ਕਾਂਗਰਸ ਸਰਕਾਰ ਨੇ 4 ਸਾਲਾਂ ’ਚ ਲੋਕਾਂ ਨੂੰ ਕੁਝ ਨਹੀਂ ਦਿੱਤਾ : ਬੀਬੀ ਜਗੀਰ ਕੌਰ

4/5/2021 1:53:34 PM

ਬੇਗੋਵਾਲ (ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੀਤੀਆਂ ਜਾ ਰਹੀਆਂ ਰੈਲੀਆਂ ਤਹਿਤ ਕਾਂਗਰਸ ਪਾਰਟੀ ਦੇ ਪਿਛਲੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਦੇ ਚਿੱਠੇ ਫੋਲੇ ਜਾ ਰਹੇ ਹਨ। ਇਸ ਸਬੰਧੀ ਅੱਜ 5 ਅਪ੍ਰੈਲ ਨੂੰ ਦਾਣਾ ਮੰਡੀ ਨਡਾਲਾ, ਵਿਚ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਸਬੰਧੀ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ :  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੁੱਟਣ ਲੱਗੀ ਭਾਜਪਾ, ਜ਼ਿਲ੍ਹਾ ਸਕੱਤਰ ਨੇ ਦਿੱਤਾ ਅਸਤੀਫ਼ਾ

ਉਨ੍ਹਾਂ ਤੋਂ ਇਲਾਵਾ ਹੋਰ ਪਾਰਟੀ ਲੀਡਰਸ਼ਿਪ ਵੀ ਪਹੁੰਚ ਰਹੀ ਹੈ। ਉਨ੍ਹਾਂ ਆਖਿਆ ਕਿ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ 4 ਸਾਲਾਂ ’ਚ ਲੋਕਾਂ ਨੂੰ ਸਿਵਾਏ ਲਾਰਿਆਂ ਅਤੇ ਝੂਠ ਦੇ ਕੁਝ ਨਹੀਂ ਦਿੱਤਾ। ਝੂਠੀਆਂ ਸਹੂੰ ਖਾ ਕੇ ਝੂਠ ਦੇ ਸਹਾਰੇ ਹੀ ਸਰਕਾਰ ਚਲਾਈ ਗਈ ਹੈ। ਹੁਣ 1 ਸਾਲ ਰਹਿੰਦੀਆਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਹੁਣ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ। 2022 ਵਿਚ ਫਿਰ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ’ਚ ਵੱਧ-ਚੜ੍ਹ ਕੇ ਹਿੱਸਾ ਲੈਣ।

ਇਹ ਵੀ ਪੜ੍ਹੋ :  ਦੁਖਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਨਵਾਂਸ਼ਹਿਰ ਦੇ ਕਿਸਾਨ ਕੇਵਲ ਸਿੰਘ ਦੀ ਹੋਈ ਮੌਤ

ਐੱਸ. ਐੱਸ. ਪੀ. ਨੇ ਰੈਲੀ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਦੂਜੇ ਪਾਸੇ ਨਡਾਲਾ ਵਿਖੇ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਰੈਲੀ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿਚ ਆ ਗਿਆ ਹੈ। ਐੱਸ. ਐੱਸ. ਪੀ. ਕਪੂਰਥਲਾ ਕੰਵਰਦੀਪ ਕੌਰ ਖੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ। ਕੋਰੋਨਾ ਦੇ ਮੱਦੇਨਜ਼ਰ ਲੋਕਾਂ ਦੇ ਬੈਠਣ ਅਤੇ ਮਾਸਕ ਪਾਉਣ ਬਾਬਤ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ।ਐੱਸ. ਪੀ. (ਐੱਚ) ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਰੈਲੀ ਵਿਚ ਆਏ ਲੋਕਾਂ ਨੂੰ ਸਮਾਜਿਕ ਦੂਰੀ ਬਣ ਕੇ ਬੈਠਣ ਤੇ ਮਾਸਕ ਪਾਉਣ ਲਈ ਕਿਹਾ ਜਾਵੇਗਾ। ਲੋੜ ਪੈਣ ’ਤੇ ਮਾਸਕ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ’ਤੇ ਅਮਲ ਕਰਨ। ਇਸ ਮੌਕੇ ਡੀ. ਐੱਸ. ਪੀ. ਭੁਲੱਥ ਸੰਦੀਪ ਸਿੰਘ ਮੰਡ, ਥਾਣਾ ਮੁਖੀ ਸੁਭਾਨਪੁਰ ਅਮਨਦੀਪ ਨਾਹਰ, ਥਾਣਾ ਮੁਖੀ ਬੇਗੋਵਾਲ ਰਕੇਸ਼ ਕੁਮਾਰ, ਥਾਣਾ ਮੁਖੀ ਢਿਲਵਾਂ ਹਰਜਿੰਦਰ ਸਿੰਘ, ਚੌਕੀ ਮੁਖੀ ਨਡਾਲਾ ਦੀਪਕਾ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 15 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਸੱਚਾਈ ਜਾਣ ਮਾਪਿਆਂ ਦੇ ਵੀ ਉੱਡੇ ਹੋਸ਼


shivani attri

Content Editor shivani attri