ਭਾਈ ਨੰਦ ਲਾਲ ਪਬਲਿਕ ਸਕੂਲ ਦੀਆਂ ਦੋ ਬੱਸਾਂ ਆਪਸ ’ਚ ਟਕਰਾਉਣ ਤੋਂ ਬਾਅਦ ਟਰੱਕ ਪਿਛੇ ਵੱਜੀਆਂ

11/15/2018 1:32:06 AM

ਸ੍ਰੀ ਕੀਰਤਪੁਰ ਸਾਹਿਬ,   (ਬਾਲੀ)-  ਅੱਜ ਬਾਅਦ ਦੁਪਹਿਰ ਕਰੀਬ 3.40 ਤੇ ਸ੍ਰੀ ਕੀਰਤਪੁਰ ਸਾਹਿਬ -ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਪਿੰਡ ਭਟੋਲੀ ਨਜ਼ਦੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਦੋ ਬੱਸਾਂ ਆਪਸ ਵਿਚ ਟਕਰਾਉਣ ਤੋਂ ਬਾਅਦ ਇਕ ਟਰੱਕ ਦੇ ਪਿੱਛੇ ਟਕਰਾ ਗਈਆਂ, ਜਿਸ ਕਾਰਨ ਦੋਵੇਂ ਬੱਸਾਂ ’ਚ ਸਵਾਰ ਵਿਦਿਆਰਥੀਆਂ ਦੇ ਮਾਮੂਲੀ ਗੁੱਝੀਆਂ ਸੱਟਾਂ ਲੱਗੀਆਂ ਤੇ ਬੱਸਾਂ ਨੂੰ ਵੀ ਨੁਕਸਾਨ ਪੁੱਜਿਆ। ਜਾਣਕਾਰੀ ਅਨੁਸਾਰ ਭਾਈ ਨੰਦ ਲਾਲ ਪਬਲਿਕ ਸਕੂਲ ’ਚ ਛੁੱਟੀ ਹੋਣ ਤੋਂ ਬਾਅਦ ਦੋ ਬੱਸਾਂ ਜਿਨ੍ਹਾਂ ਨੂੰ ਡਰਾਇਵਰ ਹਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਚਲਾ ਰਹੇ ਸਨ, ਵਿਚ ਚੰਗਰ ਇਲਾਕੇ ਦੇ ਪਿੰਡ ਦਬੂਡ਼, ਦੇਹਣੀ ਤੇ ਹੋਰ ਨਜਦੀਕੀ ਪਿੰਡਾਂ ਦੇ 60 ਦੇ ਕਰੀਬ ਵਿਦਿਆਰਥੀ ਜਿੰਨਾਂ ਵਿਚ ਜ਼ਿਆਦਾ ਕਰਕੇ ਛੋਟੇ ਵਿਦਿਆਰਥੀ ਸਨ ਨੂੰ ਬਿਠਾ ਕਿ ਘਰ ਛੱਡਣ ਜਾ ਰਹੀਆ ਸਨ, ਜਦੋਂ ਇਹ ਪਿੰਡ ਨੱਕੀਆਂ ਕਰਾਸ ਕਰਕੇ ਪਿੰਡ ਭਟੋਲੀ ਦੀ ਹੱਦਬਸਤ ’ਚ ਦਾਖਲ ਹੋਈਆਂ ਤਾਂ ਇਕ ਬੱਸ ਦੇ ਅੱਗੇ ਜਾ ਰਹੇ ਇਕ ਟਰੱਕ ਦੇ ਡਰਾਇਵਰ ਨੇ ਕੋਈ ਚੀਜ਼ ਅੱਗੇ ਆਉਣ ਕਾਰਨ ਅਚਾਨਕ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਉਸਦੇ ਪਿੱਛੇ ਜਾ ਰਹੀ ਸਕੂਲ ਬੱਸ ਦੇ ਡਰਾਇਵਰ ਨੇ ਵੀ ਬ੍ਰੇਕ ਲਗਾ ਕਿ ਬੱਸ ਹੌਲੀ ਕਰ ਲਈ ਪਰ ਇਸ ਬੱਸ ਦੇ ਪਿਛੇ ਆ ਰਹੀ ਦੂਸਰੀ ਸਕੂਲ ਬੱਸ ਅਗਲੀ ਬੱਸ ਵਿਚ ਜਾ ਟਕਰਾਈ ਜਿਸ ਕਾਰਨ ਅਗਲੀ ਬੱਸ ਬੇਕਾਬੂ ਹੋ ਕਿ ਟਰੱਕ ਦੇ ਪਿਛੇ ਟਕਰਾ ਗਈ। 
