ਤੇਜ਼ ਰਫਤਾਰ ਕਾਰ ਨੇ ਮਾਰੀ ਸਾਈਕਲ ਸਵਾਰ ਨੂੰ ਟੱਕਰ, ਮੌਕੇ ''ਤੇ ਮੌਤ
Thursday, Apr 10, 2025 - 06:08 PM (IST)

ਮੁਕੇਰੀਆਂ (ਬਲਬੀਰ) : ਦੇਰ ਰਾਤ ਮੁਕੇਰੀਆਂ ਤੋਂ 2 ਕਿਲੋਮੀਟਰ ਦੂਰ ਨੈਸ਼ਨਲ ਹਾਈਵੇਅ-ਜਲੰਧਰ ਪਠਾਨਕੋਟ ''ਤੇ ਕਾਲਾ ਮੰਜ/ਪੁਵਾਰਾ ਚੌਕ ''ਤੇ ਇੱਕ ਸਵਿਫਟ ਡਿਜ਼ਾਇਰ ਕਾਰ ਦੀ ਟੱਕਰ ਲੱਗਣ ਨਾਲ ਇਕ ਸਾਈਕਲ ਸਵਾਰ ਦੀ ਮੌਕੇ ''ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬਲਦੇਵ ਸਿੰਘ (70) ਪੁੱਤਰ ਗਰਧਾਰੀ ਲਾਲ ਨਿਵਾਸੀ ਭੱਟੀਆਂ ਰਾਜਪੂਤਾ ਦੇ ਪੁੱਤਰ ਨੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਆਮ ਵਾਂਗ ਰਾਧਾ ਸੁਆਮੀ ਸਤਿਸੰਗ ਘਰ ਤਲਵੰਡੀ (ਮੁਕੇਰੀਆਂ) ਵਿਖੇ ਸੇਵਾ ਲਈ ਗਏ ਸਨ।
ਸ਼ਾਮ ਨੂੰ ਸੇਵਾ ਤੋਂ ਬਾਅਦ, ਉਹ ਆਪਣੀ ਸਾਈਕਲ ''ਤੇ ਘਰ ਵਾਪਸ ਆ ਰਹੇ ਸਨ ਤਾਂ ਜਿਵੇਂ ਹੀ ਉਹ ਘਟਨਾ ਵਾਲੀ ਥਾਂ ''ਤੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇਕ ਸਵਿਫਟ ਡਿਜ਼ਾਇਰ ਕਾਰ ਨੰਬਰ (RJ 47 CA-5208), ਜਿਸਨੂੰ ਮੁਕੇਸ਼ ਕੁਮਾਰ ਪੁੱਤਰ ਬਾਬੂ ਰਾਮ, ਵਾਸੀ ਮੋਹਨਪੁਰਾ, ਜੈਪੁਰ (ਰਾਜਸਥਾਨ) ਚਲਾ ਰਿਹਾ ਸੀ, ਨੇ ਮੇਰੇ ਪਿਤਾ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮੇਰੇ ਪਿਤਾ ਸੜਕ ''ਤੇ ਬੁਰੀ ਤਰ੍ਹਾਂ ਡਿੱਗ ਪਏ ਅਤੇ ਮੌਕੇ ''ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ''ਤੇ ਪਹੁੰਚ ਕੇ ਐਂਬੂਲੈਂਸ ਦੀ ਮਦਦ ਨਾਲ ਮ੍ਰਿਤਕ ਨੂੰ ਮੁਕੇਰੀਆਂ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਅਤੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਘਰ ਵਾਲਿਆਂ ਦੇ ਹਵਾਲੇ ਕਰ ਦਿੱਤੀ।