ਗੜ੍ਹਸ਼ੰਕਰ ਪੁਲਸ ਮੁਲਾਜ਼ਮਾਂ ਨੇ ਮਾਰਿਆ ਫ਼ੌਜੀ ਸੂਬੇਦਾਰ ਦੇ ਘਰ ਡਾਕਾ: ਨਿਮਿਸ਼ਾ ਮਹਿਤਾ

Friday, Oct 18, 2024 - 05:42 AM (IST)

ਗੜ੍ਹਸ਼ੰਕਰ ਪੁਲਸ ਮੁਲਾਜ਼ਮਾਂ ਨੇ ਮਾਰਿਆ ਫ਼ੌਜੀ ਸੂਬੇਦਾਰ ਦੇ ਘਰ ਡਾਕਾ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ- ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਪਿੰਡ ਖਾਨਪੁਰ ਵਾਸੀਆਂ ਦੀ ਪੁਕਾਰ 'ਤੇ ਉਥੇ ਪਹੁੰਚੇ ਕੇ ਲੋਕਾਂ ਨਾਲ ਪ੍ਰਸ਼ਾਸਨ ਵੱਲੋਂ ਹੋ ਰਹੀ ਧੱਕੇਸ਼ਾਹੀ ਦੀ ਸਾਰ ਲਈ ਅਤੇ ਪਿੰਡ ਵਿਚ ਪੁਲਸ ਮੁਲਾਜ਼ਮਾਂ ਵੱਲੋਂ ਮਾਰੇ ਡਾਕਿਆਂ ਵਾਲੇ ਘਰਾਂ ਦਾ ਆਪ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੁਲਸ ਆਮ ਲੋਕਾਂ ਦੀ ਸੁਰੱਖਿਆ ਲਈ ਕੰਮ ਕਰਦੀ ਹੈ ਪਰ ਗੜ੍ਹਸ਼ੰਕਰ ਵਿਚ ਪੁਲਸ ਲੋਕਾਂ ਦੀ ਸੁਰੱਖਿਆ ਕਰਨ ਦੀ ਬਜਾਏ ਲੋਕਾਂ ਦੇ ਵਿਚ ਆਪ ਗੁੰਡਾਗਰਦੀ ਅਤੇ ਲੋਕਾਂ ਦੇ ਘਰਾਂ ਵਿਚ ਜਾ ਕੇ ਮੁਲਾਜ਼ਮ ਆਪ ਡਾਕੇ ਮਾਰ ਰਹੇ ਹਨ। 

ਭਾਜਪਾ ਆਗੂ ਨੇ ਭਾਰਤੀ ਫ਼ੌਜ ਦੇ ਸੂਬੇਦਾਰ ਅਵਤਾਰ ਸਿੰਘ ਜਿਸ ਦੀ ਧਰਮ ਪਤਨੀ ਪੰਚਾਇਤੀ ਚੋਣਾਂ ਵਿਚ ਸਰਪੰਚ ਦੀ ਚੋਣ ਲੜ ਰਹੀ ਸੀ, ਉਸ ਦੇ ਘਰ ਦਾ ਜਾਇਜ਼ਾ ਪੱਤਰਕਾਰਾਂ ਅਤੇ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਲਿਆ, ਜਿੱਥੇ ਫ਼ੌਜੀ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੇ ਦੱਸਿਆ ਕਿ ਪਿੰਡ ਵਿਚ ਪੰਜਾਬ ਪੁਲਸ ਦੇ ਮੁਲਾਜ਼ਮ ਤਿੰਨ ਗੱਡੀਆਂ ਲੈ ਕੇ ਆਏ ਅਤੇ ਆ ਕੇ ਉਸ ਦੇ ਘਰ ਦਾ ਪਹਿਲਾਂ ਤਾਲਾ ਤੋੜਿਆ ਅਤੇ ਫਿਰ ਦਰਵਾਜ਼ੇ ਭੰਨ ਕੇ ਉਸ ਦੇ ਸਾਰੇ ਕਮਰਿਆਂ ਵਿਚ ਦਾਖ਼ਲ ਹੋ ਕੇ ਅਲਮਾਰੀਆਂ ਦੇ ਜਿੰਦਰੇ ਤੋੜੇ ਅਤੇ ਘਰ ਵਿਚੋਂ ਤਿੰਨ ਲੱਖ ਰੁਪਏ ਨਕਦੀ ਸਮੇਤ ਸੋਨਾ ਚੋਰੀ ਕਰਕੇ ਲੈ ਗਏ। 

