ਭੁਲੱਥ ਹਸਪਤਾਲ ਡਾਕਟਰਾਂ ਦੀ ਘਾਟ ਦਾ ਹੋ ਰਿਹਾ ਸ਼ਿਕਾਰ, ਸਰਕਾਰ ਅਤੇ ਵਿਭਾਗ ਬੇਪ੍ਰਵਾਹ

02/02/2020 6:31:46 PM

ਭੁਲੱਥ (ਭੂਪੇਸ਼)— ਭਾਵੇਂ ਪੰਜਾਬ ਸਰਕਾਰ ਨੇ ਸਬ ਡਿਵੀਜ਼ਨ  ਦੇ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਰੱਖਦੇ ਹੋਏ ਕਸਬਾ ਭੁਲੱਥ ਵਿਖੇ 9 ਕਰੋੜ ਰੁਪਏ ਤੋਂ ਵੱਧ ਰਕਮ ਖਰਚ ਕਰ ਕੇ ਸਬ ਡਿਵੀਜ਼ਨ ਹਸਪਤਾਲ ਉਸਾਰਿਆ ਗਿਆ ਪਰ ਹਸਪਤਾਲ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਨਾਲ ਪਹਿਲੇ ਦਿਨ ਤੋਂ ਹੀ ਜੂਝਦਾ ਆ ਰਿਹਾ ਹੈ ਅਤੇ ਜਿਹੜੇ ਡਾਕਟਰ ਹਸਪਤਾਲ 'ਚ ਤਾਇਨਾਤ ਹਨ, ਉਹ ਵੀ ਮਰੀਜ਼ਾਂ ਨੂੰ ਜ਼ਿਆਦਾਤਾਰ ਦਵਾਈਆਂ ਬਾਹਰੋਂ ਹੀ ਲੈਣ ਲਈ ਨਿਰਦੇਸ਼ ਦਿੰਦੇ ਹਨ।

ਕੁੱਤੇ ਦੇ ਕੱਟਣ 'ਤੇ ਲੱਗਣ ਵਾਲੇ ਟੀਕੇ ਵੀ ਉਪਲਬਧ ਨਹੀਂ
ਹਸਪਤਾਲ ਕੁੱਤੇ ਆਦਿ ਦੇ ਕੱਟਣ 'ਤੇ ਮਨੁੱਖ ਦੇ ਲੱਗਣ ਵਾਲੇ ਟੀਕੇ ਵੀ ਉਪਲਬਧ ਨਹੀਂ ਹਨ ਹਾਲਾਂਕਿ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੀ ਜਾਣਦੀ ਹੈ ਕਿ ਕੁੱਤਿਆਂ ਦੀ ਭਾਰੀ ਤਾਦਾਦ 'ਚ ਭਰਮਾਰ ਹੈ। ਜਿਸ ਕਿਸੇ ਵੇਲੇ ਹੀ ਮਨੁੱਖੀ ਜਾਨ ਲਈ ਖਤਰਾ ਬਣ ਸਕਦੇ ਹਨ ਪਰ ਸਰਕਾਰ ਅਤੇ ਸਿਹਤ ਵਿਭਾਗ ਦੀ ਨੀਤੀ ਹੀ ਇਸ ਮਾਮਲੇ 'ਚ ਹੀ ਸਹੀ ਨਹੀਂ।

ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਦਾ ਵੀ ਡੈਪੂਟੇਸ਼ਨ
ਸਬ ਡਿਵੀਜ਼ਨ ਪੱਧਰ ਦਾ ਇਹ ਕਿਹੜਾ ਹਸਪਤਾਲ ਹੈ, ਜਿੱਥੇ ਹੋਰ ਤਾਂ ਕੀ ਔਰਤਾਂ ਦੇ ਮਾਹਿਰ ਡਾਕਟਰ ਤਇਨਾਤ ਹੈ ਤੇ ਉਸ ਦਾ ਵੀ ਅੱਧੇ ਦਿਨ ਦਾ ਡੈਪੂਟੇਸ਼ਨ ਮਹਿਕਮੇ ਵੱਲੋਂ ਲਗਾ ਰੱਖਿਆ ਹੈ। ਹਾਲਾਂਕਿ ਔਰਤ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਹਸਪਤਾਲ 'ਚ ਚਮੜੀ ਦੇ ਰੋਗਾਂ ਅਤੇ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਵੀ ਨਹੀਂ ਹਨ।

