ਬਲਾਕ ਗੜ੍ਹਸ਼ੰਕਰ ''ਚ ਪੰਚਾਇਤ ਸਕੱਤਰਾਂ ਦੀ ਘਾਟ ਕਾਰਨ ਪਿੰਡਾਂ ਦਾ ਵਿਕਾਸ ਹੋਇਆ ਪ੍ਰਭਾਵਿਤ

10/15/2020 7:13:35 PM

ਗੜ੍ਹਸ਼ੰਕਰ,(ਸ਼ੋਰੀ)-ਬਲਾਕ ਪੰਚਾਇਤ ਦਫ਼ਤਰ ਗੜ੍ਹਸ਼ੰਕਰ 'ਚ ਪੰਚਾਇਤ ਸਕੱਤਰਾਂ ਦੀ ਵੱਡੀ ਘਾਟ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣ ਗਿਆ ਹੈ। ਇੱਥੇ ਕੁੱਲ 28 ਪੰਚਾਇਤ ਸਕੱਤਰਾਂ ਦੀਆਂ ਅਸਾਮੀਆਂ ਹਨ, ਜਿਨਾਂ 'ਤੇ ਸਿਰਫ 2 ਪੰਚਾਇਤ ਸਕੱਤਰ ਹੀ ਕੰਮ ਕਰ ਰਹੇ ਹਨ। ਬਲਾਕ ਗੜ੍ਹਸ਼ੰਕਰ ਦੇ ਕੁੱਲ 145 ਪਿੰਡਾਂ ਨੂੰ 2 ਪੰਚਾਇਤ ਸਕੱਤਰ ਦੇਖ ਰਹੇ ਹਨ। ਮਾਹਿਰਾਂ ਅਨੁਸਾਰ ਪੰਜ ਪਿੰਡਾਂ ਨੂੰ 1 ਪੰਚਾਇਤ ਸਕੱਤਰ ਬਿਹਤਰ ਢੰਗ ਨਾਲ ਦੇਖ ਸਕਦਾ ਹੈ, ਹੁਣ ਇਹ 2 ਸਕੱਤਰ 72-72 ਪਿੰਡਾਂ ਨੂੰ ਕਿੰਨਾ
ਕੁ ਅਤੇ ਕਿਸ ਤਰ੍ਹਾਂ ਨਾਲ ਦੇਖਦੇ ਹੋਣਗੇ ਦੱਸਣ ਸਮਝਣ ਦੀ ਬਹੁਤੀ ਲੋੜ ਨਹੀਂ ਹੈ।