ਇਹ ਵੀ ਪੜ੍ਹੋ- ਕੈਨੇਡਾ 'ਚ ਜਨਮ ਦਿਨ ਮਨਾ ਕੇ ਸੁੱਤਾ ਪੰਜਾਬੀ ਨੌਜਵਾਨ ਸਵੇਰੇ ਉੱਠਿਆ ਹੀ ਨਹੀਂ

ਇਸੇ ਤਰੀਕੇ ਨਾਲ ਬਹਾਦਰ ਸਿੰਘ ਦੇ ਘਰ ਜਾ ਕੇ ਇਨ੍ਹਾਂ ਮੁਲਾਜ਼ਮਾਂ ਨੇ ਪਹਿਲਾਂ ਉਸ ਦੀ ਗੱਡੀ ਭੰਨੀ ਅਤੇ ਫਿਰ ਚੋਰਾਂ ਵਾਂਗ ਸਾਰਾ ਸਾਮਾਨ ਉਥਲ-ਪੁਥਲ ਕਰ ਦਿੱਤਾ ਅਤੇ ਅਲਮਾਰੀ ਵਿਚੋਂ ਇਕ ਲੱਖ ਦੀ ਨਕਦੀ ਸਮੇਤ ਗਹਿਣੇ ਚੁੱਕ ਕੇ ਲੈ ਗਏ। ਇਹ ਗੱਲ ਬਹਾਦਰ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਆਪ ਭਾਜਪਾ ਆਗੂ ਨੂੰ ਪਿੰਡ ਵਾਸੀਆਂ ਦੇ ਸਾਹਮਣੇ ਦੱਸੀ। ਫ਼ੌਜੀ ਅਵਤਾਰ ਸਿੰਘ ਦੇ ਘਰ ਵੀ ਮੁਲਾਜ਼ਮਾਂ ਵੱਲੋਂ ਉਸ ਦੇ ਬੁਲੇਟ ਮੋਟਰਾਈਕਲ ਅਤੇ ਕਾਰ ਦੀ ਭੰਨਤੋੜ ਕੀਤੀ ਗਈ। ਘਰ ਵਿਚ ਚੋਰਾਂ ਡਾਕੂਆਂ ਵਾਂਗ ਬੁਰੀ ਤਰ੍ਹਾਂ ਫਰੋਲਾ-ਫਰਾਲੀ ਕਰਕੇ ਉਥਲ-ਪੁਥਲ ਮਚਾਈ ਗਈ।  ਇਸ ਸਾਰੇ ਵਾਕਿਆ ਬਾਰੇ ਬੋਲਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਪੁਲਸ ਪਰਚੇ ਵਿਚ ਨਾਮਜ਼ਦ ਬੰਦਿਆਂ ਨੂੰ ਲੱਭਣ ਜਾਂ ਗ੍ਰਿਫ਼ਤਾਰ ਕਰਨ ਆਈ ਹੁੰਦੀ ਤਾਂ ਪੁਲਸ ਇਸ ਤਰ੍ਹਾਂ ਨਾਲ ਘਰ ਦੇ ਤਾਲੇ ਤੋੜ ਕੇ ਅਲਮਾਰੀਆਂ ਵਿਚੋਂ ਗਹਿਣੇ ਅਤੇ ਲੱਖਾਂ ਦੀ ਨਕਦੀ ਚੋਰੀ ਨਾ ਕਰਦੀ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਆਮ ਜਨਤਾ ਪੁਲਸ ਤੋਂ ਆਪਣੀ ਸੁਰੱਖਿਆ ਦੀ ਉਮੀਦ ਕਰਦੀ ਹੈ ਅਤੇ ਚੋਰੀ ਹੋਣ 'ਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਜਾਂਦੀ ਹੈ ਪਰ ਇਥੇ ਪੁਲਸ ਆਪ ਸ਼ਰੇਆਮ ਜਾ ਕੇ ਲੋਕਾਂ ਦੇ ਘਰਾਂ ਵਿਚ ਚੋਰੀ ਕਰ ਰਹੀ ਹੈ ਅਤੇ ਪੁੱਛਣ ਵਾਲਾ ਕੋਈ ਨਹੀਂ। 

