ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਦੇ ਟ੍ਰੈਕ ’ਚ ਲੱਗੇ ਕੈਮਰੇ ਮੀਂਹ ਕਾਰਨ ਰਹੇ ਬੰਦ, ਨਹੀਂ ਬਣੇ ਡਰਾਈਵਿੰਗ ਲਾਇਸੈਂਸ
Friday, Aug 30, 2024 - 02:16 PM (IST)
ਜਲੰਧਰ (ਚੋਪੜਾ)–ਰਿਜਨਲ ਟਰਾਂਸਪੋਰਟ ਅਧਿਕਾਰੀ (ਆਰ. ਟੀ. ਓ.) ਅਧੀਨ ਆਉਂਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ, ਨੇੜੇ ਬੱਸ ਸਟੈਂਡ ਦਾ ਕੰਮਕਾਜ ਬੀਤੇ ਦਿਨ ਸਾਰਾ ਦਿਨ ਪਏ ਮੀਂਹ ਕਾਰਨ ਠੱਪ ਹੋ ਗਿਆ ਅਤੇ ਲਾਇਸੈਂਸ ਬਣਾਉਣ ਲਈ ਟੈਸਟ ਨਹੀਂ ਹੋ ਸਕੇ, ਜਿਸ ਕਾਰਨ ਸੈਂਟਰ ਵਿਚ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਏ ਲਗਭਗ 120 ਬਿਨੈਕਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ।
ਸਵੇਰ ਤੋਂ ਹੀ ਹਲਕੇ-ਤੇਜ਼ ਮੀਂਹ ਕਾਰਨ ਟ੍ਰੈਕ ’ਤੇ ਲੱਗੇ ਕੈਮਰਿਆਂ ਨੂੰ ਆਨ ਨਹੀਂ ਕੀਤਾ ਗਿਆ। ਕੈਮਰੇ ਬੰਦ ਰਹਿਣ ਕਾਰਨ ਆਨਲਾਈਨ ਟੈਸਟ ਵੀ ਪੂਰੀ ਤਰ੍ਹਾਂ ਬੰਦ ਰਿਹਾ, ਜਿਸ ਕਾਰਨ ਸੈਂਟਰ ਵਿਚ ਕਾਰ ਅਤੇ ਦੋਪਹੀਆ ਵਾਹਨਾਂ ਦੇ ਟੈਸਟ ਨਹੀਂ ਲਏ ਗਏ, ਜਦੋਂ ਕਿ ਫੋਟੋ ਕਰਵਾਉਣ ਵਾਲਿਆਂ ਦੀ ਲੰਮੀ ਲਾਈਨ ਲੱਗੀ ਰਹੀ। ਡਰਾਈਵਿੰਗ ਟ੍ਰੈਕ ਦੇ ਕਰਮਚਾਰੀਆਂ ਮੁਤਾਬਕ ਮੀਂਹ ਵਿਚ ਟ੍ਰੈਕ ਦੇ ਸੀ. ਸੀ. ਟੀ. ਵੀ. ਕੈਮਰੇ ਸਹੀ ਢੰਗ ਨਾਲ ਕੰਮ ਨਹੀਂ ਕਰਦੇ, ਜਿਸ ਕਾਰਨ ਬਿਨੈਕਾਰ ਦਾ ਟੈਸਟ ਫੇਲ੍ਹ ਹੋ ਜਾਂਦਾ ਹੈ। ਇਸੇ ਕਾਰਨ ਡਰਾਈਵਿੰਗ ਟੈਸਟ ਬੰਦ ਕੀਤੇ ਹਨ ਪਰ ਜਿਹੜੇ ਲੋਕਾਂ ਦੀ ਡਰਾਈਵਿੰਗ ਟੈਸਟ ਦੀ ਐਪੁਆਇੰਟਮੈਂਟ ਸੀ, ਉਨ੍ਹਾਂ ਨੂੰ ਟ੍ਰੈਕ ਤੋਂ ਨਿਰਾਸ਼ ਮੁੜਨਾ ਪਿਆ।
ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ 'ਤੇ ਕੀ ਬੋਲੇ ਡਾ. ਦਲਜੀਤ ਸਿੰਘ ਚੀਮਾ
ਜਿਹੜੇ ਬਿਨੈਕਾਰਾਂ ਦੀ ਐਪੁਆਇੰਟਮੈਂਟ ਸੀ, ਉਨ੍ਹਾਂ ਨੂੰ ਹੁਣ ਦੋਬਾਰਾ ਐਪੁਆਇੰਟਮੈਂਟ ਲੈਣੀ ਪਵੇਗੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਪਰ ਵਿਭਾਗ ਬਿਨੈਕਾਰਾਂ ਦੀ ਮਜਬੂਰੀ ਨੂੰ ਨਹੀਂ ਸਮਝਦਾ, ਜਿਸ ਨੂੰ ਲੈ ਕੇ ਆਰ. ਟੀ. ਓ. ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ’ਤੇ ਵੀ ਸਵਾਲ ਉੱਠ ਰਹੇ ਹਨ ਕਿ ਹਰ ਵਾਰ ਮੀਂਹ ਵਿਚ ਡਰਾਈਵਿੰਗ ਟੈਸਟ ਦਾ ਕੰਮ ਬੰਦ ਹੋ ਜਾਂਦਾ ਹੈ ਤਾਂ ਫਿਰ ਇਸ ਦੇ ਲਈ ਕੋਈ ਪੁਖ਼ਤਾ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ?
