ਅੌਰਤ ਨਾਲ ਗਾਲੀ-ਗਲੋਚ ਕਰਨ ਵਾਲੇ 3 ਲੋਕਾਂ ਖਿਲਾਫ਼ ਮਾਮਲਾ ਦਰਜ
Tuesday, Dec 11, 2018 - 03:24 AM (IST)

ਟਾਂਡਾ ਉਡ਼ਮੁਡ਼, (ਪੰਡਿਤ, ਮੋਮੀ)- ਪਿੰਡ ਕਲਿਆਣਪੁਰ ਵਿਖੇ ਜ਼ਮੀਨੀ ਝਗਡ਼ੇ ਵਿਚ ਇਕ ਅੌਰਤ ਨਾਲ ਗਾਲੀ-ਗਲੋਚ ਕਰਨ ਵਾਲੇ ਉਸ ਦੇ ਸ਼ਰੀਕੇ ਵਿਚੋਂ ਲੱਗਦੇ ਜੇਠ-ਜੇਠਾਣੀ ਅਤੇ ਇਕ ਹੋਰ ਵਿਅਕਤੀ ਖਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਸਰਬਜੀਤ ਕੌਰ ਪਤਨੀ ਦਲਜੀਤ ਸਿੰਘ ਨਿਵਾਸੀ ਕਲਿਆਣਪੁਰ ਦੇ ਬਿਆਨ ਦੇ ਆਧਾਰ ’ਤੇ ਗੁਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਕਮਲਜੀਤ ਕੌਰ ਨਿਵਾਸੀ ਕਲਿਆਣਪੁਰ ਅਤੇ ਬਲਵੰਤ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਜੈਦ (ਭੁਲੱਥ) ਖਿਲਾਫ਼ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਉਕਤ ਵਿਅਕਤੀ ਗੁਰਿੰਦਰ ਸਿੰਘ ਨਾਲ ਚੱਲਦੇ ਕੇਸ ਦੀ ਤਰੀਕ ਭੁਗਤਣ ਦਸੂਹਾ ਗਿਆ ਹੋਇਆ ਸੀ। ਪਿੱਛੋਂ ਗੁਰਿੰਦਰ ਸਿੰਘ ਕਿਰਪਾਨ ਫਡ਼ ਕੇ ਗਾਲੀ-ਗਲੋਚ ਕਰਦਾ ਉਨ੍ਹਾਂ ਦੇ ਘਰ ਆ ਗਿਆ ਅਤੇ ਉਸ ਨੂੰ ਦੇਖ ਕੇ ਜਦੋਂ ਉਨ੍ਹਾਂ ਦਾ ਕੁੱਤਾ ਭੌਂਕਿਆ ਤਾਂ ਗੁਰਿੰਦਰ ਸਿੰਘ ਨੇ ਆਪਣੀ ਕਿਰਪਾਨ ਉਸ ਦੇ ਮੂੰਹ ’ਤੇ ਮਾਰੀ। ਬਾਅਦ ਵਿਚ ਗੁਰਿੰਦਰ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ ਅਤੇ ਬਲਵੰਤ ਸਿੰਘ ਉਨ੍ਹਾਂ ਦੀ ਹਵੇਲੀ ਵੱਲ ਉਸ ਨਾਲ ਗਾਲੀ-ਗਲੋਚ ਕਰਦੇ ਚਲੇ ਗਏ ਅਤੇ ਉੱਥੇ ਗੁਰਿੰਦਰ ਸਿੰਘ ਨੇ ਉਨ੍ਹਾਂ ਦੀ ਜਗ੍ਹਾ ਵਿਚ ਗੁੱਜਰਾਂ ਵੱਲੋਂ ਬਣਾਏ ਜਾ ਰਹੇ ਕੁੱਲ ਨੂੰ ਅੱਗ ਲਾ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।