ਕੋਰ ਕਟਿੰਗ ਤਕਨੀਕ ਨਾਲ ਹੋ ਰਹੀ ਸ਼ਹਿਰ ’ਚ ਨਵੀਆਂ ਬਣੀਆਂ ਸੜਕਾਂ ਦੀ ਚੈਕਿੰਗ, ਨਿਗਮ ਠੇਕੇਦਾਰਾਂ ’ਚ ਘਬਰਾਹਟ

05/26/2024 11:47:01 AM

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਵਿਚ ਪਿਛਲੇ ਲੰਮੇ ਸਮੇਂ ਤੋਂ ਠੇਕੇਦਾਰਾਂ ਅਤੇ ਨਿਗਮ ਅਧਿਕਾਰੀਆਂ ਵਿਚਕਾਰ ਇਕ ਨੈਕਸਸ ਜਿਹਾ ਬਣਿਆ ਹੋਇਆ ਹੈ। ਅਕਾਲੀ-ਭਾਜਪਾ ਸਰਕਾਰ ਅਤੇ ਉਸ ਤੋਂ ਬਾਅਦ ਆਈ ਕਾਂਗਰਸ ਸਰਕਾਰ ਦੌਰਾਨ ਇਹ ਨੈਕਸਸ ਕਾਫ਼ੀ ਮਜ਼ਬੂਤ ਹੋ ਗਿਆ ਸੀ ਪਰ ਸਵਾ 2 ਸਾਲ ਪਹਿਲਾਂ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵੀ ਇਹ ਨੈਕਸਸ ਟੁੱਟਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਨਗਰ ਨਿਗਮ ਵਿਚ ਜਿੱਥੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਉਥੇ ਹੀ ਸ਼ਹਿਰ ਵਿਚ ਧੜੱਲੇ ਨਾਲ ਘਟੀਆ ਮਟੀਰੀਅਲ ਵਰਤ ਕੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

ਸ਼ਹਿਰ ਵਿਚ ਬਣੀਆਂ ਅਜਿਹੀਆਂ ਦਰਜਨਾਂ ਸੜਕਾਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਜੋ ਬਣਨ ਦੇ ਕੁਝ ਮਹੀਨਿਆਂ ਜਾਂ 1-2 ਸਾਲ ਅੰਦਰ ਹੀ ਟੁੱਟ ਗਈਆਂ। ਜਲੰਧਰ ਨਗਰ ਨਿਗਮ ਦੀ ਗੱਲ ਕਰੀਏ ਤਾਂ ਇਸ ਵੱਲੋਂ ਹਰ ਸਾਲ ਸੜਕਾਂ ਦੇ ਨਿਰਮਾਣ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਫਿਰ ਵੀ ਜਲੰਧਰ ਦੀਆਂ ਵਧੇਰੇ ਸੜਕਾਂ ਟੁੱਟੀਆਂ ਹੀ ਨਜ਼ਰ ਆਉਂਦੀਆਂ ਹਨ। ਅਜਿਹੀ ਸਥਿਤੀ ਦਾ ਕਾਰਨ ਠੇਕੇਦਾਰਾਂ ਅਤੇ ਨਿਗਮ ਦੇ ਅਫ਼ਸਰਾਂ ਵਿਚਕਾਰ ਬਣਿਆ ਨੈਕਸਸ ਹੀ ਹੈ। ਜਿਹੜੇ ਅਫ਼ਸਰਾਂ ਦੀ ਡਿਊਟੀ ਸੜਕਾਂ ਵਧੀਆ ਮਟੀਰੀਅਲ ਨਾਲ ਬਣਵਾਉਣ ਦੀ ਹੁੰਦੀ ਹੈ, ਉਹ ਕਦੀ ਸਾਈਟ ’ਤੇ ਜਾਂਦੇ ਹੀ ਨਹੀਂ। ਇਸ ਕਾਰਨ ਠੇਕੇਦਾਰ ਦੀ ਲੇਬਰ ਮਨਮਨਰਜ਼ੀ ਨਾਲ ਕੰਮ ਕਰਦੀ ਹੈ ਅਤੇ ਸੜਕ ਬਣਾਉਣ ਤੋਂ ਬਾਅਦ ਲਿਫਾਫੇ ਦੇ ਕੇ ਬਿੱਲ ਪਾਸ ਕਰਵਾ ਲਏ ਜਾਂਦੇ ਹਨ।

