ਬਸਪਾ ਨੇ SSP ਦਿਹਾਤੀ ਦੇ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ
Thursday, Sep 29, 2022 - 04:12 AM (IST)
ਜਲੰਧਰ (ਮਹੇਸ਼) : ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਬੁੱਧਵਾਰ ਨੂੰ ਐੱਸ.ਐੱਸ.ਪੀ. ਜਲੰਧਰ ਦਿਹਾਤੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਅਗਵਾਈ ’ਚ ਕੀਤੇ ਗਏ ਇਸ ਪ੍ਰਦਰਸ਼ਨ ’ਚ 'ਆਪ' ਸਰਕਾਰ ਤੇ ਪੁਲਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸੂਬੇ ’ਚ ਜਦੋਂ ਤੋਂ ‘ਆਪ’ ਸਰਕਾਰ ਬਣੀ ਹੈ, ਉਦੋਂ ਤੋਂ ਵਿਧਾਇਕਾਂ ਤੇ ਹੋਰ ਸੱਤਾਧਾਰੀ ਆਗੂਆਂ ਵੱਲੋਂ ਸਰਕਾਰੀ ਮਸ਼ੀਨਰੀ ਦੀ ਨਿੱਜੀ ਹਿੱਤਾਂ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਆਮ ਲੋਕਾਂ ਖਿਲਾਫ਼ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦੀਦਾਰ ਸਿੰਘ ਨਲਵੀ ਨੇ HSGPC ਬਣਾਉਣ ਦੀ ਦੱਸੀ ਵਜ੍ਹਾ, ਪ੍ਰਧਾਨਗੀ ਦੀ ਠੋਕੀ ਦਾਅਵੇਦਾਰੀ
ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਹਲਕਾ ਕਰਤਾਰਪੁਰ ’ਚ ‘ਆਪ’ ਵਿਧਾਇਕ ਵੱਲੋਂ ਸੰਵਿਧਾਨਕ ਵਿਵਸਥਾ ਭੰਗ ਕਰਕੇ ਰਾਜਨੀਤਕ ਵਿਰੋਧੀ ਧਿਰਾਂ ਖਿਲਾਫ਼ ਪੁਲਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਬਸਪਾ-ਅਕਾਲੀ ਗੱਠਜੋੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪਿੰਡ ਮੰਨਣ ’ਚ ‘ਆਪ’ ਵਿਧਾਇਕ ਵੱਲੋਂ ਆਪਣੇ ਪ੍ਰਭਾਵ ਰਾਹੀਂ ਪਿੰਡ ਦੇ 5 ਆਮ ਲੋਕਾਂ ਖਿਲਾਫ਼ ਇਕ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ, ਜਿਸ ਨੂੰ ਰੱਦ ਕਰਾਉਣ ਲਈ ਬਸਪਾ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਫਿਲੌਰ ਹਲਕੇ ਨਾਲ ਸਬੰਧਤ ਕਈ ਮਸਲਿਆਂ ’ਚ ਆਮ ਲੋਕਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਸਰਕਾਰ ਨੇ ਆਪਣਾ ਮਾੜਾ ਵਤੀਰਾ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ’ਚ ਸਰਕਾਰ ਖਿਲਾਫ਼ ਬਸਪਾ ਵੱਲੋਂ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤੇ ਜਾਣਗੇ।
ਇਹ ਵੀ ਪੜ੍ਹੋ : IELTS 'ਚ ਘੱਟ ਬੈਂਡ ਆਉਣ 'ਤੇ ASI ਦੇ ਬੇਟੇ ਨੇ ਚੁੱਕਿਆ ਖੌਫ਼ਨਾਕ ਕਦਮ
ਇਸ ਦੌਰਾਨ ਬਸਪਾ ਆਗੂ ਸੁਖਵਿੰਦਰ ਬਿੱਟੂ, ਵਿਜੇ ਯਾਦਵ, ਪਰਮਜੀਤ ਮੱਲ, ਸ਼ਾਦੀ ਲਾਲ ਬੱਲ, ਸ਼ਾਮ ਕਟਾਰੀਆ, ਪਰਮਜੀਤ ਮੰਨਣ, ਅਮਰਜੀਤ ਬਿਨਪਾਲਕੇ, ਕਮਲ ਬਾਦਸ਼ਾਹਪੁਰ, ਪਾਲੀ ਹੁਸੈਨਪੁਰ, ਚਮਨ ਘੋੜੇਵਾਹੀ, ਰਾਕੇਸ਼ ਤਾਜਪੁਰ, ਸੋਹਣ ਕੁਰਾਲਾ, ਆਨੰਦ ਰੱਲ, ਹਰਚੰਦ ਧੋਗੜੀ, ਸਨੀ ਕਾਲਾ ਬਾਹੀਆ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਬਸਪਾ ਆਗੂਆਂ ਤੇ ਪੁਲਸ ਅਫ਼ਸਰਾਂ ਵਿਚਕਾਰ ਗੱਲਬਾਤ ਹੋਈ, ਜਿਸ ਵਿਚ ਕਈ ਮਸਲਿਆਂ ਦਾ ਨਿਪਟਾਰਾ ਹੋਣ ’ਤੇ ਧਰਨੇ ਨੂੰ ਕਰੀਬ 3 ਘੰਟੇ ਬਾਅਦ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਬਸਪਾ ਆਗੂ ਕੂੜਾ ਰਾਮ, ਬਾਬੂ ਮੁਨੀ ਲਾਲ, ਮੰਗਾ ਰਾਮ, ਮੰਗੀ ਬੁੱਲੋਵਾਲ, ਬਨਾਰਸੀ ਬਿਧੀਪੁਰ, ਲਹਿੰਬਰ ਨੂਰਪੁਰ, ਹਰਮੇਸ਼ ਖੁਰਲਾ, ਅਸ਼ੋਕ ਘੁੜਕਾ, ਜੱਸੀ, ਅਵਤਾਰ ਆਦਿ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।