ਜਾਣਕਾਰੀ ਮੁਤਾਬਕ ਬਲਾਕ ਗੜ੍ਹਸ਼ੰਕਰ 'ਚ ਸਮਾਰਟ ਵਿਲੇਜ ਕੰਪਨੀ ਦੀ ਪਹਿਲੀ ਕਿਸ਼ਤ ਵਿੱਚ ਸਰਕਾਰ ਨੇ 9 ਕਰੋੜ ਰੁਪਏ ਦੇ ਕਰੀਬ ਬਲਾਕ ਗੜ੍ਹਸ਼ੰਕਰ ਦੇ ਪਿੰਡਾਂ ਨੂੰ ਜਾਰੀ ਕੀਤੇ ਸਨ, ਜਿਸ 'ਚੋਂ 2 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਹੋਣ ਨੂੰ ਬਕਾਇਆ ਪੰਚਾਇਤਾਂ ਦੇ ਖਾਤੇ ਵਿੱਚ ਖੜੀ ਹੈ। ਸਰਕਾਰ ਨੇ 7.5 ਕਰੋੜ ਰੁਪਏ ਦੀ ਹੋਰ ਰਾਸ਼ੀ ਇਸੇ ਸ਼੍ਰੇਣੀ ਦੀ ਦੂਜੀ ਕਿਸ਼ਤ ਵਿੱਚ ਜਾਰੀ ਕਰ ਦਿੱਤੀ ਸੀ। ਹੁਣ ਪੰਚਾਇਤਾਂ ਕੋਲ 9.5 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਨ ਲਈ ਖਾਤਿਆਂ ਵਿੱਚ ਪਈ ਹੈ ਪਰ ਪੰਚਾਇਤ ਸਕੱਤਰ ਨਾ ਹੋਣ ਕਾਰਨ ਇਹ ਰਾਸ਼ੀ ਸਰਪੰਚ ਖ਼ਰਚ ਨਹੀਂ ਸਕਦੇ। ਉਪਰੋਂ ਵੱਡੀ ਗੱਲ ਇਕ ਹੋਰ ਸਾਹਮਣੇ ਆਈ ਹੈ ਕਿ 15 ਕਰੋੜ ਰੁਪਏ ਦੀ ਹੋਰ ਰਾਸ਼ੀ ਦੀ ਅਗਲੀ ਕਿਸ਼ਤ ਸਰਕਾਰ ਗੜ੍ਹਸ਼ੰਕਰ ਦੀਆਂ ਪੰਚਾਇਤਾਂ ਨੂੰ ਕਿਸੇ ਵੇਲੇ ਵੀ ਜਾਰੀ ਕਰ ਸਕਦੀ ਹੈ।
ਜਾਣਕਾਰੀ ਅਨੁਸਾਰ 31 ਮਾਰਚ 2021 ਤੱਕ ਇਹ ਰਾਸ਼ੀ ਖਰਚ ਕਰਨੀ ਲਾਜ਼ਮੀ ਹੈ ਪਰ ਬਿਨਾਂ ਪੰਚਾਇਤ ਸਕੱਤਰਾਂ ਦੇ ਇਹ ਸੰਭਵ ਨਹੀਂ ਹੈ। ਪੰਚਾਇਤੀ ਮਾਮਲਿਆਂ ਦੇ ਮਾਹਰਾਂ ਅਨੁਸਾਰ ਜੇਕਰ ਪੰਚਾਇਤ ਸਕੱਤਰਾਂ ਦੀ ਸਰਕਾਰ ਨੇ ਨਿਯੁਕਤੀ ਨਾ ਕੀਤੀ ਪਰ ਇਸ ਗ੍ਰਾਂਟ ਦਾ ਸਿਰਫ਼ 30 ਫ਼ੀਸਦੀ ਹਿੱਸਾ ਹੀ ਖਰਚ ਹੋ ਸਕੇਗਾ। ਪੰਚਾਇਤ ਸਕੱਤਰਾਂ ਦੀ ਘਾਟ ਕਾਰਨ ਪ੍ਰਭਾਵਿਤ ਹੋ ਰਹੇ ਪੰਚਾਇਤਾਂ ਦੇ ਕੰਮਾਂ ਸਬੰਧੀ ਬੀ ਡੀ ਪੀ ਓ  ਜਸਵਿੰਦਰ ਸਿੰਘ ਨੂੰ ਜਾਣਕਾਰੀ ਦੇਣ ਲਈ ਅੱਜ ਪੰਚਾਇਤ ਯੂਨੀਅਨ ਅਤੇ ਸਰਪੰਚ ਯੂਨੀਅਨ ਦੇ ਵਫਦਾਂ ਨੇ ਵੱਖਰੇ ਵੱਖਰੇ ਤੌਰ ਤੇ ਮੁਲਾਕਾਤਾਂ ਕੀਤੀਆਂ। ਉਨ ਪੰਚਾਇਤ ਸਕੱਤਰਾਂ ਦੀ ਘਾਟ ਦਾ ਮੁੱਦਾ ਮੁੱਖ ਤੋਰ ਤੇ ਚੁੱਕਿਆ।
ਇਸ ਮੌਕੇ ਦੋਨਾਂ ਯੂਨੀਅਨਾਂ ਵੱਲੋਂ ਦੱਸਿਆ ਗਿਆ ਕਿ 2 ਸਾਲ ਲੰਘ ਜਾਣ ਦੇ ਬਾਵਜੂਦ ਕਈ ਨਵੀਆਂ ਪੰਚਾਇਤਾਂ ਨੂੰ ਪੁਰਾਣੀਆਂ ਪੰਚਾਇਤਾਂ ਨੇ ਆਪਣੇ ਰਿਕਾਰਡ ਨਹੀਂ ਦਿੱਤੇ ਹਨ ਜਿਸ ਵਿੱਚ ਮਨਸੋਵਾਲ ਅਤੇ ਲੱਲੀਆਂ ਦੀ ਪੰਚਾਇਤ ਵੀ ਸ਼ਾਮਿਲ ਹੈ। ਮਹਿਕਮੇ ਅਨੁਸਾਰ ਮਨਰੇਗਾ ਸਕੀਮ ਵਿੱਚ ਕੰਮ ਅਤੇ ਪੈਸੇ ਦੀ ਕੋਈ ਕਮੀ ਨਹੀਂ ਹੈ ਪਰ ਪਿੰਡ ਥਾਣੇ ਦੀ ਸਰਬਸੰਮਤੀ ਨਾਲ ਬਣੀ ਪੰਚਾਇਤ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸਾਲ ਪਹਿਲਾਂ ਮਨਰੇਗਾ ਸਕੀਮ ਤਹਿਤ ਆਪਣੇ ਕੇਸ ਦੀ ਅੱਜ ਤੱਕ ਪ੍ਰਵਾਨਗੀ ਲਈ ਮਿਲੀ ਜੋ ਕਿ ਮਹਿਕਮੇ ਦੀ ਅਣਗਹਿਲੀ ਤੇ ਅਲਗਰਜ਼ੀ ਵਾਲੀ ਨੀਤੀ ਹੀ ਆਖੀ ਜਾ ਸਕਦੀ ਹੈ।