ਇਹ ਵੀ ਪੜ੍ਹੋ- ਪੰਜਾਬ ’ਚ ਆਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਰਾਹੁਲ ਗਾਂਧੀ ਮੁਆਫ਼ੀ ਕਿਉਂ ਨਹੀਂ ਮੰਗ ਰਹੇ : ਤਰੁਣ ਚੁੱਘ

PunjabKesari

ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਵਿਕਾਸ ਕਾਰਜਾਂ ਦੀ ਜਾਂਚ ਲਈ ਜੋ ਥਰਡ ਪਾਰਟੀ ਏਜੰਸੀ ਨਿਯੁਕਤ ਕੀਤੀ ਹੋਈ ਸੀ, ਉਸਦੀ ਪਰਫਾਰਮੈਂਸ ਵੀ ਜ਼ਿਆਦਾ ਵਧੀਆ ਨਹੀਂ ਰਹੀ, ਜਿਸ ਕਾਰਨ ਠੇਕੇਦਾਰਾਂ ਨੇ ਜੰਮ ਕੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ। ਪਿਛਲੇ ਸਮੇਂ ਦੌਰਾਨ ਘਟੀਆ ਢੰਗ ਨਾਲ ਬਣੀਆਂ ਸੜਕਾਂ ਦੀ ਥਰਡ ਪਾਰਟੀ ਨੇ ਕੀ ਚੈਕਿੰਗ ਕੀਤੀ, ਇਸਦੀ ਜੇਕਰ ਜਾਂਚ ਕਰਵਾ ਲਈ ਜਾਵੇ ਤਾਂ ਇਕ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।

