ਸੁਲਤਾਨਪੁਰ ਲੋਧੀ ''ਚ ਵਪਾਰੀ ''ਤੇ ਹਮਲਾ, ਜੇਬ ''ਚੋਂ ਨਕਦੀ ਤੇ ਗਲ ''ਚੋਂ ਸੋਨੇ ਦੀ ਚੈਨੀ ਖੋਹੀ
Tuesday, Sep 08, 2026 - 04:52 PM (IST)
ਕਪੂਰਥਲਾ/ਸੁਲਤਾਨਪੁਰ ਲੋਧੀ (ਗੁਰਪ੍ਰੀਤ): ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋਬੁੱਢਾ ਵਿੱਚ ਬੀਤੀ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਆਪਣੀ ਦੁਕਾਨ ਬੰਦ ਕਰ ਰਹੇ ਇੱਕ ਵਪਾਰੀ ’ਤੇ ਦੋ ਗੱਡੀਆਂ ਵਿੱਚ ਆਏ 6-7 ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਪਾਰੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV 'ਚ ਕੈਦ ਤਸਵੀਰਾਂ
ਪਿੰਡ ਭਾਗੋਬੁੱਢਾ ਦੇ ਰਹਿਣ ਵਾਲੇ ਅਤੇ ਕਰਿਆਨੇ ਤੇ ਫੀਡ ਦਾ ਕਾਰੋਬਾਰ ਕਰਨ ਵਾਲੇ ਬੇਅੰਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਆਪਣੀ ਦੁਕਾਨ ਨੂੰ ਤਾਲੇ ਲਗਾ ਰਿਹਾ ਸੀ। ਇਸੇ ਦੌਰਾਨ ਦੋ ਗੱਡੀਆਂ ਵਿੱਚ ਸਵਾਰ ਕਰੀਬ 6-7 ਵਿਅਕਤੀਆਂ ਨੇ ਉਸ ’ਤੇ ਅਚਾਨਕ ਹਮਲਾ ਕਰ ਦਿੱਤਾ। ਪੀੜਤ ਅਨੁਸਾਰ ਹਮਲਾਵਰਾਂ ਨੇ ਪਿੱਛੋਂ ਉਸਦੀ ਕਮਰ ’ਤੇ ਵਾਰ ਕੀਤਾ ਅਤੇ ਧੱਕਾ ਮਾਰ ਕੇ ਉਸਨੂੰ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਕਥਿਤ ਤੌਰ ’ਤੇ ਉਸਦੀ ਜੇਬ ਵਿੱਚ ਪਈ ਪੂਰੇ ਦਿਨ ਦੀ ਕਮਾਈ ਅਤੇ ਗਲ ਵਿੱਚ ਪਾਈ ਸੋਨੇ ਦੀ ਚੈਨੀ ਖੋਹ ਲਈ ਗਈ। ਬੇਅੰਤ ਸਿੰਘ ਮੁਤਾਬਕ ਨਕਦੀ ਅਤੇ ਸੋਨੇ ਦੀ ਚੈਨੀ ਸਮੇਤ ਕੁੱਲ ਨੁਕਸਾਨ ਕਰੀਬ 2 ਤੋਂ 2.5 ਲੱਖ ਰੁਪਏ ਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਦੇਖੇ ਗਏ ਸ਼ੱਕੀ ਡਰੋਨਾਂ ਨੂੰ ਲੈ ਕੇ ਵੱਡਾ ਖੁਲਾਸਾ
ਬੇਅੰਤ ਸਿੰਘ ਨੇ ਦੱਸਿਆ ਕਿ ਜਦੋਂ ਉਸ ’ਤੇ ਹਮਲਾ ਹੋ ਰਿਹਾ ਸੀ ਤਾਂ ਉਸਦੇ ਪਿਤਾ ਨੇੜਲੀ ਹਵੇਲੀ ਤੋਂ ਮੌਕੇ ’ਤੇ ਪਹੁੰਚੇ। ਪੀੜਤ ਦੇ ਦਾਅਵੇ ਅਨੁਸਾਰ ਹਮਲਾਵਰਾਂ ਵੱਲੋਂ ਉਸਦੇ ਪਿਤਾ ਨਾਲ ਵੀ ਧੱਕਾ-ਮੁੱਕੀ ਕੀਤੀ ਗਈ। ਬੇਅੰਤ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਹਮਲਾਵਰਾਂ ਵਿੱਚੋਂ ਇੱਕ ਵਿਅਕਤੀ ਉਸਦੀ ਪਹਿਚਾਣ ਵਿੱਚ ਆਇਆ ਹੈ। ਵਾਰਦਾਤ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਉਸ ਸਮੇਂ ਬਣ ਗਿਆ ਜਦੋਂ ਪੀੜਤ ਪਰਿਵਾਰ ਵੱਲੋਂ ਕਬੀਰਪੁਰ ਥਾਣੇ ਪਹੁੰਚ ਕੇ ਪੁਲਸ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਬੇਅੰਤ ਸਿੰਘ ਦੇ ਦਾਅਵੇ ਅਨੁਸਾਰ ਥਾਣੇ ਦੇ ਦਰਵਾਜ਼ੇ ’ਤੇ ਤਾਲੇ ਲੱਗੇ ਹੋਏ ਸਨ ਅਤੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਸਵਾਈਲ ਫਲੂ ਦਾ ਵੱਧ ਰਿਹਾ ਕਹਿਰ, ਅੰਮ੍ਰਿਤਸਰ 'ਚ 15 ਮਾਮਲੇ ਪਾਜ਼ੇਟਿਵ, ਮਾਮੂਲੀ ਨਾ ਸਮਝੋ ਇਹ ਲੱਸ਼ਣ
ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਵੱਲੋਂ 112 ਨੰਬਰ ’ਤੇ ਵੀ ਕਾਲ ਕੀਤੀ ਗਈ, ਪਰ ਉਸਦੇ ਦਾਅਵੇ ਅਨੁਸਾਰ ਮੌਕੇ ’ਤੇ ਪੁਲਸ ਨਹੀਂ ਪਹੁੰਚੀ। ਆਖਿਰਕਾਰ ਉਹ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ। ਇਸ ਘਟਨਾ ਨੇ ਪੁਲਸ ਪ੍ਰਬੰਧ ਨੂੰ ਲੈ ਕੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ 112 ’ਤੇ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ ਤਾਂ ਮੌਕੇ ’ਤੇ ਪੁਲਸ ਕਿਉਂ ਨਹੀਂ ਪਹੁੰਚੀ? ਰਾਤ ਸਮੇਂ ਕਬੀਰਪੁਰ ਥਾਣੇ ਵਿੱਚ ਪੁਲਸ ਮੁਲਾਜ਼ਮਾਂ ਦੀ ਡਿਊਟੀ ਮੌਜੂਦ ਸੀ ਜਾਂ ਨਹੀਂ? ਅਤੇ ਜੇਕਰ ਪੀੜਤ ਪਰਿਵਾਰ ਥਾਣੇ ਪਹੁੰਚਿਆ ਤਾਂ ਉਨ੍ਹਾਂ ਨੂੰ ਦਰਵਾਜ਼ੇ ਬੰਦ ਕਿਉਂ ਮਿਲੇ?
ਇਸ ਮਾਮਲੇ ਸਬੰਧੀ ਸੁਲਤਾਨਪੁਰ ਲੋਧੀ ਦੇ ਏਐਸਪੀ ਧੀਰੇਂਦਰਾ ਵਰਮਾ ਨੇ ਕਿਹਾ ਕਿ ਜਿਵੇਂ ਹੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ, ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਕਬੀਰਪੁਰ ਥਾਣੇ ਦੇ ਬੰਦ ਹੋਣ ਅਤੇ 112 ਨੰਬਰ ’ਤੇ ਕੀਤੀ ਗਈ ਕਾਲ ਸਬੰਧੀ ਕੀਤੇ ਗਏ ਦਾਅਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਏਐਸਪੀ ਨੇ ਕਿਹਾ ਕਿ ਮਾਮਲੇ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਉਹ ਸਿਰਫ਼ ਇਨਸਾਫ਼ ਤੇ ਸੁਰੱਖਿਆ ਦੀ ਮੰਗ ਕਰ ਰਹੇ ਹਨ। ਫਿਲਹਾਲ ਪੁਲਸ ਜਾਂਚ ਜਾਰੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਵਾਰਦਾਤ ਦੇ ਪੂਰੇ ਤੱਥ ਅਤੇ ਇਸ ਦੇ ਪਿੱਛੇ ਦੀ ਅਸਲ ਕਹਾਣੀ ਸਾਹਮਣੇ ਆ ਸਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