ਮੈਡੀਕਲ ਸਰਜਨ ਅਤੇ ਬੇਹੋਸ਼ੀ ਵਾਲੇ ਡਾਕਟਰ ਨਾ ਹੋਣ 'ਤੇ ਨਹੀਂ ਹੋ ਰਹੇ ਮਰੀਜ਼ਾਂ ਦੇ ਆਪ੍ਰੇਸ਼ਨ
ਭਾਵੇਂ ਸੀਨੀਅਰ ਮੈਡੀਕਲ ਅਫਸਰ ਨੇ ਇਸ ਹਸਪਤਾਲ 'ਚ ਮਰੀਜ਼ਾਂ ਨੂੰ ਪੂਰੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਅਥਾਹ ਯਤਨ ਕੀਤੇ ਪਰ ਸਿਹਤ ਵਿਭਾਗ ਦੀ ਸੌੜੀ ਨੀਤੀ ਅੱਗੇ ਐੱਸ. ਐੱਮ. ਓ. ਵੀ ਬੇਵੱਸ ਹੀ ਨਜ਼ਰ ਆਉਣ ਲੱਗੇ। ਕਿਉਂਕਿ ਹਸਪਤਾਲ 'ਚ ਮਰੀਜ਼ਾਂ ਦੇ ਆਪ੍ਰੇਸ਼ਨ ਕਰਨ ਵਾਲੇ ਮੈਡੀਕਲ ਸਰਜਨ ਅਤੇ ਹਸਪਤਾਲ ਸਮੇਂ ਮਰੀਜ਼ ਨੂੰ ਬੇਹੋਸ਼ ਕਰਨ ਅਤੇ ਹੋਸ਼ 'ਚ ਲਿਆਉਣ ਵਾਲੇ ਡਾਕਟਰ ਹੀ ਨਾ ਹੋਣ ਕਰ ਕੇ ਮਰੀਜ਼ਾਂ ਨੂੰ ਇਸ ਹਸਪਤਾਲ 'ਚ ਘੱਟ ਖਰਚੇ ਅਤੇ ਆਪ੍ਰੇਸ਼ਨ ਕਰਵਾਉਣ ਦੀ ਆਸ ਦੀ ਕਿਰਨ ਵੀ ਜਾਂਦੀ ਰਹੀ। ਸਰਕਾਰ ਤੇ ਸਿਹਤ ਵਿਭਾਗ ਦੀ ਅਣਦੇਖੀ ਕਰ ਕੇ ਮਰੀਜ਼ਾਂ ਦਾ ਰੁੱਖ ਮੁੜ ਮਹਿੰਗੇ ਹਸਪਤਾਲਾਂ ਵੱਲ ਹੋ ਚੁੱਕਾ ਹੈ। ਭਾਵੇ ਕੁਝ ਮਰੀਜ਼ ਸਰਕਾਰ ਦੀ ਸਿਹਤ ਯੋਜਨਾ ਦਾ ਲਾਭ ਲੈ ਲੈਂਦੇ ਹਨ ਪਰ ਜਿਨ੍ਹਾਂ ਦਾ ਯੋਜਨਾ ਦਾ ਕਾਰਡ ਹੀ ਨਹੀਂ ਉਨ੍ਹਾਂ ਨੂੰ ਤਾਂ ਵੱਡੇ ਨਿੱਜੀ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।


shivani attri

Content Editor

Related News