ਹੁਣ ਸ਼੍ਰੀਖੰਡੇ ਕੰਪਨੀ ਨੇ ਤੇਜ਼ੀ ਨਾਲ ਸ਼ੁਰੂ ਕੀਤਾ ਹੋਇਐ ਕੰਮ
ਪਿਛਲੇ ਸਾਲਾਂ ਦੌਰਾਨ ਜਲੰਧਰ ਨਿਗਮ ਵਿਚ ਜੰਮ ਕੇ ਹੋਏ ਘਟੀਆ ਕੰਮਾਂ ਕਾਰਨ ਪੰਜਾਬ ਸਰਕਾਰ ਕੋਲ ਕਈ ਸ਼ਿਕਾਇਤਾਂ ਪਹੁੰਚੀਆਂ, ਜਿਸ ਤੋਂ ਬਾਅਦ ਸਰਕਾਰ ਨੇ ਨਗਰ ਨਿਗਮਾਂ ਵਿਚ ਹੋ ਰਹੇ ਵਿਕਾਸ ਕਾਰਜਾਂ ਦੀ ਚੈਕਿੰਗ ਕਰਨ ਵਾਲੀ ਥਰਡ ਪਾਰਟੀ ਏਜੰਸੀ ਨੂੰ ਬਦਲ ਦਿੱਤਾ ਹੈ। ਜਲੰਧਰ ਵਿਚ ਮਹਾਰਾਸ਼ਟਰ ਦੀ ਕੰਪਨੀ ਸ਼੍ਰੀਖੰਡੇ ਨੂੰ ਇਹ ਜ਼ਿੰਮੇਵਾਰੀ ਅਲਾਟ ਕੀਤੀ ਗਈ ਹੈ ਕਿ ਉਹ 10 ਲੱਖ ਰੁਪਏ ਤੋਂ ਵੱਧ ਦੇ ਹੋਣ ਵਾਲੇ ਵਿਕਾਸ ਕਾਰਜਾਂ ਦੀ ਚੈਕਿੰਗ ਕਰ ਕੇ ਆਪਣੀ ਰਿਪੋਰਟ ਦੇਣ ਅਤੇ ਉਸ ਰਿਪੋਰਟ ਦੇ ਬਾਅਦ ਹੀ ਠੇਕੇਦਾਰ ਦੇ ਸਬੰਧਤ ਬਿੱਲ ਪਾਸ ਹੋਣਗੇ। ਪਤਾ ਲੱਗਾ ਹੈ ਕਿ ਸ਼੍ਰੀਖੰਡੇ ਕੰਪਨੀ ਦੀ ਟੀਮ ਨੇ ਇਨ੍ਹੀਂ ਦਿਨੀਂ ਜਲੰਧਰ ਵਿਚ ਚੱਲ ਰਹੇ ਅਤੇ ਹੋ ਚੁੱਕੇ ਵਿਕਾਸ ਕਾਰਜਾਂ ਦੀ ਚੈਕਿੰਗ ਦਾ ਕੰਮ ਤੇਜ਼ੀ ਨਾਲ ਜਾਰੀ ਰੱਖਿਆ ਹੋਇਆ ਹੈ। ਪਤਾ ਲੱਗਾ ਹੈ ਕਿ ਇਸ ਟੀਮ ਦੇ ਮੈਂਬਰਾਂ ਨੇ ਜਿਥੇ ਪਿਛਲੇ ਦਿਨੀਂ ਆਦਰਸ਼ ਨਗਰ ਅਤੇ ਨੇੜਲੇ ਇਲਾਕੇ ਵਿਚ ਜਾ ਕੇ ਵਿਕਾਸ ਕਾਰਜਾਂ ਦੇ ਸੈਂਪਲ ਲਏ, ਉਥੇ ਹੀ ਇਸ ਟੀਮ ਨੇ ਜਗ੍ਹਾ-ਜਗ੍ਹਾ ਨਵੀਆਂ ਸੜਕਾਂ ਦੀ ਚੈਕਿੰਗ ਦਾ ਕੰਮ ਕੋਰ ਕਟਿੰਗ ਤਕਨੀਕ ਨਾਲ ਸ਼ੁਰੂ ਕੀਤਾ ਹੋਇਆ ਹੈ। ਇਸ ਤਕਨੀਕ ਨਾਲ ਨਵੀਂ ਬਣੀ ਸੜਕ ਦੇ ਗੋਲ ਹਿੱਸੇ ਨੂੰ ਇਕ ਮਸ਼ੀਨ ਨਾਲ ਕੱਢ ਲਿਆ ਜਾਂਦਾ ਹੈ, ਜਿਸ ਨਾਲ ਸੜਕ ਦੇ ਉੱਪਰਲੇ ਅਤੇ ਅੰਦਰੂਨੀ ਮਟੀਰੀਅਲ ਦਾ ਪੂਰਾ ਹਿੱਸਾ ਸੈਂਪਲ ਦੇ ਰੂਪ ਵਿਚ ਆ ਜਾਂਦਾ ਹੈ। ਪਤਾ ਲੱਗਾ ਹੈ ਕਿ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਦੇ ਘਰ ਨੂੰ ਜਾਂਦੀ ਸੜਕ, ਜਿਸ ਨੂੰ ਹਾਲ ਹੀ ਵਿਚ ਨਗਰ ਨਿਗਮ ਵੱਲੋਂ ਨਵਾਂ ਬਣਾਇਆ ਗਿਆ ਹੈ, ਦੀ ਚੈਕਿੰਗ ਵੀ ਕੋਰ ਕਟਿੰਗ ਤਕਨੀਕ ਨਾਲ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਅਫ਼ਸਰਾਂ ਨੂੰ ਕਹਿਣ ਲੱਗੇ ਠੇਕੇਦਾਰ, ਅਪਰੋਚ ਕਰੋ ਕੰਪਨੀ ਨੂੰ
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਸ ਸਮੇਂ ਜਲੰਧਰ ਨਿਗਮ ਵਿਚ ਕੰਮ ਕਰਦੇ ਨਿਗਮ ਦੇ ਠੇਕੇਦਾਰਾਂ ਦੇ ਵ੍ਹਟਸਐਪ ਗਰੁੱਪ ਵਿਚ ਸ਼੍ਰੀਖੰਡੇ ਕੰਪਨੀ ਦੀ ਚੈਕਿੰਗ ਨੂੰ ਲੈ ਕੇ ਹੀ ਚਰਚਾ ਚੱਲ ਰਹੀ ਹੈ। ਪਿਛਲੇ ਸਮੇਂ ਦੌਰਾਨ ਜਿਹੜੇ ਠੇਕੇਦਾਰਾਂ ਨੇ ਸ਼ਹਿਰ ਵਿਚ ਕੰਮ ਕੀਤਾ ਹੈ, ਉਨ੍ਹਾਂ ਵਿਚ ਹੁਣ ਇਸ ਗੱਲ ਨੂੰ ਲੈ ਕੇ ਘਬਰਾਹਟ ਪਾਈ ਜਾ ਰਹੀ ਹੈ ਕਿ ਸ਼੍ਰੀਖੰਡੇ ਕੰਪਨੀ ਦੀ ਟੀਮ ਤੈਅਸ਼ੁਦਾ ਨਿਯਮਾਂ ਦੇ ਹਿਸਾਬ ਨਾਲ ਹੀ ਚੈਕਿੰਗ ਕਰ ਰਹੀ ਹੈ, ਜਿਸ ਕਾਰਨ ਕਈ ਸੈਂਪਲ ਫੇਲ ਸਾਬਤ ਹੋ ਰਹੇ ਹਨ।

ਪਤਾ ਲੱਗਾ ਹੈ ਕਿ ਸ਼੍ਰੀਖੰਡੇ ਟੀਮ ਦੀ ਚੈਕਿੰਗ ਨੂੰ ਲੈ ਕੇ ਨਿਗਮ ਦੇ ਠੇਕੇਦਾਰਾਂ ਵਿਚਕਾਰ ਮੀਟਿੰਗਾਂ ਦੇ ਕਈ ਦੌਰ ਚੱਲ ਚੁੱਕੇ ਹਨ ਅਤੇ ਹੁਣ ਠੇਕੇਦਾਰਾਂ ਨੇ ਨਿਗਮ ਅਫ਼ਸਰਾਂ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਸ਼੍ਰੀਖੰਡੇ ਕੰਪਨੀ ਦੀ ਟੀਮ ਨੂੰ ਅਪਰੋਚ ਕਰਨ। ਠੇਕੇਦਾਰਾਂ ਦਾ ਕਹਿਣਾ ਹੈ ਕਿ ਉਹ ਹਰ ਲੈਵਲ ਦੇ ਅਫ਼ਸਰ ਨੂੰ ਨਿਸ਼ਚਿਤ ਕਮੀਸ਼ਨ ਅਦਾ ਕਰਦੇ ਹਨ। ਇਸਦੇ ਬਾਵਜੂਦ ਜੇਕਰ ਉਨ੍ਹਾਂ ਦੇ ਸੈਂਪਲ ਚੈਕਿੰਗ ਦੌਰਾਨ ਫੇਲ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਕੰਮ ਕਰਨ ਜਾਂ ਅਫ਼ਸਰ ਨਾਲ ਸੈਟਿੰਗ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ। ਹੁਣ ਵੇਖਣਾ ਹੈ ਕਿ ਨਗਰ ਨਿਗਮ ਦੇ ਅਫ਼ਸਰ ਸ਼੍ਰੀਖੰਡੇ ਟੀਮ ਨੂੰ ਮੈਨੇਜ ਕਰ ਪਾਉਂਦੇ ਹਨ ਜਾਂ ਇਸ ਕਾਰਨ ਅਫ਼ਸਰਾਂ ਅਤੇ ਠੇਕੇਦਾਰਾਂ ਵਿਚਕਾਰ ਬਣੀ ਹੋਈ ਸੈਟਿੰਗ ਟੁੱਟ ਜਾਵੇਗੀ।

ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News