ਕਾਰ ਡਿਵਾਈਡਰ ਨਾਲ ਟਕਰਾਈ, 1 ਦੀ ਮੌਤ, 3 ਜ਼ਖਮੀ

01/14/2019 6:40:54 AM

ਜਲੰਧਰ,   (ਮਾਹੀ)-   ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਪਿੰਡ  ਸਰਮਸਤਪੁਰ ਨੇੜੇ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ’ਚ ਇਕ ਕਾਰ  ਡਿਵਾਈਡਰ ’ਚ  ਜਾ ਵੱਜੀ, ਜਿਸ ਕਾਰਨ ਇਕ ਦੀ ਮੌਤ ਅਤੇ ਤਿੰਨ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ  ਹੈ। ਇਸ ਦਰਦਨਾਕ ਹਾਦਸੇ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੇ ਥਾਣਾ ਮਕਸੂਦਾਂ  ਦੀ ਪੁਲਸ ਨੂੰ ਦਿੱਤੀ। 
ਸੂਚਨਾ ਮਿਲਦੇ ਹੀ ਡਿਊਟੀ ਅਫਸਰ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਸਮੇਤ  ਪੁਲਸ ਪਾਰਟੀ ਘਟਨਾ ਸਥਾਨ ’ਤੇ ਪਹੁੰਚ ਕੇ ਕਾਰਵਾਈ ਕਰਦਿਆਂ  ਜ਼ਖਮੀਆਂ ਨੂੰ ਨੇੜਲੇ  ਹਸਪਤਾਲ ਦਾਖਲ ਕਰਵਾਇਆ ਅਤੇ ਮ੍ਰਿਤਕ ਨੂੰ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਤੇ  ਹਾਈਵੇ ’ਤੇ  ਖਡ਼੍ਹੀ ਨੁਕਸਾਨੀ ਕਾਰ ਨੂੰ ਸਾਈਡ ’ਤੇ ਕਰਵਾ ਕੇ  ਆਵਾਜਾਈ ਸ਼ੁਰੂ ਕਰਵਾਈ।
ਇਸ  ਘਟਨਾ ਦੀ ਜਾਣਕਾਰੀ ਦਿੰਦੇ ਹੋਏ ਏ. ਐੱਸ.  ਅਾਈ.  ਅੰਗਰੇਜ਼ ਸਿੰਘ ਨੇ ਦੱਸਿਆ ਕਿ ਕਾਰ ਨੰਬਰ  (ਜੇ ਕੇ 11, 7203) ਜੰਮੂ ਤੋਂ ਲੁਧਿਆਣੇ ਕਿਸੇ ਹਸਪਤਾਲ ’ਚ ਦਵਾਈ ਲੈਣ ਜਾ ਰਹੇ ਸਨ।  ਜਦੋਂ ਪਿੰਡ ਸਰਮਸਤਪੁਰ ਕੋਲ ਪਹੁੰਚੇ ਤਾਂ ਕਾਰ ਚਲਾ ਰਹੇ ਚਰਨਦੇਵ ਸਿੰਘ ਨੁੂੰ ਅਚਾਨਕ ਚੱਕਰ  ਅਾ ਗਿਆ, ਜਿਸ ਨਾਲ ਕਾਰ ਬੇਕਾਬੂ ਹੋ ਗਈ ਅਤੇ   ਹਾਈਵੇ ’ਤੇ ਬਣੇ ਡਿਵਾਈਡਰ ’ਚ ਜਾ ਟਕਰਾਈ, ਜਿਸ ਦੌਰਾਨ  ਚਰਨਦੇਵ ਸਿੰਘ (55) ਪੁੱਤਰ ਹੋਸ਼ਨਾਕ ਵਾਸੀ ਮਕਾਨ ਨੰ. 53 ਗਲੀ ਨੰ. 1 ਟਟੋਲੀ ਮੰਗੋਤਰਾ  ਜੰਮੂ ਦੀ ਮੌਕੇ ’ਤੇ ਮੌਤ  ਹੋ ਗਈ ਅਤੇ ਕਾਰ ’ਚ ਬੈਠੀ ਉਸ ਦੀ ਪਤਨੀ ਅਨੀਤਾ ਦੇਵੀ ਤੇ ਉਸ  ਦੀ ਬੇਟੀ ਨਿਧੀ ਅਤੇ  ਭਤੀਜੀ ਰੁੱਧਰਵੀ ਜ਼ਖਮੀ ਹੋ ਗਏ। 
ਉਨ੍ਹਾਂ ਦੱਸਿਆ ਕਿ ਚਰਨਦੇਵ ਸਿੰਘ ਤੇ ਉਸ ਦਾ  ਪਰਿਵਾਰ ਆਪਣੀ ਬੇਟੀ ਨਿਧੀ ਦੀ ਦਵਾਈ ਲੈਣ ਲੁਧਿਆਣਾ ਜਾ ਰਿਹਾ ਸੀ। ਉਨ੍ਹਾਂ ਨੇ  ਦੱਸਿਆ ਕਿ ਚਰਨਦੇਵ ਸਿੰਘ ਦੇ ਭਰਾ ਭੁਪਿੰਦਰ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ  ਕੇ ਲਾਸ਼ ਪੋਸਟਮਾਰਟਮ ਉਪਰੰਤ  ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। 


Related News