ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲ਼ੀਆਂ, 7 ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ, 1 ਔਰਤ ਸਣੇ 4 ਗ੍ਰਿਫ਼ਤਾਰ

06/28/2024 2:17:55 PM

ਮੇਹਟੀਆਣਾ (ਸੰਜੀਵ)- ਜ਼ਮੀਨੀ ਵਿਵਾਦ ਨੂੰ ਲੈ ਕੇ ਬੀਤੇ ਦਿਨ ਸ਼ਾਮ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਪੰਡੋਰੀ ਬੀਬੀ ਵਿਖੇ ਚੱਲੀਆਂ ਗੋਲ਼ੀਆਂ ਦੇ ਮਾਮਲੇ ਵਿਚ ਵੀਰਵਾਰ ਥਾਣਾ ਮੇਹਟੀਆਣਾ ਵਿਖੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਐੱਸ. ਪੀ. ਪੀ. ਬੀ. ਆਈ. ਮੇਜਰ ਸਿੰਘ, ਡੀ. ਐੱਸ. ਪੀ. ਤਫਤੀਸ਼ ਸ਼ਿਵਦਰਸ਼ਨ ਸਿੰਘ ਸੰਧੂ ਅਤੇ ਥਾਣਾ ਮੁਖੀ ਮੇਹਟੀਆਣਾ ਇੰਸਪੈਕਟਰ ਊਸ਼ਾ ਰਾਣੀ ਨੇ ਦੱਸਿਆ ਕਿ ਪਿੰਡ ਪੰਡੋਰੀ ਬੀਬੀ ਦੇ ਇਕ ਐੱਨ. ਆਰ. ਆਈ. ਕਿਸਾਨ ਕਰਨੈਲ ਸਿੰਘ ਨੇ ਆਪਣੀ ਪੰਡੋਰੀ ਬੀਬੀ ਵਿਖੇ ਸਥਿਤ ਕੁਝ ਜ਼ਮੀਨ ਅਮਰ ਸਿੰਘ ਸਰਪੰਚ ਵਾਸੀ ਪੰਡੋਰੀ ਬੀਬੀ ਨੂੰ ਵਾਹੀ ਕਰਨ ਲਈ ਦਿੱਤੀ ਹੋਈ ਸੀ। ਕਰਨੈਲ ਸਿੰਘ ਦੀ ਮੌਤ ਹੋ ਜਾਣ ਉਪਰੰਤ ਉਸ ਦੀ ਜ਼ਮੀਨ ਉਸ ਦੇ ਪਰਿਵਾਰ ਦੇ ਨਾਂ ਹੋ ਗਈ ਅਤੇ ਸਰਪੰਚ ਨੂੰ ਦਿੱਤੀ ਹੋਈ ਉਸੇ ਜ਼ਮੀਨ ਦੀ ਮਿਆਦ ਵੀ 30 ਮਈ 2024 ਨੂੰ ਖ਼ਤਮ ਹੋ ਚੁੱਕੀ ਸੀ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ: CM ਭਗਵੰਤ ਮਾਨ ਦੇ ਨਾਲ ਪਤਨੀ ਤੇ ਭੈਣ ਵੀ ਚੋਣ ਪ੍ਰਚਾਰ 'ਚ ਡਟੇ

ਕਰਨੈਲ ਸਿੰਘ ਦੇ ਪਰਿਵਾਰ ਵਾਲਿਆਂ ਨੇ ਉਕਤ ਜ਼ਮੀਨ ਮੱਖਣ ਸਿੰਘ ਵਾਸੀ ਪੰਡੋਰੀ ਬੀਬੀ ਨੂੰ ਵੇਚ ਦਿੱਤੀ। ਜ਼ਮੀਨ ਵੇਚਣ ਵਾਲੇ ਪਰਿਵਾਰ ਵੱਲੋਂ ਅਮਰ ਸਿੰਘ ਦੇ ਪਰਿਵਾਰ ਨੂੰ ਇਸ ਸਬੰਧੀ ਜਾਣਕਾਰੀ ਵੀ ਦੇ ਦਿੱਤੀ ਗਈ। ਬੀਤੇ ਦਿਨ ਜਦੋਂ ਮੱਖਣ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਖ਼ਰੀਦੀ ਹੋਈ ਉਸ ਜ਼ਮੀਨ ਨੂੰ ਵਾਹੁਣ ਲਈ ਗਏ ਤਾਂ ਅਮਰ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਉਨ੍ਹਾਂ ਦਾ ਟਕਰਾਅ ਹੋ ਗਿਆ। ਐੱਸ. ਪੀ. ਨੇ ਦੱਸਿਆ ਕਿ ਅਮਰ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਗੋਲ਼ੀਆਂ ਵੀ ਚਲਾਈਆਂ ਗਈਆਂ।

ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਤਫਤੀਸ਼ ਸ਼ਿਵਦਰਸ਼ਨ ਸਿੰਘ ਸੰਧੂ ਅਤੇ ਇੰਸਪੈਕਟਰ ਊਸ਼ਾ ਰਾਣੀ ਘਟਨਾ ਵਾਲੀ ਥਾਂ ਪਹੁੰਚ ਗਏ। ਮੇਹਟੀਆਣਾ ਪੁਲਸ ਨੇ ਇਸ ਮਾਮਲੇ ਵਿਚ 7 ਮੁਲਜ਼ਮਾਂ ਖ਼ਿਲਾਫ਼ ਧਾਰਾ 307,506,148,149 ਅਤੇ 25-27-54,59 ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਇਕ ਔਰਤ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੌਕੇ ਤੋਂ ਪਿਸਤੌਲ, ਗੋਲੀਆਂ ਦੇ ਖੋਲ, ਟਰੈਕਟਰ ਅਤੇ ਕਿਰਪਾਨ ਆਦਿ ਵੀ ਬਰਾਮਦ ਕਰ ਲਏ ਹਨ। ਦੂਜੇ ਪਾਸੇ ਪੁਲਸ ਨੇ ਕਿਹਾ ਹੈ ਕਿ ਅਮਰ ਸਿੰਘ ਸਰਪੰਚ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਹੈ। ਉਸ ਦੀ ਡਾਕਟਰੀ ਰਿਪੋਰਟ ਅਤੇ ਉਸ ਦੇ ਬਿਆਨਾਂ ਮੁਤਾਬਕ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਇੱਟਾਂ ਦੇ ਭੱਠੇ ਦੀ ਅੱਗ 'ਚ ਡਿੱਗਿਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News