ਇਹ ਵੀ ਪੜ੍ਹੋ- ਕੁੱਲੜ੍ਹ ਪਿੱਜ਼ਾ ਕੱਪਲ ਵੱਲੋਂ ਸੁਰੱਖਿਆ ਦੀ ਮੰਗ ਕਰਨ ਮਗਰੋਂ ਨਿਹੰਗ ਸਿੰਘ ਨੇ ਮੁੜ ਲਾਈਵ ਹੋ ਕੇ ਦਿੱਤੀ ਚਿਤਾਵਨੀ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਲਦਿਆਂ ਪੁਲਸ ਸ਼ਰੇਆਮ ਲੋਕਾਂ ਨਾਲ ਗੁੰਡਾਗਰਦੀ ਅਤੇ ਧੱਕੇਸ਼ਾਹੀ ਕਰ ਰਹੀ ਹੈ ਅਤੇ ਗੜ੍ਹਸ਼ੰਕਰ ਦਾ ਵਿਧਾਇਕ ਜੋਕਿ ਡਿਪਟੀ ਸਪੀਕਰ ਬਣ ਕੇ ਆਪਣੇ ਆਪ ਨੂੰ ਸਰਕਾਰ ਦਾ ਮੰਤਰੀ ਦੱਸਦਾ ਫਿਰਦਾ ਹੈ, ਅੱਜ ਗੜ੍ਹਸ਼ੰਕਰ ਵਾਸੀਆਂ ਦੀਆਂ ਵੋਟਾਂ ਲੈਣ ਤੋਂ ਬਾਅਦ ਵਿਧਾਇਕ ਬਣ ਕੇ ਉਨ੍ਹਾਂ ਨਾਲ ਹੋ ਰਹੀ ਗੁੰਡਾਗਰਦੀ ਖ਼ਿਲਾਫ਼ ਆਵਾਜ਼ ਤਾਂ ਕੀ ਚੁੱਕਣੀ ਅੱਜ ਬਿਲਕੁਲ ਚੁੱਪੀ ਧਾਰ ਕੇ ਬੈਠ ਗਿਆ ਹੈ, ਜਿਸ ਦਾ ਮਤਲਬ ਸਾਫ਼ ਹੈ ਕਿ ਪੁਲਸ ਦੀ ਇਹ ਧੱਕੇਸ਼ਾਹੀ ਵਿਧਾਇਕ ਦੇ ਇਸ਼ਾਰੇ 'ਤੇ ਹੀ ਲੋਕਾਂ ਨਾਲ ਹੋ ਰਹੀ ਹੈ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਚਿਤਾਵਨੀ ਦਿੰਦੇ ਕਿਹਾ ਕਿ ਪੁਲਸ ਦੇ ਉੱਚ ਅਧਿਕਾਰੀ ਇਸ ਮਸਲੇ 'ਤੇ ਧਿਆਨ ਦੇ ਕੇ ਆਪ ਕਾਰਵਾਈ ਕਰਨ ਨਹੀਂ ਤਾਂ ਉਹ ਇਲਾਕਾ ਗੜ੍ਹਸ਼ੰਕਰ ਦੀ ਸੰਗਤ ਨੂੰ ਨਾਲ ਲੈ ਕੇ ਪੁਲਸ ਨੂੰ ਬਹੁਤ ਸਖ਼ਤ ਸਬਕ ਸਿਖਾਉਣਗੇ ਤਾਂਕਿ ਭਵਿੱਖ ਵਿਚ ਭੋਲੇ-ਭਾਲੇ ਗੜ੍ਹਸ਼ੰਕਰ ਵਾਸੀਆਂ ਨਾਲ ਇਹੋ-ਜਿਹੀ ਬਦਸਲੂਕੀ ਕੋਈ ਨਾ ਕਰ ਸਕੇ। 

ਇਹ ਵੀ ਪੜ੍ਹੋ- ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੇ SAD ਦੇ ਕਾਰਜਕਾਰੀ ਪ੍ਰਧਾਨ ਭੂੰਦੜ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News