ਬਿਨੈਕਾਰਾਂ ਨੇ ਦੱਸੀ ਆਪਣੀ ਮਜਬੂਰੀ
ਦੂਜੇ ਪਾਸੇ ਸੈਂਟਰ ’ਤੇ ਟੈਸਟ ਦੇਣ ਆਏ ਊਸ਼ਾ, ਵਰੁਣ, ਵਿੱਕੀ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਟੈਸਟ ਦੇਣ ਲਈ ਆਏ ਸਨ, ਉਦੋਂ ਵੀ ਅਜਿਹਾ ਹੀ ਮਾਹੌਲ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਦਾ ਲਾਇਸੈਂਸ ਨਹੀਂ ਬਣ ਸਕਿਆ। ਹੁਣ ਜਦੋਂ ਫਿਰ ਵੀ ਐਪੁਆਇੰਟਮੈਂਟ ਲੈ ਕੇ ਆਏ ਹਨ ਤਾਂ ਕੈਮਰੇ ਬੰਦ ਅਤੇ ਮੀਂਹ ਦਾ ਬਹਾਨਾ ਲਾ ਕੇ ਵਾਪਸ ਭੇਜ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਐਪੁਆਇੰਟਮੈਂਟ ਲੈਣੀ ਪਵੇਗੀ ਅਤੇ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਸਾਰੇ ਕੰਮਕਾਜ ਛੱਡ ਕੇ ਐਪੁਆਇੰਟਮੈਂਟ ਵਾਲੇ ਦਿਨ ਡਰਾਈਵਿੰਗ ਟੈਸਟ ਦੇਣ ਲਈ ਸੈਂਟਰ ’ਤੇ ਆਉਣਾ ਹੋਵੇਗਾ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਅਕਾਲੀ ਦਲ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ
ਸੈਂਟਰ ਦੇ ਕਰਮਚਾਰੀ ਵਧੇਰੇ ਕੋਰਟ ਪੇਸ਼ੀਆਂ ’ਚ ਰਹਿੰਦੇ ਹਨ ਮਸਰੂਫ਼
ਡਰਾਈਵਿੰਗ ਟੈਸਟ ਸੈਂਟਰ ਵਿਚ ਆਉਣ ਵਾਲੇ ਬਿਨੈਕਾਰਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਰੁਟੀਨ ਬਣ ਚੁੱਕੀਆਂ ਹਨ ਕਿਉਂਕਿ ਆਏ ਦਿਨ ਸੈਂਟਰ ਵਿਚ ਤਾਇਨਾਤ ਕਰਮਚਾਰੀ ਆਰ. ਟੀ. ਓ. ਨਾਲ ਸਬੰਧਤ ਕੇਸਾਂ ਨੂੰ ਲੈ ਕੇ ਕੋਰਟ ਦੇ ਕੰਮਕਾਜ ਅਤੇ ਪੇਸ਼ੀਆਂ ਵਿਚ ਮਸਰੂਫ਼ ਰਹਿੰਦੇ ਹਨ, ਜਿਸ ਕਾਰਨ ਲੋਕਾਂ ਦੇ ਲਾਇਸੈਂਸ ਸਬੰਧੀ ਕੰਮ ਸਮੇਂ ’ਤੇ ਨਹੀਂ ਹੋ ਪਾਉਂਦੇ ਅਤੇ ਉਨ੍ਹਾਂ ਨੂੰ ਕੁਝ ਸਮੇਂ ਦੇ ਕੰਮ ਕਰਵਾਉਣ ਲਈ ਘੰਟਿਆਂਬੱਧੀ ਉਡੀਕ ਕਰਨੀ ਪੈਂਦੀ ਹੈ। ਦੂਜੇ ਪਾਸੇ ਸੈਂਟਰ ਇੰਚਾਰਜ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਦੇ ਕੰਮ ਹੀ ਕੋਰਟ ਵਿਚ ਜਾਣਾ ਪੈਂਦਾ ਹੈ, ਜਿਸ ਕਾਰਨ ਕੰਮ ਵਿਚ ਦੇਰੀ ਹੋ ਜਾਂਦੀ ਹੈ ਪਰ ਆਏ ਹੋਏ ਬਿਨੈਕਾਰਾਂ ਦਾ ਕੰਮ ਜਲਦ ਨਿਪਟਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