ਕਰਫਿਊ ਕਾਰਣ 100 ਦਾ ਅੰਕੜਾ ਵੀ ਨਹੀਂ ਛੂਹ ਸਕੀਆਂ ਬੱਸਾਂ, 2-4 ਸਵਾਰੀਆਂ ਵਾਲੇ ਰੂਟ ਕੀਤੇ ਗਏ ਕੈਂਸਲ
Monday, Aug 24, 2020 - 01:30 PM (IST)

ਜਲੰਧਰ (ਪੁਨੀਤ) - ਬੀਤੇ ਦਿਨੀਂ ਬੱਸਾਂ ਚੱਲਣ ਦੇ ਅੰਕੜੇ ਨੂੰ 500 ਤੋਂ ਪਾਰ ਪਹੁੰਚਾਉਣ ਵਾਲੀਆਂ ਪ੍ਰਾਈਵੇਟ/ਸਰਕਾਰੀ ਬੱਸਾਂ ਐਤਵਾਰ ਨੂੰ 100 ਦਾ ਅੰਕੜਾ ਵੀ ਨਹੀਂ ਛੂਹ ਸਕੀਆਂ, ਜਿਸ ਕਾਰਣ ਸਭ ਤੋਂ ਵੱਧ ਪ੍ਰੇਸ਼ਾਨੀ ਸਵਾਰੀਆਂ ਨੂੰ ਝੱਲਣੀ ਪਈ।
ਇਸ ਦਾ ਇਕ ਕਾਰਣ ਕਰਫਿਊ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਅੱਜ ਬੱਸ ਅੱਡੇ ’ਚ ਸਵਾਰੀਆਂ ਦੀ ਗਿਣਤੀ ਕਾਫੀ ਘੱਟ ਰਹੀ। ਦੂਜੇ ਸ਼ਹਿਰਾਂ ’ਚ ਜਾਣ ਵਾਲੀਆਂ ਸਵਾਰੀਆਂ ਤਾਂ ਆਈਆਂ ਪਰ ਸਿਰਫ 2-4 ਸਵਾਰੀਆਂ ਨੂੰ ਲੈ ਕੇ ਜਾਣਾ ਸੰਭਵ ਨਹੀਂ ਸੀ। ਇਸ ਲਈ ਸਬੰਧਤ ਰੂਟ ਦੀਆਂ ਬੱਸਾਂ ਨੂੰ ਕੈਂਸਲ ਕਰਨਾ ਪਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਇਹ ਫੈਸਲਾ ਕੀਤਾ ਜਾ ਚੁੱਕਾ ਹੈ ਕਿ ਜਿਸ ਰੂਟ ’ਤੇ ਜਾਣ ਵਾਲੀਆਂ ਸਵਾਰੀਆਂ ਦੀ ਗਿਣਤੀ 20-25 ਦੇ ਲਗਭਗ ਹੋਵੇਗੀ, ਸਿਰਫ ਉਨ੍ਹਾਂ ਰੂਟਾਂ ’ਤੇ ਹੀ ਬੱਸਾਂ ਭੇਜੀਆਂ ਜਾਣਗੀਆਂ, ਨਹੀਂ ਤਾਂ ਬੱਸਾਂ ਨੂੰ ਨਹੀਂ ਭੇਜਿਆ ਜਾਵੇਗਾ ਕਿਉਂਕਿ ਇਸ ਨਾਲ ਬੱਸਾਂ ਦਾ ਖਰਚ ਕੱਢਣਾ ਵੀ ਮੁਸ਼ਕਲ ਹੋ ਜਾਂਦਾ ਹੈ।
