ਸੰਤੋਖ ਚੌਧਰੀ ਨੇ ਸਿਵਲ ਹਸਪਤਾਲ ’ਚ ਪਲੇਟਲੈੱਟਸ ਕੁਲੈਕਸ਼ਨ ਮਸ਼ੀਨ ਦਾ ਸ਼ੁੱਭ ਆਰੰਭ ਕੀਤਾ

01/10/2020 3:46:40 PM

ਜਲੰਧਰ (ਸੋਨੂੰ,ਧਵਨ): ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਸਿਵਲ ਹਸਪਤਾਲ ਵਿਚ ਪਲੇਟਲੈੱਟਸ ਕੁਲੈਕਸ਼ਨ ਮਸ਼ੀਨ ਦਾ ਸ਼ੁੱਭ ਆਰੰਭ ਕਰਦਿਆਂ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਏਜੰਡੇ ਵਿਚ ਸਭ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਐੱਮ. ਪੀ. ਫੰਡ ’ਚੋਂ ਵੱਧ ਤੋਂ ਵੱਧ ਗ੍ਰਾਂਟਾਂ ਸਿਹਤ ਕੰਮਾਂ ਲਈ ਉਪਲੱਬਧ ਕਰਵਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਾਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ ਅਤੇ ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਮਾਂਗਟ ਵੀ ਸਨ।

PunjabKesari

ਇਹ ਮਸ਼ੀਨ 32.84 ਲੱਖ ਦੀ ਲਾਗਤ ਨਾਲ ਖਰੀਦੀ ਗਈ ਹੈ, ਜਿਸ ਦੀ ਗ੍ਰਾਂਟ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਆਪਣੇ ਐੱਮ. ਪੀ. ਫੰਡ ’ਚੋਂ ਉਪਲੱਬਧ ਕਰਵਾਈ ਹੈ। ਸ਼੍ਰੀ ਚੌਧਰੀ ਨੇ ਪਿਛਲੇ ਸਮੇਂ ਵਿਚ ਜਦੋਂ ਹਸਪਤਾਲ ਦਾ ਦੌਰਾ ਕੀਤਾ ਸੀ ਤਾਂ ਅਧਿਕਾਰੀਆਂ ਨੇ ਪਲੇਟਲੈੱਟਸ ਮਸ਼ੀਨ ਉਪਲਬਧ ਕਰਵਾਉਣ ਦੀ ਮੰਗ ਉਨ੍ਹਾਂ ਅੱਗੇ ਰੱਖੀ ਸੀ। ਸੰਤੋਖ ਚੌਧਰੀ ਨੇ ਕਿਹਾ ਕਿ ਮਸ਼ੀਨ ਲੱਗ ਜਾਣ ਨਾਲ ਹੁਣ ਪਲੇਟਲੈੱਟਸ ਕੁਲੈਕਸ਼ਨ ਦੀ ਲਾਗਤ ਵਿਚ ਕਮੀ ਆਵੇਗੀ। ਇਸ ਤੋਂ ਪਹਿਲਾਂ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਜਾਣਾ ਪੈਂਦਾ ਸੀ, ਜਿਥੇ ਪਲੇਟਲੈੱਟਸ ਕੁਲੈਕਸ਼ਨ ਦੀ ਲਾਗਤ ਕਾਫੀ ਜ਼ਿਆਦਾ ਸੀ। ਹੁਣ ਉਹ ਮਰੀਜ਼ ਸਿੱਧੇ ਸਿਵਲ ਹਸਪਤਾਲ ਆਉਣਗੇ ਅਤੇ ਨਵੀਂ ਮਸ਼ੀਨ ਦਾ ਲਾਭ ਲੈ ਸਕਣਗੇ। ਇਸ ਤੋਂ ਪਹਿਲਾਂ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਆਪਣੇ ਕੋਟੇ ’ਚੋਂ 2 ਵੈਂਟੀਲੇਟਰ ਮਸ਼ੀਨਾਂ ਖਰੀਦਣ ਲਈ 30 ਲੱਖ ਦੀ ਗ੍ਰਾਂਟ ਦਿੱਤੀ ਸੀ।

ਸ਼੍ਰੀ ਚੌਧਰੀ ਨੇ ਮਸ਼ੀਨ ਦਾ ਸ਼ੁੱਭ ਆਰੰਭ ਕਰਨ ਤੋਂ ਬਾਅਦ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਤੇ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਉਨ੍ਹਾਂ ਸਰਬੱਤ ਸਿਹਤ ਬੀਮਾ ਯੋਜਨਾ ਵਿਚ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਇਸ ਸਮੇਂ ਬਲੱਡ ਬੈਂਕ ਇੰਚਾਰਜ ਡਾ. ਗਗਨਦੀਪ ਸਿੰਘ, ਡਾ. ਚਿਰੰਜੀਵ ਸਿੰਘ, ਡਾ. ਹਰਕੀਰਤ ਸਿੰਘ, ਕੌਂਸਲਰ ਮਨੋਜ ਮਨੂੰ ਤੇ ਜਗਜੀਤ ਜੀਤਾ ਵੀ ਮੌਜੂਦ ਸਨ।


Shyna

Content Editor

Related News