ਹੁਸ਼ਿਆਰਪੁਰ ਸ਼ਹਿਰ ਦੀ ਬਿਹਤਰੀ ਲਈ ਨਹੀਂ ਛੱਡੀ ਜਾ ਰਹੀ ਹੈ ਕੋਈ ਕਮੀ: ਬ੍ਰਹਮ ਸ਼ੰਕਰ ਜਿੰਪਾ
Sunday, Jul 02, 2023 - 11:51 AM (IST)

ਹੁਸ਼ਿਆਰਪੁਰ (ਘੁੰਮਣ)-ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸ਼ਹਿਰ ਦੀ ਬਿਹਤਰੀ ਲਈ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਅਤੇ ਹਰ ਉਹ ਯਤਨ ਕੀਤਾ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਸੁੰਦਰੀਕਰਨ ਨੂੰ ਬੜ੍ਹਾਵਾ ਮਿਲੇ। ਉਹ ਬੀਤੇ ਦਿਨ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਲੋਕਾਂ ਦੀ ਸਹੂਲਤ ਲਈ 37.87 ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦੀ ਗਈ ਇਕ ਕੈਂਬੀ ਮਸ਼ੀਨ ਅਤੇ 9.25 ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦੀਆਂ ਦੋ ਮੋਬਾਇਲ ਟੁਆਇਲਟ ਵੈਨਜ਼ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਵਿਚ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਨਵੀਂ ਮਸ਼ੀਨ ਤੇ ਮੋਬਾਇਲ ਟੁਆਇਲਟ ਖਰੀਦ ਕਰ ਕੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਇਸ ਦੀ ਕਾਫ਼ੀ ਲੰਬੇ ਸਮੇਂ ਤੋਂ ਸ਼ਹਿਰ ਨੂੰ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਕੈਂਬੀ ਮਸ਼ੀਨ ਦੀ ਖਰੀਦ ਨਾਲ ਸ਼ਹਿਰ ਵਿਚ ਬੰਦ ਪਈ ਸੀਵਰੇਜ ਲਾਈਨਾਂ ਨੂੰ ਖੋਲ੍ਹਣ ਵਿਚ ਤੇਜ਼ੀ ਆਵੇਗੀ ਅਤੇ ਵੱਖ-ਵੱਖ ਵਾਰਡਾਂ ਵਿਚ ਬੰਦ ਸੀਵਰੇਜ ਦੀਆਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਸ਼ਹਿਰ ਦੀ ਸਾਫ-ਸਫਾਈ ਅਤੇ ਸੁੰਦਰਤਾ ਦੇ ਮੱਦੇਨਜ਼ਰ ਨਿਗਮ ਵੱਲੋਂ ਅਹਿਮ ਉਪਰਾਲੇ ਕਰਦੇ ਹੋਏ ਮੋਬਾਇਲ ਟੁਆਇਲਟ ਵੈਨ ਦੀ ਖਰੀਦ ਕੀਤੀ ਗਈ ਹੈ, ਜਿਸ ਦੀ ਵਰਤੋਂ ਸਮਾਗਮਾਂ ਵਿਚ ਜ਼ਰੂਰਤ ਅਨੁਸਾਰ ਲੋਕਾਂ ਦੀ ਸੁਵਿਧਾ ਲਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਬਾਇਲ ਟੁਆਇਲਟ ਵੈਨਜ਼ ਨੂੰ ਕਿਸੇ ਵੀ ਜਗ੍ਹਾ ’ਤੇ ਪੱਕੇ ਤੌਰ ’ਤੇ ਖੜ੍ਹਾ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ-ਲੋਕ ਸਭਾ ਚੋਣਾਂ 2024: ਪੰਜਾਬ ਦੀਆਂ 13 ’ਚੋਂ 9 ਸੀਟਾਂ ’ਤੇ ਭਾਜਪਾ ਪਹਿਲੀ ਵਾਰ ਲੜੇਗੀ ਚੋਣ
ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਹਰ ਸਾਲ ਜੁਲਾਈ-ਅਗਸਤ ਵਿਚ ਲੱਗਦੇ ਮਾਤਾ ਚਿੰਤਪੁਰਨੀ ਮੇਲਿਆਂ ਦੌਰਾਨ ਵੱਖ-ਵੱਖ ਰਾਜਾਂ ਤੋਂ ਸ਼ਰਧਾਲੂ ਹੁਸ਼ਿਆਰਪੁਰ ਸ਼ਹਿਰ ਤੋਂ ਹੁੰਦੇ ਹੋਏ ਮਾਤਾ ਚਿੰਤਪੂਰਨੀ (ਹਿਮਾਚਲ ਪ੍ਰਦੇਸ਼) ਯਾਤਰਾ ਲਈ ਜਾਂਦੇ ਹਨ। ਇਸ ਦੌਰਾਨ ਨਗਰ ਨਿਗਮ ਲਈ ਮੋਬਾਇਲ ਟੁਆਇਲਟ ਦੀ ਵੱਡੀ ਜ਼ਰੂਰਤ ਹੁੰਦੀ ਸੀ ਅਤੇ ਨਾ ਹੋਣ ਕਰਨ ਨਗਰ ਨਿਗਮ ਵੱਲੋਂ ਦੂਜੀਆਂ ਨਗਰ ਨਿਗਮਾਂ ਤੋਂ ਇਹ ਮੋਬਾਇਲ ਟੁਆਇਲਟ ਵੈਨਜ਼ ਮੇਲੇ ਦੌਰਾਨ ਮੰਗਵਾਈ ਜਾਂਦੀ ਸੀ। ਹੁਣ ਨਗਰ ਨਿਗਮ ਵੱਲੋਂ ਇਹ ਵਾਹਨ ਖਰੀਦਣ ਨਾਲ ਜਿੱਥੇ ਲੋਕਾਂ ਨੂੰ ਕਾਫ਼ੀ ਲਾਭ ਮਿਲੇਗਾ, ਉਥੇ ਅਚਾਨਕ ਜ਼ਰੂਰਤ ਪੈਣ ’ਤੇ ਇਸ ਵੈਨਜ਼ ਦੀ ਤੁਰੰਤ ਵਰਤੋਂ ਕੀਤੀ ਜਾ ਸਕੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੀ ਬਿਹਤਰੀ ਲਈ ਲਗਾਤਾਰ ਉਪਰਾਲੇ ਜਾਰੀ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਘਾਟ ਨੂੰ ਵੀ ਜਲਦ ਪੂਰਾ ਕਰ ਲਿਆ ਜਾਵੇਗਾ। ਇਕ ਸਵਾਲ ਦੇ ਜਵਾਬ ਦੌਰਾਨ ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਗਰੀਨ ਬੈਲਟ ਦਾ ਵਿਕਾਸ ਕੀਤਾ ਜਾਵੇਗਾ, ਜਿਸ ਲਈ ਅਧਿਕਾਰੀਆਂ ਨੂੰ ਜਗ੍ਹਾ ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਸੁੰਦਰੀਕਰਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਅਤੇ ਲੋਕਾਂ ਦੀ ਸੁਵਿਧਾ ਨੂੰ ਲੈ ਕੇ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਕੌਂਸਲਰ ਪ੍ਰਦੀਪ ਬਿੱਟੂ, ਵਿਜੇ ਅਗਰਵਾਲ, ਜਸਪਾਲ ਚੇਚੀ, ਮੁਖੀ ਰਾਮ ਤੋਂ ਇਲਾਵਾ ਨਗਰ ਨਿਗਮ ਦੇ ਸਕੱਤਰ ਜਸਵਿੰਦਰ ਸਿੰਘ, ਨਿਗਮ ਇੰਜੀਨੀਅਰ ਕੁਲਦੀਪ ਸਿਘ, ਸਹਾਇਕ ਨਿਗਮ ਇੰਜੀਨੀਅਰ ਹਰਦੀਪ ਸਿੰਘ, ਸੁਪਰਡੈਂਟ ਮੁਕੁਲ ਕੇਸਰ, ਸੈਨੇਟਰੀ ਇੰਸਪੈਕਟਰ ਜਨਕ ਰਾਜ, ਰਾਜੇਸ਼ ਕੁਮਾਰ, ਐਡਵੋਕੇਟ ਅਮਰਜੋਤ ਸੈਣੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਹੁਸ਼ਿਆਰਪੁਰ ਵਿਖੇ ਵਿਅਕਤੀ ਦੀ ਕੁੱਟਮਾਰ ਮਗਰੋਂ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani