ਬਰਲਟਨ ਪਾਰਕ ਸਪੋਰਟਸ ਹੱਬ ਲਈ ਹੁਣ ਨਵੇਂ ਸਿਰੇ ਤੋਂ ਪ੍ਰਾਜੈਕਟ ਬਣੇਗਾ, ਤਿਆਰ ਹੋਵੇਗਾ ਨਵਾਂ ਡਿਜ਼ਾਈਨ

Thursday, Nov 07, 2024 - 04:23 PM (IST)

ਬਰਲਟਨ ਪਾਰਕ ਸਪੋਰਟਸ ਹੱਬ ਲਈ ਹੁਣ ਨਵੇਂ ਸਿਰੇ ਤੋਂ ਪ੍ਰਾਜੈਕਟ ਬਣੇਗਾ, ਤਿਆਰ ਹੋਵੇਗਾ ਨਵਾਂ ਡਿਜ਼ਾਈਨ

ਜਲੰਧਰ (ਖੁਰਾਣਾ)–ਪੰਜਾਬ ਦੇ ਐਡਵੋਕੇਟ ਜਨਰਲ ਨੇ ਜਲੰਧਰ ਦੇ ਬਰਲਟਨ ਪਾਰਕ ਵਿਚ ਬਣਨ ਵਾਲੇ ਸਪੋਰਟਸ ਹੱਬ ਨੂੰ ਲੈ ਕੇ ਕਾਨੂੰਨੀ ਰਾਇ ਦਿੱਤੀ ਹੈ ਕਿ ਜਿਸ ਪੁਰਾਣੇ ਠੇਕੇਦਾਰ ਨੇ ਸਪੋਰਟਸ ਹੱਬ ਦਾ ਕੰਮ ਪੂਰਾ ਨਹੀਂ ਕੀਤਾ, ਉਸ ’ਤੇ ਪੈਨਲਟੀ ਲਗਾ ਕੇ ਹੀ ਉਸਨੂੰ ਦੁਬਾਰਾ ਇਹ ਕੰਮ ਸੌਂਪਿਆ ਜਾਵੇ, ਨਹੀਂ ਤਾਂ ਇਸ ਪ੍ਰਾਜੈਕਟ ’ਤੇ ਨਵੇਂ ਸਿਰੇ ਤੋਂ ਕੰਮ ਹੋਵੇ। ਏ. ਜੀ. ਦੀ ਰਿਪੋਰਟ ਮਿਲਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਸਬੰਧਤ ਠੇਕੇਦਾਰ ਨੂੰ ਪੱਤਰ ਲਿਖ ਦਿੱਤਾ ਹੈ ਕਿ ਉਹ ਜਾਂ ਤਾਂ 7 ਕਰੋੜ ਰੁਪਏ ਤੋਂ ਜ਼ਿਆਦਾ ਦੇ ਜੁਰਮਾਨੇ ਦੀ ਰਾਸ਼ੀ ਜਮ੍ਹਾ ਕਰਵਾਏ ਅਤੇ ਕੰਮ ਦੁਬਾਰਾ ਸ਼ੁਰੂ ਕਰੇ, ਨਹੀਂ ਤਾਂ ਇਸ ਪ੍ਰਾਜੈਕਟ ਨੂੰ ਖ਼ਤਮ ਕੀਤਾ ਜਾਵੇ।

ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਦੱਸਿਆ ਕਿ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦਾ ਕੰਮ ਹੁਣ ਪੜਾਅਬੱਧ ਤਰੀਕੇ ਨਾਲ ਕੀਤਾ ਜਾਵੇਗਾ ਅਤੇ ਸ਼ੈਡਿਊਲ ਰੇਟ ਦੇ ਹਿਸਾਬ ਨਾਲ ਸਿਵਲ ਵਰਕ ਦੇ ਟੈਂਡਰ ਲਗਾਏ ਜਾ ਰਹੇ ਹਨ। ਇਨ੍ਹਾਂ ਟੈਂਡਰਾਂ ਰਾਹੀਂ ਬਰਲਟਨ ਪਾਰਕ ਵਿਚ ਸਹੂਲਤਾਂ ਦਾ ਵਿਕਾਸ ਕੀਤਾ ਜਾਵੇਗਾ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਜਿਥੋਂ ਤਕ ਸਟੇਡੀਅਮ ਦਾ ਸਬੰਧ ਹੈ, ਉਸਦਾ ਡਿਜ਼ਾਈਨ ਨਵੇਂ ਸਿਰੇ ਤੋਂ ਬਣਾਉਣ ਲਈ ਐੱਨ. ਆਈ. ਟੀ. ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਪੁਰਾਣਾ ਪ੍ਰਾਜੈਕਟ ਖਤਮ ਹੁੰਦੇ ਹੀ ਅਤੇ ਠੇਕੇਦਾਰ ਦਾ ਜਵਾਬ ਆਉਣ ਤੋਂ ਬਾਅਦ ਨਵੇਂ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਦੇਹ ਵਪਾਰ ਦਾ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਫੜ੍ਹਿਆ

ਸਰਫੇਸ ਵਾਟਰ ਅਤੇ ਬਾਇਓ ਮਾਈਨਿੰਗ ’ਤੇ ਵੀ ਕੰਮ ਤੇਜ਼ ਹੋਵੇਗਾ
ਨਿਗਮ ਕਮਿਸ਼ਨਰ ਗੌਤਮ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਰਿਆਣਾ ਡੰਪ ’ਤੇ ਲੱਗਣ ਵਾਲੇ ਬਾਇਓ ਮਾਈਨਿੰਗ ਪਲਾਂਟ ਨੂੰ ਲੈ ਕੇ ਸਬੰਧਤ ਕੰਪਨੀ ਨਾਲ ਗੱਲ ਹੋਈ ਹੈ। ਕੰਪਨੀ ਨੂੰ ਨਿਗਮ ਵੱਲੋਂ ਮਸ਼ੀਨਰੀ ਉਪਲੱਬਧ ਕਰਵਾਈ ਜਾ ਰਹੀ ਹੈ। ਕੰਪਨੀ ਵੀ ਉਥੇ ਆਪਣੀ ਮਸ਼ੀਨਰੀ ਲਾ ਰਹੀ ਹੈ। ਉਥੇ ਬਿਜਲੀ ਦੇ ਕੁਨੈਕਸ਼ਨ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਜਲਦ ਇਸ ਪ੍ਰਾਜੈਕਟ ’ਤੇ ਦੁਬਾਰਾ ਕੰਮ ਸ਼ੁਰੂ ਹੋ ਜਾਵੇਗਾ।

ਉਨ੍ਹਾਂ ਦੱਸਿਆ ਕਿ ਸਰਫੇਸ ਵਾਟਰ ਦਾ ਕੰਮ ਕਰ ਰਹੀ ਕੰਪਨੀ ਨੇ ਅਗਲੇ ਸਾਲ ਮਾਰਚ ਤਕ ਪ੍ਰਾਜੈਕਟ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਕਾਰਨ ਸ਼ਹਿਰ ਦੀਆਂ ਮੇਨ ਸੜਕਾਂ ਨੂੰ ਤੋੜਨ ਦੇ ਕੰਮ ਵਿਚ ਦਿੱਕਤ ਆ ਰਹੀ ਹੈ। ਕਮਿਸ਼ਨਰ ਨੇ ਦੱਸਿਆ ਕਿ ਸਰਫੇਸ ਵਾਟਰ ਤਹਿਤ ਜੋ ਸੜਕਾਂ ਪੁੱਟੀਆਂ ਜਾਣਗੀਆਂ, ਉਨ੍ਹਾਂ ਨੂੰ ਫਿਰ ਤੋਂ ਤੁਰੰਤ ਬਣਾਉਣ ਲਈ ਟੈਂਡਰ ਤਿਆਰ ਹਨ, ਇਸ ਲਈ ਲੋਕਾਂ ਨੂੰ ਜ਼ਿਆਦਾ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਆਉਣ ਵਾਲੇ ਦਿਨਾਂ 'ਚ ਝਲਣੀ ਪੈ ਸਕਦੀ ਹੈ ਪਰੇਸ਼ਾਨੀ


author

shivani attri

Content Editor

Related News