ਟੋਲ ਅਦਾ ਕਰਨ ਦੇ ਬਾਵਜੂਦ ਹਾਈਵੇ ਤੋਂ ਲੰਘਣ ਵਾਲੇ ਵਾਹਨ ਚਾਲਕ ਹੋ ਰਹੇ ਪ੍ਰੇਸ਼ਾਨ

12/09/2019 8:56:01 PM

ਭੋਗਪੁਰ,(ਸੂਰੀ) : ਜਲੰਧਰ ਜੰਮੂ ਨੈਸ਼ਨਲ ਹਾਈਵੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭੋਗਪੁਰ ਸ਼ਹਿਰ 'ਚੋਂ ਲੰਘਣਾ ਬੇਹੱਦ ਔਖਾ ਹੋ ਚੁੱਕਾ ਹੈ। ਭੋਗਪੁਰ ਸ਼ਹਿਰ ਵਿਚੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਇਸ ਹਾਈਵੇ 'ਤੇ ਸਥਿਤ ਚੌਲਾਂਗ ਟੋਲ ਪਲਾਜ਼ਾ 'ਤੇ ਟੋਲ ਅਦਾ ਕਰਨ ਦੇ ਬਾਵਜੂਦ ਨਾ ਤਾਂ ਚੰਗੀ ਸੜਕ ਮਿਲ ਸਕੀ ਹੈ ਅਤੇ ਨਾ ਹੀ ਸ਼ਹਿਰ ਵਿਚੋਂ ਲੰਘਣ ਸਮੇਂ ਲਗਦੇ ਭਾਰੀ ਟਰੈਫਿਕ ਜਾਮ ਤੋਂ ਛੁੱਟਕਾਰਾ ਮਿਲਦਾ ਨਜ਼ਰ ਆ ਰਿਹਾ ਹੈ। ਸ਼ਹਿਰ ਵਿਚ ਹਰ ਰੋਜ਼ ਨਜਾਇਜ਼ ਪਰਕਿੰਗ ਅਤੇ ਜਗਾ-ਜਗਾ ਨਜਾਇਜ਼ ਕਬਜ਼ੇ ਹੋਣ ਕਾਰਨ ਕੌਮੀ ਸ਼ਾਹ ਮਾਰਗ 'ਤੇ ਟਰੈਫਿਕ ਜਾਮ ਰਹਿੰਦੀ ਹੈ। ਸ਼ਹਿਰ ਵਿਚ ਸੜਕ ਦੇ ਦੋਨੋ ਪਾਸੇ ਸਾਰਾ ਦਿਨ ਕਾਰਾਂ ਅਤੇ ਹੋਰ ਵਾਹਨ ਸੜਕ ਵਿਚਕਾਰ ਖੜੇ ਰਹਿੰਦੇ ਹਨ। ਲੋਕਾਂ ਵਲੋਂ ਕਈ ਬਾਰ ਇਹ ਮਾਮਲਾ ਥਾਣਾ ਭੋਗਪੁਰ ਅਤੇ ਟਰੈਫਿਕ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਪਰ ਸਥਾਨਕ ਪੁਲਸ ਅਤੇ ਟਰੈਫਿਕ ਵਿਭਾਗ ਵੀ ਕੁੱਭਕਰਨੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ। ਭੋਗਪੁਰ ਸ਼ਹਿਰ ਵਿਚੋਂ ਇਕ ਕਿਲੋਮੀਟਰ ਦੇ ਕਰੀਬ ਕੌਮੀ ਸ਼ਾਹ ਮਾਰਗ ਗੁਜ਼ਰਦਾ ਹੈ ਪਰ ਇਸ ਇਕ ਕਿਲੋਮੀਟਰ ਲੰਮੇ ਰਸਤੇ ਨੂੰ ਤਹਿ ਕਰਨ ਵਿਚ ਸੜਕ ਤੋਂ ਲੰਘਣ ਵਾਲੀਆਂ ਗੱਡੀਆਂ ਨੂੰ ਕਈ ਵਾਰ ਅੱਧੇ ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗ ਜਾਂਦਾ ਹੈ।

PunjabKesari

ਸ਼ਹਿਰ 'ਚ ਲੰਘਦੇ ਹਾਈਵੇ ਦੀ ਸੜਕ ਧਸਣ ਕਾਰਨ ਸੜਕ 'ਤੇ ਬਣੇ ਸਪੀਡ ਬਰੇਕਰ
ਭੋਗਪੁਰ ਸਹਿਰ ਵਿਚ ਨੈਸ਼ਨਲ ਹਾਈਵੇ ਅਥਾਰਟੀ ਹੇਠ ਪੈਂਦਾ ਇਹ ਹਾਈਵੇ ਧੱਸ ਚੁੱਕਾ ਹੈ ਅਤੇ ਸੜਕ ਵਿਚ ਸਪੀਡ ਬਰੇਕਰ ਬਣ ਗਏ ਹਨ। ਇਨਾਂ ਸਪੀਡ ਬਰੇਕਰਾਂ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਜਦੋਂ ਦੋਪਹੀਆ ਵਾਹਨ ਇਸ ਸੜਕ ਤੋਂ ਤੇਜ਼ ਗਤੀ ਨਾਲ ਲੰਘਦੇ ਹਨ ਤਾਂ ਕਈ ਵਾਰ ਵਾਹਨ ਬੇਕਾਬੂ ਹੋ ਜਾਂਦੇ ਹਨ। ਇਸੇ ਥਾਂ ਭੋਗਪੁਰ ਸ਼ਹਿਰ ਵਿਚ ਨਜਾਇਜ਼ ਤੌਰ 'ਤੇ ਚੱਲ ਰਹੇ ਪੁਰਾਣੇ ਬੱਸ ਸਟੈਂਡ ਕਾਰਨ ਵੀ ਵਾਹਨਾਂ ਦੀਆਂ ਲੰਮੀਆਂ ਲਾਇਨਾਂ ਲੱਗ ਜਾਂਦੀਆਂ ਹਨ ਪਰ ਪ੍ਰਸਾਸ਼ਨ ਇਸ ਪਾਸੇ ਕੋਈ ਧਿਆਨ ਦਿੰਦਾ ਦਿਖਾਈ ਨਹੀ ਦੇ ਰਿਹਾ ਹੈ।

