ਵਿਜੇ ਦਕੋਹਾ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਚਰਨਜੀਤ ਸਿੰਘ ਚੰਨੀ

Sunday, Jun 30, 2024 - 05:11 PM (IST)

ਜਲੰਧਰ (ਮਹੇਸ਼)–ਬਾਬਾ ਬੁੱਢਾ ਜੀ ਐਨਕਲੇਵ ਦਕੋਹਾ ਵਿਚ ਆਪਣੀ ਖ਼ਰੀਦੀ ਹੋਈ ਪ੍ਰਾਪਰਟੀ ’ਤੇ ਮਕਾਨ ਬਣਾ ਰਹੇ ਕਾਂਗਰਸ ਦੇ ਸੀਨੀਅਰ ਆਗੂ ਅਤੇ 3 ਵਾਰ ਕੌਂਸਲਰ ਬਣੀ ਬਿਮਲਾ ਰਾਣੀ ਦੇ ਪਤੀ ਵਿਜੇ ਦਕੋਹਾ ਨਾਲ ਨਗਰ ਨਿਗਮ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਗੱਲ ਵਿਜੇ ਦਕੋਹਾ ਦੇ ਪੱਖ ਵਿਚ ਸ਼ੁੱਕਰਵਾਰ ਨੂੰ ਦਕੋਹਾ ਪਹੁੰਚੇ ਪੰਜਾਬ ਦੇ ਸਾਬਕਾ ਸੀ. ਐੱਮ. ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਚੰਨੀ ਨਾਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਿੰਦਰ ਬੇਰੀ, ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਕਾਂਗਰਸ ਦੇ ਬੁਲਾਰੇ ਡਾ. ਨਵਜੋਤ ਸਿੰਘ ਦਹੀਆ, ਮਨਦੀਪ ਕੁਮਾਰ ਜੱਸਲ, ਜਗਦੀਸ਼ ਕੁਮਾਰ ਗੱਗ, ਸੁਨੀਲ ਰਾਜੂ ਦਕੋਹਾ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਸਨ।

ਸਾਬਕਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਵਿਜੇ ਦਕੋਹਾ ਕਾਂਗਰਸ ਦੇ ਪੁਰਾਣੇ ਅਤੇ ਟਕਸਾਲੀ ਆਗੂ ਹਨ, ਜੋਕਿ ਲੋਕਾਂ ਵਿਚ ਆਪਣਾ ਚੰਗਾ ਪ੍ਰਭਾਵ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪਤਨੀ ਬਿਮਲਾ ਰਾਣੀ ਲਗਾਤਾਰ 3 ਵਾਰ ਨਗਰ ਨਿਗਮ ਵਿਚ ਬਤੌਰ ਕੌਂਸਲਰ ਆਪਣੇ ਇਲਾਕੇ ਦੇ ਲੋਕਾਂ ਦੀ ਅਗਵਾਈ ਕਰਦੇ ਆਏ ਹਨ। ਚੰਨੀ ਨੇ ਕਿਹਾ ਕਿ ਵਿਜੇ ਦਕੋਹਾ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਇਨਕਾਰ ਕਰਨ ’ਤੇ ਹੀ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਪ੍ਰਾਪਰਟੀ ’ਤੇ ਉਹ ਮਕਾਨ ਬਣਾ ਕੇ ਰਹਿ ਰਹੇ ਹਨ, ਉਸ ਦੇ ਸਾਰੇ ਦਸਤਾਵੇਜ਼ (ਰਜਿਸਟਰੀ, ਫਰਦਾਂ, ਇੰਤਕਾਲ, ਐੱਨ. ਓ. ਸੀ. ਤੋਂ ਇਲਾਵਾ ਕੋਰਟ ਤੋਂ ਮਿਲੇ ਹੋਏ ਸਟੇਅ ਦੀ ਕਾਪੀ) ਉਨ੍ਹਾਂ ਦੇ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਖ਼ਰੀਦੀ ਗਈ ਇਸ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਇਸ ਲਈ ਖੜ੍ਹਾ ਕੀਤਾ ਗਿਆ ਹੈ ਤਾਂ ਕਿ ਵਿਜੇ ਦਕੋਹਾ ਨੂੰ ‘ਆਪ’ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਹੁਣ ਵ੍ਹਟਸਐੱਪ ’ਤੇ ਵੀ ਦਰਜ ਕਰਵਾ ਸਕੋਗੇ FIR,ਬਦਲੇ ਰਹੇ ਨੇ ਇਹ ਕਾਨੂੰਨ

ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੇਖ ਕੇ ਬਹੁਤ ਹੈਰਾਨੀ ਹੋਈ ਕਿ ਉਕਤ ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਪੂਰੇ ਸ਼ਹਿਰ ਦੀ ਪੁਲਸ ਦਕੋਹਾ ਵਿਚ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਐੱਸ. ਪੀ. ਰੈਂਕ ਦੇ ਅਧਿਕਾਰੀ ਖੁਦ ਮੌਕੇ ’ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਦਬਾਅ ਬਣਾਉਣ ਲਈ ਹੀ ਦਕੋਹਾ ਦੇ ਬਾਬਾ ਬੁੱਢਾ ਜੀ ਐਨਕਲੇਵ ਨੂੰ ਪੁਲਸ ਛਾਉਣੀ ਵਿਚ ਤਬਦੀਲ ਕੀਤਾ ਗਿਆ ਹੈ।

ਸਾਬਕਾ ਸੀ. ਐੱਮ. ਨੇ ਕਿਹਾ ਕਿ ਜੋ ਪਾਰਟੀ ਵਿਜੇ ਦਕੋਹਾ ਦੀ ਪ੍ਰਾਪਰਟੀ ’ਤੇ ਆਪਣਾ ਕਬਜ਼ਾ ਦੱਸ ਰਹੀ ਹੈ, ਉਹ ਅਜੇ ਤਕ ਸਾਹਮਣੇ ਨਹੀਂ ਆਈ ਅਤੇ ਨਿਗਮ ਤੇ ਪੁਲਸ ਹੀ ਦੂਜੀ ਪਾਰਟੀ ਬਣ ਕੇ ਸਾਰਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਆਗੂ ਵਿਜੇ ਦਕੋਹਾ ਨਾਲ ਕੁਝ ਵੀ ਗਲਤ ਹੋਇਆ ਤਾਂ ਕਾਂਗਰਸ ਇਸਦਾ ਸਖ਼ਤ ਨੋਟਿਸ ਲੈਂਦਿਆਂ ਵੱਡੇ ਪੱਧਰ ’ਤੇ ਇਸਦਾ ਵਿਰੋਧ ਕਰੇਗੀ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੰਮ ਰੁਕਵਾਉਣ ਤੋਂ ਪਹਿਲਾਂ ਮਾਣਯੋਗ ਅਦਾਲਤ ਤੋਂ ਆਰਡਰ ਲੈ ਕੇ ਆਉਣ। ਜੋ ਵੀ ਆਰਡਰ ਮਾਣਯੋਗ ਅਦਾਲਤ ਵੱਲੋਂ ਜਾਰੀ ਕੀਤੇ ਜਾਣ, ਉਹ ਉਸਦਾ ਪੂਰਾ ਸਨਮਾਨ ਕਰਨਗੇ। ਵਿਜੇ ਦਕੋਹਾ ਦੇ ਬੇਟੇ ਹਰੀਸ਼ ਮਹਿਮੀ ਹੈਰੀ ਨੇ ਸੰਸਦ ਮੈਂਬਰ ਚੰਨੀ ਨੂੰ ਆਪਣੀ ਕਈ ਸਾਲ ਪਹਿਲਾਂ ਖਰੀਦੀ ਗਈ ਪ੍ਰਾਪਰਟੀ ਦੇ ਕਾਗਜ਼ ਵੀ ਦਿਖਾਏ ਅਤੇ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। 15 ਸਾਲ ਕੌਂਸਲਰ ਰਹੀ ਬਿਮਲਾ ਰਾਣੀ ਦੇ ਪਤੀ ਵਿਜੇ ਦਕੋਹਾ ਨੇ ਕਿਹਾ ਕਿ ਜੇਕਰ ਉਹ ‘ਆਪ’ਵਿਚ ਸ਼ਾਮਲ ਹੋ ਜਾਂਦੇ ਤਾਂ ਫਿਰ ਕਿਸੇ ਨੇ ਉਨ੍ਹਾਂ ਦੀ ਪ੍ਰਾਪਰਟੀ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕਰਨੀ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ। ਭਾਰੀ ਪੁਲਸ ਫੋਰਸ ਲਾ ਕੇ ਉਨ੍ਹਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਗੋਰਾਇਆ 'ਚ ਗੁੰਡਾਗਰਦੀ, ਕਾਂਗਰਸੀ ਆਗੂ ਦੇ ਘਰ ’ਤੇ ਚਲਾਈਆਂ ਗੋਲ਼ੀਆਂ, ਗੱਡੀ ਦੀ ਵੀ ਕੀਤੀ ਭੰਨਤੋੜ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News