ਗੰਨ ਪੁਆਇੰਟ ''ਤੇ ਲੁਟੇਰੇ ਕਾਰ ਲੈ ਕੇ ਫਰਾਰ
Sunday, Aug 18, 2019 - 06:42 PM (IST)

ਲੋਹੀਆਂ ਖਾਸ (ਮਨਜੀਤ)— ਰੇਲਵੇ ਸਟੇਸ਼ਨ ਨੇੜੇ ਪੈਂਦੇ ਐੱਫ. ਸੀ. ਆਈ. ਗੋਦਾਮਾਂ ਕੋਲੋਂ ਕਾਰ 'ਚ ਆਏ ਲੁਟੇਰੇ ਗੰਨ ਪੁਆਇੰਟ 'ਤੇ ਚਾਲਕ ਸਮੇਤ ਕਾਰ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਦਲਬੀਰ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਵਾਰਦਾਤ ਦੀ ਖਬਰ ਮਿਲੀ ਤਾਂ ਉਹ ਖੁਦ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲੁਟੇਰਿਆਂ ਦਾ ਪਿੱਛਾਂ ਕਰਨ ਲਈ ਮਖੂ ਵਾਲੇ ਪਾਸੇ ਗਏ । ਇਸ ਤੋਂ ਬਾਅਦ ਪਤਾ ਲੱਗਾ ਕਿ ਕਾਰ ਚਾਲਕ ਨੂੰ ਲੁਟੇਰੇ ਟੋਲ ਪਲਾਜ਼ਾ ਤੋਂ ਪਹਿਲਾਂ ਹੀ ਕਾਰ 'ਚੋਂ ਹੇਠਾਂ ਸੁੱਟ ਕੇ ਚਲੇ ਗਏ।
ਇਸ ਸਬੰਧੀ ਕਾਰ ਸਵਾਰ ਵਿਸ਼ਾਲ ਪੁੱਤਰ ਸਤਪਾਲ ਵਾਸੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਹ ਕਿਸੇ ਕੰਮ ਲੋਹੀਆਂ ਆਇਆ ਸੀ ਤਾਂ ਦੁਕਾਨ ਲੱਭਦਾ-ਲੱਭਦਾ ਗਡਾਊਨਾਂ ਕੋਲ ਪਹੁੰਚ ਗਿਆ। ਇਸ ਦੌਰਾਨ ਪਿੱਛੋਂ ਆਏ ਗੱਡੀ 'ਚ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਗੰਨ ਦਿਖਾ ਕੇ ਉਸ ਕੋਲੋਂ ਗੱਡੀ ਦੀ ਚਾਬੀ ਖੋਹ ਲਈ। ਇਸ ਤੋਂ ਬਾਅਦ ਕੁੱਟਮਾਰ ਕਰਦਿਆਂ ਉਸ ਨੂੰ ਗੱਡੀ ਵਿਚ ਹੀ ਸੁੱਟ ਕੇ ਨਾਲ ਲੈ ਗਏ ਤੇ ਰਸਤੇ ਵਿਚ ਟੋਲ ਪਲਾਜ਼ਾ ਤੋਂ ਪਹਿਲਾਂ ਕਾਰ 'ਚੋਂ ਬਾਹਰ ਸੁੱਟ ਕੇ ਫਰਾਰ ਹੋ ਗਏ। ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਲੁਟੇਰਿਆਂ ਦੀ ਭਾਲ 'ਚ ਸਤਲੁਜ ਦਰਿਆ ਤੋਂ ਪਾਰ ਮਖੂ ਵੱਲ ਗਈ ਤਾਂ ਜੋਗੇਵਾਲ ਨੇੜੇ ਇਕ ਐਕਸੀਡੈਂਟ ਹੋਈ ਹੁੰਡਾਈ ਕਾਰ ਮਿਲੀ । ਜਿਸ ਨੂੰ ਲੁਟੇਰੇ ਛੱਡ ਕੇ ਖੋਹੀ ਹੋਈ ਆਈ 20 ਕਾਰ ਵਿਚ ਫਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਲੁਟੇਰਿਆਂ ਦੀ ਹਾਦਸਾ ਗ੍ਰਸਤ ਗੱਡੀ ਵੀ ਚੋਰੀ ਦੀ ਸੀ, ਜਿਸ ਨੂੰ ਕਬਜ਼ੇ 'ਚ ਲੈ ਲਿਆ ਹੈ। ਦੂਜੀ ਗੱਡੀ ਦੀ ਭਾਲ ਜਾਰੀ ਹੈ। ਜਲਦ ਹੀ ਮੁਲਜ਼ਮ ਹਿਰਾਸਤ ਵਿਚ ਹੋਣਗੇ।