ਆਪਣੀ ਮੰਜ਼ਿਲ ਵੱਲ ਜਾਣ ਵਾਲੀਆਂ ਕਈ ਸਵਾਰੀਆਂ ਘੰਟਿਆਬੱਧੀ ਬੱਸ ਅੱਡੇ ਅੰਦਰ ਬੈਠ ਕੇ ਹੋਰ ਸਵਾਰੀਆਂ ਦੀ ਗਿਣਤੀ ਵਧਣ ਦਾ ਇੰਤਜ਼ਾਰ ਕਰਦੀਆਂ ਰਹੀਆਂ ਅਤੇ ਬਾਅਦ ’ਚ ਨਿਰਾਸ਼ ਹੋ ਕੇ ਪਰਤ ਗਈਆਂ। ਅੱਜ ਰੋਡਵੇਜ਼ ਦੀਆਂ 71 ਬੱਸਾਂ ਚੱਲਣ ਨਾਲ 82,391 ਰੁਪਏ ਪ੍ਰਾਪਤ ਹੋਏ, ਉੱਥੇ ਪੀ. ਆਰ. ਟੀ. ਸੀ. ਦੀਆਂ 4, ਜਦਕਿ ਪ੍ਰਾਈਵੇਟ ਟਰਾਂਸਪੋਰਟ ਨਾਲ ਸੰਬੰਧਤ 14 ਬੱਸਾਂ ਚੱਲੀਆਂ।
ਇਹ ਵੀ ਦੇਖੋ : ਪੈਟਰੋਲ ਲਗਾਤਾਰ 5 ਵੇਂ ਦਿਨ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
ਕੋਰੋਨਾ ਮਰੀਜ਼ਾਂ ਸਬੰਧੀ ਅੱਜ ਵਰਤੀ ਜਾਵੇਗੀ ਪੂਰੀ ਅਹਿਤਿਆਤ
ਰੋਡਵੇਜ਼ ਡਿਪੂ-1 ਦੇ ਕਰਮਚਾਰੀ ਵਿਚ ਕੋਰੋਨਾ ਦੇ ਲੱਛਣ ਪਾਏ ਜਾਣ ਕਾਰਣ ਪੂਰੀ ਅਹਿਤਿਆਤ ਵਰਤੀ ਜਾਵੇਗੀ। ਪਿਛਲੇ 2 ਦਿਨ ਦਫਤਰ ਬੰਦ ਰਿਹਾ। ਅਧਿਕਾਰੀਆਂ ਨੇ ਦਫਤਰ ਨੂੰ ਸੈਨੇਟਾਈਜ਼ ਕਰਵਾ ਕੇ ਬੰਦ ਕਰਵਾਇਆ ਹੋਇਆ ਹੈ। ਸੋਮਵਾਰ ਸਵੇਰੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹੀ ਦਫਤਰ ਖੋਲ੍ਹਿਆ ਜਾਵੇਗਾ। ਅਧਿਕਾਰੀ ਕਹਿੰਦੇ ਹਨ ਕਿ ਜਿਸ ਬਲਾਕ ’ਚ ਅਕਾਊਂਟਸ ਅਧਿਕਾਰੀ ਪੰਕਜ ਜੇਤਲੀ ਬੈਠਦੇ ਸਨ, ਉਸ ਬਲਾਕ ਨੂੰ ਬੰਦ ਰੱਖਿਆ ਜਾਵੇਗਾ ਅਤੇ ਉੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਕਰਮਚਾਰੀਆਂ ਲਈ ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋਂ ਕਰਨਾ ਜ਼ਰੂਰੀ ਕੀਤਾ ਗਿਆ ਹੈ। ਜਿਹੜਾ ਕਰਮਚਾਰੀ ਨਿਯਮ ਤੋੜਦਾ ਫੜਿਆ ਜਾਵੇਗਾ, ਉਸ ’ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਦੇਖੋ : ਚੀਨ ਨੂੰ ਇਕ ਹੋਰ ਵੱਡਾ ਝਟਕਾ, ਹੁਣ ਸਾਊਦੀ ਅਰਬ ਦੀ ਕੰਪਨੀ ਨੇ ਡੀਲ ਕੀਤੀ ਰੱਦ