ਸਾਡਾ ਹਾਲ : ਪਿਆਸ ਲੱਗੀ ਹੈ, ਪਾਣੀ ਹੈ ਪਰ ਘੁੱਟ ਨਹੀਂ ਭਰ ਸਕਦੇ- ਥਿਆੜਾ
ਮਾਰਕੀਟ ਕਮੇਟੀ ਗੜ•ਸ਼ੰਕਰ ਦੇ ਚੇਅਰਮੈਨ ਮੋਹਨ ਸਿੰਘ ਥਿਆੜਾ ਨੇ ਪੰਚਾਇਤਾਂ ਦਾ ਦੁੱਖ ਬਿਆਨ ਕਰਦੇ ਦੱਸਿਆ ਕਿ ਸਾਡੇ ਪਿੰਡ ਵਿਚ ਵਿਕਾਸ ਦੀ ਬਹੁਤ ਜ਼ਰੂਰਤ ਹੈ, ਗ੍ਰਾਂਟਾਂ ਸਾਡੇ ਖਾਤੇ ਵਿੱਚ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਖ਼ਰਚ ਨਹੀਂ ਸਕਦੇ ਕਿਉਂਕਿ ਮਤੇ ਪਾਉਣ ਲਈ ਪੰਚਾਇਤ ਸੈਕਟਰੀ ਹੀ ਨਹੀਂ ਹਨ। ਉਨ੍ਹਾਂ ਤੰਜ ਕੱਸਦੇ ਕਿਹਾ ਕਿ ਸਾਨੂੰ ਪਿਆਸ ਲੱਗੀ ਹੈ ਪਾਣੀ ਹੈ ਪਰ ਘੁੱਟ ਨਹੀਂ ਭਰ ਸਕਦੇ।