ਇਸ ਹਾਦਸੇ ਕਾਰਨ ਦੋਵੇਂ ਬੱਸਾਂ ਵਿਚ ਸਵਾਰ ਛੋਟੇ-ਛੋਟੇ ਬੱਚੇ ਧੱਕਾ ਲੱਗਣ ਕਾਰਨ ਸੀਟਾਂ ਨਾਲ ਟਕਰਾਉਣ ਕਾਰਨ ਘਬਰਾ ਗਏ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਬੱਚਿਆਂ ਨੂੰ ਬੱਸਾਂ ਚੋਂ ਬਾਹਰ ਕੱਢਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ ਉਪਰ ਏ.ਐੱਸ.ਆਈ. ਸੋਹਣ ਸਿੰਘ ਅਤੇ ਹੌਲਦਾਰ ਜੁਝਾਰ ਸਿੰਘ ਵੀ ਘਟਨਾ ਸਥਾਨ ’ਤੇ ਪਹੁੰਚ ਗਏ ਤੇ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਂਦੀ। ਕਈ ਬੱਚਿਆਂ ਦੇ ਮਾਤਾ-ਪਿਤਾ ਵੀ ਇਸ ਹਾਦਸੇ ਬਾਰੇ ਪਤਾ ਲੱਗਣ ਤੋਂ ਬਾਅਦ ਮੌਕੇ ਉਪਰ ਪਹੁੰਚ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਬੱਚੇ ਦਾ ਦੰਦ ਟੁੱਟ ਗਿਆ ਹੈ ਅਤੇ ਇੱਕ ਦੇ ਹੱਥ ਅੰਗੂਠੇ ਤੇ ਸੱਟ ਲੱਗੀ ਹੈ ਜੋ ਕਿ ਦਰਦ ਨਾਲ ਰੋ ਰਹੇ ਸਨ। ਕੁਝ ਲੋਕਾਂ ਨੇ ਕਿਹਾ ਕਿ ਇਨ੍ਹਾਂ  ’ਚੋਂ ਇਕ ਬੱਸ ਦਾ ਮਾਡਲ 1991-92 ਦਾ ਹੈ ਜਿਸ ਨੂੰ ਬਦਲਣ ਦੀ ਲੋਡ਼ ਹੈ। ਇਸ ਬਾਰੇ ਉਹ ਪਹਿਲਾ ਵੀ ਮੰਗ ਕਰ ਚੁੱਕੇ ਹਨ। ਮੌਕੇ ’ਤੇ  ਪੁੱਜੇ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੇ ਹੋਰ ਬੱਸਾਂ ਦਾ ਪ੍ਰਬੰਧ ਕਰਕੇ ਬੱਚਿਆਂ ਨੂੰ ਉਨ੍ਹਾਂ  ਦੇ ਘਰ ਭੇਜਿਆ। 
 ਕੀ ਕਹਿਣਾ ਹੈ ਜਾਂਚ ਅਧਿਕਾਰੀ ਦਾ- ਇਸ ਬਾਰੇ ਜਦੋਂ ਏ.ਐੱਸ.ਆਈ. ਸੋਹਣ ਸਿੰਘ ਥਾਣਾ ਸ੍ਰੀ ਕੀਰਤਪੁਰ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ  ਕਿਹਾ ਕਿ ਇਹ ਹਾਦਸਾ ਅਚਾਨਕ ਵਾਪਰਿਆ ਹੈ। ਇਸ ’ਚ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਹੈ। ਇਸ ਹਾਦਸੇ ’ਚ ਕਿਸੇ ਵੀ ਵਿਦਿਆਰਥੀ ਨੂੰ ਕੋਈ ਸੱਟ ਚੋਟ ਨਹੀਂ ਲੱਗੀ ਹੈ ਤੇ ਨਾ ਹੀ ਕਿਸੇ ਨੇ ਪੁਲਸ ਨੂੰ ਕੋਈ ਸ਼ਿਕਾਇਤ ਕੀਤੀ ਹੈ। ਇਸ ਲਈ ਪੁਲਸ ਵੱਲੋਂ ਕਿਸੇ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।
 ਕੀ ਕਹਿਣਾ ਹੈ ਪ੍ਰਿੰਸੀਪਲ ਦਾ- ਇਸ ਬਾਰੇ ਮੌਕੇ ਉਪਰ ਪੁੱਜੇ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਤਨਾਮ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ  ਕਿਹਾ ਕਿ ਇਹ ਹਾਦਸਾ ਅਚਾਨਕ ਵਾਪਰਿਆ ਹੈ। ਦੋਵੇਂ ਬੱਸਾਂ ’ਚ ਸਵਾਰ ਸਾਰੇ ਬੱਚੇ ਠੀਕ-ਠਾਕ ਹਨ।  ਫਿਰ ਵੀ ਉਹ ਇੱਕ ਬੱਸ ਦੇ ਡਰਾਇਵਰ ਨੂੰ ਫ਼ਾਰਗ ਕਰਨ ਜਾ ਰਹੇ ਹਨ।
 


Related News