ਬਾਅਦ 90 ਫ਼ੀਸਦੀ ਕਾਂਗਰਸੀ ਸਰਪੰਚ ਹੋਣਗੇ ਅੰਦਰ

PunjabKesari

ਮੁੱਖ ਮੰਤਰੀ ਦੇ ਵਾਪਸ ਮੁੜਨ ਤੋਂ ਬਾਅਦ ਕੈਬਨਿਟ ਮੰਤਰੀ ਪਰਗਟ ਸਿੰਘ, ਸੰਸਦ ਮੈਂਬਰ ਸੰਤੋਖ ਚੌਧਰੀ, ਹਲਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਸਥਾਨਕ ਬੂਟਾ ਮੰਡੀ ਵਿਚ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਜਨਤਾ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਕਾਲਜ ਦੀ ਸਥਾਪਨਾ ਨਾਲ ਜਲੰਧਰ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਦੇ ਹੋਰ ਵੀ ਮੌਕੇ ਮੁਹੱਈਆ ਹੋਣਗੇ। ਵਿਧਾਇਕ ਰਿੰਕੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 11.46 ਕਰੋੜ ਦੀ ਲਾਗਤ ਨਾਲ ਇਸ ਕਾਲਜ ਦਾ ਨਿਰਮਾਣ ਕੀਤਾ ਗਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਇਹ ਸੰਸਥਾ ਲੋੜਵੰਦਾਂ ਅਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਨਾ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਡਾ. ਬੀ. ਆਰ. ਅੰਬੇਡਕਰ ਦੇ ਨਾਂ ’ਤੇ ਕਾਲਜ ਦਾ ਨਾਂ ਰੱਖਣਾ ਸੰਵਿਧਾਨ ਦੇ ਨਿਰਮਾਤਾ ਨੂੰ ਸਹੀ ਸ਼ਰਧਾਂਜਲੀ ਹੋਵੇਗੀ।

ਇਹ ਵੀ ਪੜ੍ਹੋ:  ਧੀ ਨੂੰ ਮੈਸੇਜ ਭੇਜ ਮਾਂ ਨੇ ਲਾਇਆ ਮੌਤ ਨੂੰ ਗਲੇ, ਰਿਕਾਰਡਿੰਗ ਸੁਣ ਪੁੱਤ ਬੋਲਿਆ, ਮੈਨੂੰ ਰਿਕਾਰਡਿੰਗ ਭੇਜੀ ਹੁੰਦੀ ਤਾਂ..

PunjabKesari

ਉਪਰੰਤ ਕੈਬਨਿਟ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਸੁਸ਼ੀਲ ਰਿੰਕੂ ਨੇ 2.71 ਕਰੋੜ ਰੁਪਏ ਦੀ ਲਾਗਤ ਨਾਲ ਬਸਤੀ ਦਾਨਿਸ਼ਮੰਦਾਂ ਵਿਚ ਬਣਨ ਵਾਲੇ ਸਤਿਗੁਰੂ ਕਬੀਰ ਭਵਨ ਦਾ ਨੀਂਹ ਪੱਥਰ ਵੀ ਰੱਖਿਆ। ਵਿਧਾਇਕ ਰਿੰਕੂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਸਤਿਗੁਰੂ ਕਬੀਰ ਭਵਨ ਦਾ ਨਿਰਮਾਣ ਕਰਵਾਇਆ ਜਾਵੇ, ਜਿਸ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਬਸਤੀ ਦਾਨਿਸ਼ਮੰਦਾਂ ਵਿਚ ਸਟਾਰਮ ਵਾਟਰ ਸੀਵਰ ਵਿਵਸਥਾ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਲਗਭਗ 21 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਵਿਧਾਇਕ ਰਿੰਕੂ ਨੇ ਦੱਸਿਆ ਕਿ ਇਹ ਵਿਵਸਥਾ ਇਲਾਕੇ ਵਿਚ ਲੰਮੇ ਸਮੇਂ ਤੋਂ ਚਲੀ ਆ ਰਹੀ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦੇਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ, ਅਚਾਰੀਆ ਰਾਜੇਸ਼ ਭਗਤ, ਅਚਾਰੀਆ ਜਗਦੀਸ਼, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਕੌਂਸਲਰ ਤਰਸੇਮ ਲਖੋਤਰਾ, ਕੌਂਸਲਰ ਓਂਕਾਰ ਰਾਜੀਵ ਟਿੱਕਾ, ਕੌਂਸਲਰ ਜਗਦੀਸ਼ ਸਮਰਾਏ, ਐਡੀਸ਼ਨਲ ਡਿਪਟੀ ਕਮਿਸ਼ਨਰ (ਜ) ਅਮਰਜੀਤ ਸਿੰਘ ਬੈਂਸ, ਪੁੱਡਾ ਦੇ ਏ. ਸੀ. ਏ. ਰਾਜੀਵ ਵਰਮਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ:  ਸੁਨੀਲ ਜਾਖੜ ਦੀ CM ਚੰਨੀ-ਸਿੱਧੂ ਜੋੜੀ ਨੂੰ ਨਸੀਹਤ, ਪੰਜਾਬ ਕਾਂਗਰਸ ਦੇ ਭਵਿੱਖ ਲਈ ਹੋਣ ਇਕਜੁੱਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News