ਬਿਹਾਰ ਤੋਂ ਲਿਆਉਂਦੇ ਸਨ ਗਾਂਜਾ, ਪਿਓ ਤੇ ਬੇਟਾ-ਬੇਟੀ ਸਮੇਤ 6 ਗ੍ਰਿਫ਼ਤਾਰ
Sunday, Mar 27, 2022 - 03:42 PM (IST)
ਜਲੰਧਰ (ਮਹੇਸ਼) : ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀ ਸੂਚਨਾ ’ਤੇ ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ (ਐੱਸ. ਓ. ਯੂ.) ਦੀ ਟੀਮ ਨੇ ਸੂਰਿਆ ਐਨਕਲੇਵ ਇਲਾਕੇ 'ਚ ਰੇਡ ਕਰਕੇ 30 ਕਿਲੋ ਗਾਂਜਾ ਬਰਾਮਦ ਕਰਦਿਆਂ ਪਿਓ ਤੇ ਬੇਟਾ-ਬੇਟੀ ਸਮੇਤ 6 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਟਰੇਨ ਤੇ ਬੱਸ ਵਿਚ ਬਿਹਾਰ ਤੋਂ ਗਾਂਜਾ ਲਿਆ ਕੇ ਜਲੰਧਰ ਦੇ ਨੇੜਲੇ ਇਲਾਕਿਆਂ ’ਚ ਸਪਲਾਈ ਕਰਦੇ ਸਨ।
ਇਹ ਵੀ ਪੜ੍ਹੋ : ਵਿਆਹੁਤਾ NRI ਨੌਜਵਾਨ ਨੇ ਵਿਆਹ ਕਰਵਾਉਣ ਲਈ ਰਚੀ ਸਾਜ਼ਿਸ਼, ਕੀਤਾ ਸ਼ਰਮਨਾਕ ਕਾਰਾ
ਏ. ਸੀ. ਪੀ. ਸੈਂਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਇੰਚਾਰਜ ਐੱਸ. ਆਈ. ਅਸ਼ੋਕ ਕੁਮਾਰ ਸ਼ਰਮਾ ਵੱਲੋਂ ਪੁਲਸ ਪਾਰਟੀ ਸਮੇਤ ਮੇਨ ਗੇਟ ਸੂਰਿਆ ਐਨਕਲੇਵ ਪਾਰਕ ਨੇੜਿਓਂ ਗ੍ਰਿਫ਼ਤਾਰ ਕੀਤੇ ਗਏ ਉਕਤ ਮੁਲਜ਼ਮਾਂ ਦੀ ਪਛਾਣ ਅਰਵਿੰਦ ਮੰਡਲ ਪੁੱਤਰ ਪੰਚਾਲ ਮੰਡਲ ਵਾਸੀ ਪਿੰਡ ਮਜਦੀਆਂ ਥਾਣਾ ਕੁਰਸੇਲਾ ਜ਼ਿਲ੍ਹਾ ਕਟਿਆਲ (ਬਿਹਾਰ) ਹਾਲ ਵਾਸੀ ਸੈਕਟਰ-80 ਪਿੰਡ ਸੋਨੀ ਜਿਰੰਦਾ ਚੰਡੀਗੜ੍ਹ, ਰੋਸ਼ਨ ਲਾਲ ਪੁੱਤਰ ਲੱਖੂ ਰਾਮ ਵਾਸੀ ਇੰਦਰਾ ਕਾਲੋਨੀ ਥਾਣਾ ਨੰਬਰ 1 ਜਲੰਧਰ, ਚੰਦੂ ਰਾਮ ਪੁੱਤਰ ਲੱਖੂ ਰਾਮ ਵਾਸੀ ਮੁਹੱਲਾ ਦੌਲਤਪੁਰੀ ਕਪੂਰ ਕਾਲੋਨੀ ਨਜ਼ਦੀਕ ਦੋਮੋਰੀਆ ਪੁਲ ਥਾਣਾ ਰਾਮਾ ਮੰਡੀ, ਗੀਤਾ ਰਾਣੀ ਪੁੱਤਰੀ ਲੱਖੂ ਰਾਮ ਵਾਸੀ ਇੰਦਰਾ ਕਾਲੋਨੀ ਥਾਣਾ ਨੰਬਰ 1 ਜਲੰਧਰ, ਗੀਤਾ ਦੇਵੀ ਪਤਨੀ ਜੋਤੀ ਸਿੰਘ ਵਾਸੀ ਪਿੰਡ ਅਤੇ ਥਾਣਾ ਦਮਦਮਾਹਾ ਜ਼ਿਲ੍ਹਾ ਪੂਰਨੀਆ (ਬਿਹਾਰ), ਕੰਚਨ ਕੁਮਾਰੀ ਪਤਨੀ ਸਿਥੀਨਾਰ ਵਰਮਾ ਉਰਫ਼ ਸੁਧੀਰ ਮੰਡਲ ਵਾਸੀ ਪਿੰਡ ਗਰਾਮਨਮਾ ਟੋਲਾ ਜ਼ਿਲ੍ਹਾ ਭਾਗਲਪੁਰ ਬਿਹਾਰ ਵਜੋਂ ਹੋਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ 'ਚ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਕਰਨ ਲਈ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਸਾਰੇ ਮੁਲਜ਼ਮਾਂ ਦਾ ਸਬੰਧਤ ਥਾਣਿਆਂ 'ਚੋਂ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ।