ਅਕਾਲੀ ਦਲ ਦਾ ਬਲਾਕ ਸੰਮਤੀ ਮੈਂਬਰ ਗ੍ਰਿਫ਼ਤਾਰ, ਔਰਤ ਨਾਲ ਬਣਾਏ ਸਨ ਜਬਰਨ ਸਰੀਰਕ ਸੰਬੰਧ
Friday, Mar 03, 2023 - 06:00 PM (IST)

ਨੂਰਪੁਰਬੇਦੀ (ਭੰਡਾਰੀ)-ਇਕ ਔਰਤ ਨਾਲ ਘਰ ’ਚ ਦਾਖ਼ਲ ਹੋ ਕੇ ਜਬਰਨ ਸਰੀਰਕ ਸੰਬੰਧ ਬਣਾਉਣ ਦੇ ਮਾਮਲੇ ’ਚ ਨਾਮਜ਼ਦ ਅਤੇ ਫਰਾਰ ਚੱਲੇ ਆ ਰਹੇ ਅਕਾਲੀ ਦਲ ਨਾਲ ਸੰਬੰਧਤ ਪਿੰਡ ਝੱਜ ਤੋਂ ਬਲਾਕ ਸੰਮਤੀ ਮੈਂਬਰ ਨੂੰ ਕਲਵਾਂ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਔਰਤ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਬੀਤੇ ਦਿਨੀਂ ਉਸ ਦੀ ਸੱਸ ਪਿੰਡ ’ਚ ਕਿਸੇ ਵਿਆਹ ਸਮਾਗਮ ’ਚ ਗਈ ਹੋਈ ਸੀ ਜਦਕਿ ਪਤੀ ਡਿਊਟੀ ’ਤੇ ਗਿਆ ਹੋਇਆ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਪਿੰਡ ਝੱਜ ਤੋਂ ਬਲਾਕ ਸੰਮਤੀ ਮੈਂਬਰ ਸਵਰਨਜੀਤ ਸਿੰਘ ਪੁੱਤਰ ਮਦਨ ਲਾਲ ਨੇ ਘਰ ’ਚ ਦਾਖ਼ਲ ਹੋ ਕੇ ਜ਼ਬਰਦਸਤੀ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਦੀ ਟੀ-ਸ਼ਰਟ ਵੀ ਪਾੜ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਜਲੰਧਰ 'ਚ ਘਰਾਂ ਦੇ ਬਾਹਰ ਲੱਗ ਰਹੀਆਂ UID ਨੰਬਰ ਪਲੇਟਾਂ, ਲਿੰਕ ਕੀਤਾ ਜਾ ਰਿਹੈ ਮੋਬਾਇਲ ਨੰਬਰ
ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਕਥਿਤ ਦੋਸ਼ੀ ਫਰਾਰ ਹੋ ਗਿਆ ਸੀ। ਪੁਲਸ ਨੇ 22 ਸਾਲਾ ਪੀੜਤ ਔਰਤ ਵੱਲੋਂ ਲਗਾਏ ਉਕਤ ਦੋਸ਼ਾਂ ਦੇ ਆਧਾਰ ’ਤੇ ਅਕਾਲੀ ਦਲ ਨਾਲ ਸੰਬੰਧਤ ਉਕਤ ਬਲਾਕ ਸੰਮਤੀ ਮੈਂਬਰ ਸਵਰਨਜੀਤ ਸਿੰਘ ਪੁੱਤਰ ਮਦਨ ਲਾਲ, ਨਿਵਾਸੀ ਪਿੰਡ ਝੱਜ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਫਰਾਰ ਦੋਸ਼ੀ ਦੀ ਭਾਲ ਆਰੰਭ ਦਿੱਤੀ ਸੀ। ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਪੁਲਸ ਚੌਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਫਰਾਰ ਕਥਿਤ ਦੋਸ਼ੀ ਨੂੰ ਮੁਖਬਰ ਦੀ ਸੂਚਨਾ ’ਤੇ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰਕੇ ਅੱਜ ਦੁਪਹਿਰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਨੇ ਉਸ ਨੂੰ 14 ਮਾਰਚ ਤੱਕ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਣ ਦੇ ਆਦੇਸ਼ ਦਿੱਤੇ।
ਇਹ ਵੀ ਪੜ੍ਹੋ : ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਸਰਕਾਰ ਨੂੰ ਘੇਰਣ ਦੀ ਖਿੱਚੀ ਤਿਆਰੀ, ਹਮਲਾਵਰ ਰਣਨੀਤੀ ਕੀਤੀ ਤੈਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।