ਦੁਆਬੇ ਨਾਲ ਅਕਾਲੀਆਂ ਦੀ ਵਿਤਕਰੇਬਾਜ਼ੀ ਦਾ ਨਤੀਜਾ ਭੁਗਤ ਰਹੀਆਂ ਪੰਚਾਇਤਾਂ
ਸੀਨੀਅਰ ਕਾਂਗਰਸੀ ਆਗੂ ਜਰਨੈਲ ਸਿੰਘ ਜੈਲਾ ਮਨਸੋਵਾਲ ਨੇ ਕਿਹਾ ਕਿ ਅਕਾਲੀ ਵਿੱਚ ਸਰਕਾਰ ਦੌਰਾਨ ਜਦ ਪੰਚਾਇਤ ਸਕੱਤਰਾਂ ਦੀ ਭਰਤੀ ਹੋਈ ਸੀ ਤਾਂ ਵੱਡੀ ਗਿਣਤੀ ਵਿੱਚ ਮਾਲਵੇ (ਬਠਿੰਡਾ ਤੇ ਮੁਕਤਸਰ) ਇਲਾਕੇ ਨਾਲ ਸਬੰਧਤ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਅਤੇ ਦੁਆਬੇ ਦੇ ਨੌਜਵਾਨਾਂ ਨੂੰ ਪੂਰੀ ਤਰ ਨਜ਼ਰ ਅੰਦਾਜ਼ ਕੀਤਾ ਗਿਆ। ਉਨ•ਾਂ ਕਿਹਾ ਨਤੀਜਾ ਇਹ ਆਇਆ ਕਿ ਅੱਜ ਮਾਲਵੇ ਵਿੱਚ ਪੰਚਾਇਤ ਸਕੱਤਰ ਸਰਪਲਸ ਹਨ ਅਤੇ ਉਨ੍ਹਾਂ ਵਿੱਚੋਂ ਜਦ ਕਿਸੀ ਦਾ ਤਬਾਦਲਾ ਦੁਆਬੇ ਵਿੱਚ ਹੁੰਦਾ ਹੈ ਇਹ ਪੰਚਾਇਤ ਸਕੱਤਰ ਜੁਆਇਨ ਕਰਨ ਦੇ ਕੁਝ ਦਿਨਾਂ ਬਾਅਦ ਹੀ ਵਾਪਸ ਆਪਣੇ ਹੋਮਟਾਊਨ ਜਾਂ ਆਪਣੇ ਜ਼ਿਲਿ•ਆਂ ਵਿੱਚ ਚਲੇ ਜਾਂਦੇ ਹਨ। ਜਿਸ ਕਾਰਨ ਦੁਆਬੇ ਦੇ ਜ਼ਿਆਦਾਤਰ ਬਲਾਕਾਂ ਵਿੱਚ ਪੰਚਾਇਤ ਸਕੱਤਰਾਂ ਦੀ ਘਾਟ ਰੜਕ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਦੁਆਬੇ ਨਾਲ ਕੀਤੀ ਵਿਤਕਰੇਬਾਜ਼ੀ ਦਾ ਨਤੀਜਾ ਅੱਜ ਪੰਚਾਇਤਾਂ ਨੂੰ ਭੁਗਤਣਾ ਪੈ ਰਿਹਾ ਹੈ।

ਪੰਚਾਇਤ ਸਕੱਤਰਾਂ ਦੀ ਨਿਯੁਕਤੀ ਲਈ ਸਰਕਾਰ ਨੂੰ ਲਿਖਾਂਗੇ ਪੱਤਰ
ਚੇਅਰਮੈਨ ਬਲਾਕ ਸੰਮਤੀਗੜ੍ਹਸ਼ੰਕਰ ਦੀ ਚੇਅਰਪਰਸਨ ਸਰਬਜੀਤ ਕੌਰ ਨੇ ਸੰਪਰਕ ਕਰਨ ਤੇ ਦੱਸਿਆ ਕਿ ਉਹ ਪੰਚਾਇਤ ਸਕੱਤਰਾਂ ਦੀ ਘਾਟ ਦੀ ਸਮੱਸਿਆ  ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਮੁੱਖ ਮੰਤਰੀ ਪੰਜਾਬ ਅਤੇ ਸੰਬੰਧਿਤ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਸਾਰੀ ਸਮੱਸਿਆ ਤੋਂ ਜਾਣੂ ਕਰਵਾਉਣਗੇ।

ਸਮੱਸਿਆ ਬੜੀ ਗੰਭੀਰ ਹੈ ਸਮਾਂ ਰਹਿੰਦੇ ਸਰਕਾਰ ਕਦਮ ਪੁੱਟੇ
ਬੀਤ ਇਲਾਕੇ ਦੇ ਪਿੰਡ ਨੈਨਵਾਂ ਤੋਂ ਸਰਪੰਚ ਰੋਸ਼ਨ ਲਾਲ ਨੇ ਦੱਸਿਆ ਕਿ ਪੰਚਾਇਤਾਂ ਕੋਲ ਫ਼ੰਡ ਹੋਣ ਦੇ ਬਾਵਜੂਦ ਪੰਚਾਇਤ ਸਕੱਤਰਾਂ ਦੀ ਕਮੀ ਕਾਰਨ ਜੋ ਵਿਕਾਸ ਕਾਰਜ ਸ਼ੁਰੂ ਕਰਨ ਵਿੱਚ ਦੇਰੀ ਹੋ ਰਹੀ ਹੈ ਉਸ ਨਾਲ ਗੰਭੀਰ ਸਮੱਸਿਆ ਸਾਹਮਣੇ ਆ ਸਕਦੀ ਹੈ ਇਸ ਲਈ ਸਰਕਾਰ ਨੂੰ ਸਮੇਂ ਰਹਿੰਦੇ ਕਦਮ ਪੁੱਟਣੇ ਚਾਹੀਦੇ ਹਨੇ।


Deepak Kumar

Content Editor

Related News