ਸ਼ਹਿਰ 'ਚੋਂ ਲੰਘਦੇ ਹਾਈਵੇ ਦੇ ਦੋਨੋਂ ਪਾਸੇ ਸੇਫਟੀ ਗਰਿਲਾਂ ਟੁੱਟੀਆਂ
ਭੋਗਪੁਰ ਸ਼ਹਿਰ ਵਿਚ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਦੇ ਦੋਨੋਂ ਪਾਸੇ ਬਣਾਈ ਗਈ ਸਰਵਿਸ ਲੇਨ ਦੇ ਨਾਲ ਸੇਫਟੀ ਗਰਿਲਾਂ ਲਗਾਈਆਂ ਗਈਆਂ ਸਨ। ਇਨ੍ਹਾਂ ਗਰਿਲਾਂ ਨੂੰ ਲਗਾਉਣ ਦਾ ਮੁੱਖ ਮਕਸਦ ਸਰਵਿਸ ਲੇਨ 'ਤੇ ਚੱਲ ਰਹੇ ਲੋਕਾਂ ਨੂੰ ਹਾਈਵੇ 'ਤੇ ਆਉਣ ਤੋਂ ਰੋਕਣਾ ਸੀ। ਕਈ ਲੋਕਾਂ ਵੱਲੋਂ ਸ਼ਹਿਰ ਵਿਚ ਗਰਿਲਾਂ ਨੂੰ ਤੋੜ ਕੇ ਰਸਤੇ ਬਣਾਏ ਗਏ ਹਨ। ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਅਥਰਾਟੀ ਵੱਲੋਂ ਕਈ ਵਾਰ ਇਨਾਂ ਗਰਿਲਾਂ ਦੀ ਮੁਰੰਮਤ ਕਰਕੇ ਇਨਾਂ ਨਜਾਇਜ਼ ਰਸਤਿਆਂ ਨੂੰ ਬੰਦ ਕੀਤਾ ਜਾ ਚੁੱਕਾ ਹੈ ਪਰ ਲੋਕਾਂ ਵੱਲੋਂ ਫਿਰ ਤੋਂ ਗਰਿਲਾਂ ਨੂੰ ਤੋੜ ਦਿੱਤਾ ਗਿਆ ਹੈ। ਭੋਗਪੁਰ ਸ਼ਹਿਰ ਵਿਚ ਨਜਾਇਜ਼ ਤੌਰ 'ਤੇ ਚੱਲ ਰਹੇ ਪੁਰਾਣੇ ਬੱਸ ਸਟੈਂਡ ਦੇ ਆਸਪਾਸ ਤਾਂ ਗਰਿਲਾਂ ਹੀ ਗਾਇਬ ਹੋ ਚੁੱਕੀਆ ਹਨ।
 

ਹਾਈਵੇ ਅਥਾਰਟੀ ਤਿੰਨ ਵਾਰ ਕਰਵਾ ਚੁੱਕਾ ਹੈ ਗਰਿਲਾਂ ਦੀ ਰਿਪੇਅਰ ਪਰ ਦੁਕਾਨਦਾਰ ਤੋੜ ਰਹੇ ਹਨ ਗਰਿਲਾਂ- ਪ੍ਰੋਜੈਕਟ ਪ੍ਰਬੰਧਕ
ਭੋਗਪੁਰ ਸ਼ਹਿਰ ਵਿਚ ਸੜਕ ਦੇ ਆਸਪਾਸ ਟੁੱਟੀਆਂ ਗਰਿਲਾਂ ਅਤੇ ਸੜਕ ਦੇ ਧੱਸਣ ਬਾਰੇ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਜਲੰਧਰ ਦੇ ਪ੍ਰੋਜੈਕਟ ਪ੍ਰਬੰਧਕ ਨਵਨੀਤ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤਿੰਨ ਵਾਰ ਸ਼ਹਿਰ ਵਿਚ ਗਰਿਲਾਂ ਦੀ ਰਿਪੇਅਰ ਕਰਵਾ ਚੁੱਕੇ ਹਨ ਪਰ ਦੁਕਾਨਦਾਰਾਂ ਵੱਲੋਂ ਗਰਿਲਾਂ ਨੂੰ ਤੋੜ ਕੇ ਨਜਾਇਜ਼ ਤੌਰ 'ਤੇ ਰਸਤੇ ਬਣਾ ਲਏ ਜਾਂਦੇ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਭੋਗਪੁਰ ਪੁਲਸ ਅਤੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਪੱਤਰ ਭੇਜ ਦਿੱਤੇ ਗਏ ਹਨ।


Related News